ਮੁਕਤਸਰ ਸਾਹਿਬ : ਲੋਹੜੀ ਦਾ ਤਿਉਹਾਰ ਅੱਜ ਚਾਰੇ ਪਾਸੇ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸੂਬੇ ਅੰਦਰ ਪੈ ਰਹੀ ਬਾਰਿਸ਼ ਨੇ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਅੱਜ ਮਾਘੀ ਤੋਂ ਪਹਿਲਾਂ ਸੂਬੇ ਦੇ ਹੋਰਨਾਂ ਇਲਾਕਿਆਂ ਦੇ ਨਾਲ ਨਾਲ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ‘ਚ ਵੀ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਉੱਤਰੀ ਰਾਜਾਂ ਵਿੱਚ ਆਉਣ ਵਾਲੇ ਹਫਤੇ ਦੌਰਾਨ ਲਗਾਤਾਰ ਵਰਖਾ ਤੇ ਠੰਢ ਵਾਲਾ ਮਾਹੌਲ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨੀ ਸੁਰਿੰਦਰ ਪਾਲ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਹੋ ਰਿਹਾ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਭਾਰੀ ਵਰਖਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਵਰਖਾ ਮਨੁੱਖੀ ਸਿਹਤ ਅਤੇ ਫਸਲਾਂ ਲਈ ਵਰਦਾਨ ਸਾਬਤ ਹੋਵੇਗੀ।
ਇੱਧਰ ਦੂਜੇ ਪਾਸੇ ਮੁਕਤਸਰ ਸਾਹਿਬ ਅੰਦਰ ਕੱਲ੍ਹ ਤੋਂ ਮਾਘੀ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ। ਪਰ ਇਸ ਦੌਰਾਨ ਮੌਸਮ ਨੇ ਕਰਵਟ ਲੈ ਲਈ ਹੈ। ਇਸ ਤੋਂ ਪਹਿਲਾਂ ਬੀਤੀ ਕੱਲ੍ਹ ਪੰਜਾਬ ਅੰਦਰ ਦਿਨ ਦਾ ਤਾਪਮਾਨ ਸਭ ਤੋਂ ਜਿਆਦਾ 18.7 ਡਿਗਰੀ ਅਤੇ ਸਭ ਤੋਂ ਘੱਟ 9.7 ਰਿਕਾਰਡ ਕੀਤਾ ਗਿਆ।