ਪੰਜਾਬ ਸੈਰ-ਸਪਾਟਾ ਵਿਭਾਗ ‘ਚ ਵੱਡਾ ਘੁਟਾਲਾ: ਮੁਨਾਫ਼ੇ ‘ਚ ਚੱਲ ਰਿਹਾ ਅੰਮ੍ਰਿਤਸਰ ਦਾ ਇੰਟਰਨੈਸ਼ਨਲ ਹੋਟਲ ਕੌਡੀਆਂ ਦੇ ਭਾਅ ਵੇਚਿਆ! ਵਿਜੀਲੈਂਸ ਜਾਂਚ ਦੀ ਸਿਫ਼ਾਰਸ਼

Global Team
3 Min Read

ਚੰਡੀਗੜ੍ਹ: ਪੰਜਾਬ ਸੈਰ-ਸਪਾਟਾ ਵਿਭਾਗ ਅਤੇ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (PTDC) ਦੇ ਕੰਮਕਾਜ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਵਿਧਾਨ ਸਭਾ ਦੀ ਸਰਕਾਰੀ ਵਪਾਰ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਵਿਭਾਗ ਨੇ ਅੰਮ੍ਰਿਤਸਰ ਦੇ ‘ਇੰਟਰਨੈਸ਼ਨਲ ਹੋਟਲ’ ਨੂੰ ਬਹੁਤ ਘੱਟ ਕੀਮਤ ‘ਤੇ ਵੇਚ ਦਿੱਤਾ, ਜਦੋਂ ਕਿ ਉਹ ਹੋਟਲ ਵਿਕਣ ਤੋਂ ਕੁਝ ਸਾਲ ਪਹਿਲਾਂ ਤੱਕ ਕਰੋੜਾਂ ਦੇ ਮੁਨਾਫ਼ੇ ਵਿੱਚ ਚੱਲ ਰਿਹਾ ਸੀ।

ਮੁਨਾਫ਼ਾ ਦੇਣ ਵਾਲਾ ਹੋਟਲ ਸਿਰਫ਼ 51 ਕਰੋੜ ‘ਚ ਵਿਕਿਆ

ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਇਸ ਹੋਟਲ ਨੇ ਸਾਲ 2003 ਤੋਂ 2005 ਦੇ ਦਰਮਿਆਨ 31.16 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਸੀ। ਇਸ ਦੇ ਬਾਵਜੂਦ 4 ਜਨਵਰੀ 2007 ਨੂੰ ਇਸ ਨੂੰ ਮਹਿਜ਼ 51 ਕਰੋੜ ਰੁਪਏ ਵਿੱਚ ‘ਮੈਸਰਜ਼ ਸਾਂਗਰ ਫਿਨ ਲੀਜ਼’ ਨੂੰ ਵੇਚ ਦਿੱਤਾ ਗਿਆ। ਕਮੇਟੀ ਨੇ ਸਵਾਲ ਉਠਾਇਆ ਹੈ ਕਿ ਜੋ ਹੋਟਲ ਇੰਨਾ ਮੁਨਾਫ਼ਾ ਦੇ ਰਿਹਾ ਸੀ, ਉਸ ਨੂੰ ਵੇਚਣ ਦੀ ਲੋੜ ਕਿਉਂ ਪਈ?

ਰਿਕਾਰਡ ਹੀ ਗਾਇਬ: ਕਮੇਟੀ ਦੀਆਂ ਸਖ਼ਤ ਟਿੱਪਣੀਆਂ

ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਵਿਭਾਗ ਕੋਲ ਇਸ ਵਿਕਰੀ ਨਾਲ ਸਬੰਧਤ ਕੋਈ ਪੁਖ਼ਤਾ ਰਿਕਾਰਡ ਹੀ ਮੌਜੂਦ ਨਹੀਂ ਹੈ। ਵਿਭਾਗ ਇਹ ਦੱਸਣ ਵਿੱਚ ਅਸਮਰੱਥ ਰਿਹਾ ਕਿ ਹੋਟਲ ਵੇਚਣ ਲਈ ਇਸ਼ਤਿਹਾਰ ਕਿਹੜੇ ਅਖ਼ਬਾਰਾਂ ਵਿੱਚ ਦਿੱਤੇ ਗਏ ਸਨ। ਬੋਲੀ ਵਿੱਚ ਕਿੰਨੇ ਖਰੀਦਦਾਰ ਸ਼ਾਮਲ ਹੋਏ ਸਨ, ਇਸ ਦਾ ਵੀ ਕੋਈ ਪਤਾ ਨਹੀਂ ਹੈ। ਜਦੋਂ ਅਧਿਕਾਰੀਆਂ ਕੋਲੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਗੜਬੜੀਆਂ 2007 ਤੋਂ 2011 ਦੇ ਸਮੇਂ ਦੌਰਾਨ ਹੋਈਆਂ। ਇਨ੍ਹਾਂ ਪੰਜ ਸਾਲਾਂ ਵਿੱਚ ਸੈਰ-ਸਪਾਟਾ ਵਿਭਾਗ ਦੀਆਂ ਸਭ ਤੋਂ ਵੱਧ ਜਾਇਦਾਦਾਂ ਵੇਚੀਆਂ ਗਈਆਂ। ਸਾਲ 2009 ਵਿੱਚ ਕਾਰਪੋਰੇਸ਼ਨ ਦੀਆਂ ਵਪਾਰਕ ਗਤੀਵਿਧੀਆਂ ਅਚਾਨਕ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ।

ਹੋਰ ਵੀ ਕਈ ਜਾਇਦਾਦਾਂ ਬੰਦ ਪਈਆਂ

ਸਿਰਫ਼ ਹੋਟਲ ਹੀ ਨਹੀਂ, ਸਗੋਂ ਕਈ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਦੀਆਂ ਜ਼ਮੀਨਾਂ ਅਤੇ ‘ਹੋਲੀਡੇ ਹੋਮ’ ਵੀ ਬੰਦ ਪਏ ਹਨ। ਕਮੇਟੀ ਅਨੁਸਾਰ ਇਨ੍ਹਾਂ ਨੂੰ ਲੀਜ਼ ‘ਤੇ ਦੇ ਕੇ ਸਰਕਾਰ ਦੀ ਆਮਦਨ ਵਧਾਈ ਜਾ ਸਕਦੀ ਸੀ, ਪਰ ਇਨ੍ਹਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ।

ਕਮੇਟੀ ਨੇ ਇਸ ਨੂੰ ਇੱਕ ਗੰਭੀਰ ਮਾਮਲਾ ਮੰਨਦਿਆਂ ਵਿਜੀਲੈਂਸ ਜਾਂਚ (Vigilance Probe) ਦੀ ਸਿਫ਼ਾਰਸ਼ ਕੀਤੀ ਹੈ। ਜਾਂਚ ਤੋਂ ਬਾਅਦ ਇਸ ਘੁਟਾਲੇ ਵਿੱਚ ਸ਼ਾਮਲ ਕਈ ਵੱਡੇ ਅਧਿਕਾਰੀਆਂ ‘ਤੇ ਗਾਜ਼ ਡਿੱਗ ਸਕਦੀ ਹੈ।

 

Share This Article
Leave a Comment