ਕੈਪਟਨ ਨੇ ਹੁਣ ਪਰਗਟ ਸਿੰਘ ਦੇ ਬਿਆਨਾਂ ਨੂੰ ਭੰਡਿਆ, ਦੱਸਿਆ ਬਕਵਾਸ !

TeamGlobalPunjab
3 Min Read

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ ‘ਤੇ ਲਗਾਤਾਰ ਠੋਕਵੇਂ ਜਵਾਬ ਦੇ ਰਹੇ ਹਨ। ਐਤਵਾਰ ਨੂੰ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕੈਪਟਨ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਉਸ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ, ਜਿਸ ਵਿੱਚ ਪਰਗਟ ਸਿੰਘ ਨੇ ਝੋਨੇ ਦੀ ਖ਼ਰੀਦ ਵਿੱਚ ਦੇਰੀ ਪਿੱਛੇ ਕਾਰਨ ਕੈਪਟਨ ਦਾ ਦਿੱਲੀ ਦੌਰਾ ਦੱਸਿਆ ਸੀ।

ਦਰਅਸਲ ਪਰਗਟ ਸਿੰਘ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਇਹ ਕਿਹਾ ਸੀ ਕਿ ਕੇਂਦਰ ਨੇ ਝੋਨੇ ਦੀ ਖਰੀਦ ਨੂੰ ਅੱਗੇ ਪਾਉਣ ਦਾ ਫੈਸਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਬਾਅਦ ਲਿਆ ਹੈ, ਇਸ ਪਿੱਛੇ ਪਰਗਟ ਸਿੰਘ ਨੇ ਕੈਪਟਨ ਦੇ ਭਾਜਪਾ ਨਾਲ ਰਲੇ ਹੋਣ ਦੀ ਗੱਲ ਆਖੀ ਸੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਗਟ ਸਿੰਘ ਦੇ ਬਿਆਨਾਂ ਨੂੰ ਬਕਵਾਸ ਅਤੇ ਗੈਰ ਜ਼ਿੰਮੇਵਾਰਾਨਾ ਦੱਸਿਆ ਹੈ।

ਰਵੀਨ ਠੁਕਰਾਲ ਵੱਲੋਂ ਕੀਤੇ ਗਏ ਟਵੀਟ ਵਿੱਚ ਕੈਪਟਨ ਨੇ ਪਰਗਟ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਹੈ, ਇਹ ਸਭ ਬਕਵਾਸ ਹੈ। ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪੰਜਾਬ ਦੇ ਲੋਕ ਵਿਸ਼ਵਾਸ ਕਰਨਗੇ ਕਿ ਮੈਂ ਕਦੇ ਵੀ ਭਾਜਪਾ ਨਾਲ ਮਿਲ ਕੇ ਖਰੀਦ ਵਿੱਚ ਦੇਰੀ ਕਰਾਂਗਾ?  ਕੀ ਤੁਸੀਂ ਭੁੱਲ ਗਏ ਹੋ ਕਿ ਕੇਂਦਰ ਦੇ ਫ਼ੈਸਲੇ ਨੇ ਭਾਜਪਾ ਦੀ ਅਗਵਾਈ ਵਾਲੇ ਹਰਿਆਣਾ ਨੂੰ ਵੀ ਪ੍ਰਭਾਵਿਤ ਕੀਤਾ ? ਜਾਂ ਕੀ ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਲਈ ਬਿਲਕੁਲ ਨਾਦਾਨ ਹੋ? ‘

- Advertisement -

ਇੱਕ ਹੋਰ ਟਵੀਟ ਵਿੱਚ ਕੈਪਟਨ ਨੇ ਪਰਗਟ ਸਿੰਘ ਵਲੋਂ ਲਗਾਏ ਇਲਜ਼ਾਮਾਂ ਦਾ ਸਬੂਤ ਮੰਗਿਆ ਹੈ।

‘ਕੀ ਤੁਹਾਡੇ ਕੋਲ ਇਨ੍ਹਾਂ ਝੂਠਾਂ ਦਾ ਕੋਈ ਸਬੂਤ ਹੈ ? ਜਾਂ ਕੀ ਤੁਸੀਂ ਇੰਨੇ ਗੈਰ ਜ਼ਿੰਮੇਵਾਰਾਨਾ ਹੋ ਕਿ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਇਨ੍ਹਾਂ ਕੂੜਾ ਗੱਲਾਂ ਦਾ ਲੋਕ ਵਿਸ਼ਵਾਸ ਕਰ ਲੈਣਗੇ? ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ ਅਤੇ ਜਾਣਦੇ ਹਨ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ ਅਤੇ ਖੜਾ ਰਹਾਂਗਾ। ਮੈਂ ਸਾਬਕਾ ਭਾਰਤੀ ਹਾਕੀ ਕਪਤਾਨ ਤੋਂ ਇਮਾਨਦਾਰੀ ਦੀ ਉਮੀਦ ਕਰਦਾ ਹਾਂ।’

- Advertisement -

ਕੈਪਟਨ ਵੱਲੋਂ ਆਏ ਇਸ ਤਿੱਖੇ ਪ੍ਰਤੀਕਰਮ ‘ਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਕੀ ਪ੍ਰਤੀਕ੍ਰਿਆ ਆਉਂਦੀ ਹੈ, ਇਹ ਵੇਖਣਾ ਹੋਵੇਗਾ। ਫਿਲਹਾਲ ਕੈਪਟਨ ਹਰ ਮੋਰਚੇ ‘ਤੇ ਨਵਜੋਤ ਸਿੱਧੂ ਅਤੇ ਸਾਥੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ‘ਤੇ ਠੋਕਵੇਂ ਜਵਾਬ ਦੇ ਰਹੇ ਹਨ।

-ਵਿਵੇਕ ਸ਼ਰਮਾ

Share this Article
Leave a comment