ਜਗਤਾਰ ਸਿੰਘ ਸਿੱਧੂ;
ਅੱਜ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਮੰਗਾਂ ਦੀ ਪੂਰਤੀ ਨੂੰ ਲੈਕੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਦੇ ਵੱਖ ਵੱਖ-ਵੱਖ ਵਰਗਾਂ ਵਲੋਂ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਮਿਲੀ । ਇਹ ਵੀ ਅਹਿਮ ਹੈ ਕਿ ਬੇਸ਼ਕ ਬੰਦ ਦਾ ਸੱਦਾ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਹੀ ਦਿੱਤਾ ਹੋਇਆ ਸੀ ਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਬੰਦ ਦੀ ਹਮਾਇਤ ਕੀਤੀ ਗਈ ।ਸ਼ਹਿਰਾਂ ਅਤੇ ਕਸਬਿਆਂ ਅੰਦਰ ਵਪਾਰਿਕ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਸਰਕਾਰੀ ਦਫ਼ਤਰਾਂ ਅੰਦਰ ਵੀ ਹਾਜ਼ਰੀ ਤੋਂ ਬੰਦ ਦੇ ਸੱਦੇ ਦਾ ਪ੍ਰਭਾਵ ਪ੍ਰਤੱਖ ਨਜ਼ਰ ਆ ਰਿਹਾ ਸੀ। ਅਸਲ ਵਿੱਚ ਪੰਜਾਬ ਅੰਦਰ ਬਹੁਤ ਅਰਸੇ ਬਾਅਦ ਐਨਾ ਪ੍ਰਭਾਵਸ਼ਾਲੀ ਹੁੰਗਾਰਾ ਬੰਦ ਨੂੰ ਵੇਖਣ ਨੂੰ ਮਿਲਿਆ ਹੈ । ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਬੰਦ ਨੇ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਉੱਤਰੀ ਭਾਰਤ ਦੇ ਸੂਬਿਆਂ ਨੂੰ ਪ੍ਰਭਾਵਤ ਕੀਤਾ ਹੈ। ਇਸ ਦਾ ਸਪੱਸ਼ਟ ਜਿਹਾ ਵੱਡਾ ਕਾਰਨ ਇਹ ਵੀ ਹੈ ਕਿ ਕਾਫੀ ਵੱਡੀ ਗਿਣਤੀ ਵਿੱਚ ਰੇਲਾਂ ਰੱਦ ਹੋਈਆਂ ਅਤੇ ਇਸ ਦਾ ਅਸਰ ਹਰਿਆਣਾ ਸਮੇਤ ਕਈ ਸੂਬਿਆਂ ਉੱਤੇ ਪਿਆ ਹੈ ।ਦੂਜੇ ਸੂਬਿਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਪੰਜਾਬ ਵਿੱਚ ਸੜਕੀ ਆਵਾਜਾਈ ਤਾਂ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਮੁਕੰਮਲ ਤੌਰ ਤੇ ਠੱਪ ਰਹੀ। ਕਿਸਾਨਾਂ ਵੱਲੋਂ ਪੰਜਾਬ ਦੇ ਆਵਾਜਾਈ ਵਾਲੇ ਸਾਰੇ ਮੁੱਖ ਮਾਰਗਾਂ ਦੀ ਮੁਕੰਮਲ ਨਾਕਾਬੰਦੀ ਕੀਤੀ ਹੋਈ ਸੀ । ਇਸੇ ਤਰ੍ਹਾਂ ਪਿੱਛੇ ਤੋਂ ਹੀ ਰੇਲ ਗੱਡੀਆਂ ਰੱਦ ਹੋਣ ਕਾਰਨ ਪੰਜਾਬ ਵਿੱਚ ਤਾਂ ਮੁਕੰਮਲ ਤੌਰ ਉੱਤੇ ਰੇਲ ਸੇਵਾਵਾਂ ਠੱਪ ਰਹੀਆਂ ਸਗੋਂ ਹਰਿਆਣਾ ਦਾ ਵੱਡਾ ਰੇਲਵੇ ਜੰਕਸ਼ਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ।ਕਿਸਾਨ ਜਥੇਬੰਦੀਆਂ ਵੱਲੋਂ ਕਈ ਦਿਨ ਪਹਿਲਾਂ ਹੀ ਪੰਜਾਬ ਬੰਦ ਦਾ ਐਲਾਨ ਹੋਣ ਕਾਰਨ ਆਮ ਤੌਰ ਤੇ ਲੋਕ ਸਫ਼ਰ ਲਈ ਨਿਕਲੇ ਹੀ ਨਹੀਂ ਸਨ ਪਰ ਫਿਰ ਵੀ ਕੁਝ ਲੋਕ ਤਾਂ ਮਜਬੂਰੀ ਵਿੱਚ ਘਰਾਂ ਤੋਂ ਸਫ਼ਰ ਲਈ ਨਿਕਲੇ ਸਨ ਅਤੇ ਕਈ ਬੰਦ ਬਾਰੇ ਅਣਜਾਣ ਸਨ ਜਾਂ ਹੋਰਾਂ ਸੂਬਿਆਂ ਦੇ ਸਨ।ਕਈ ਥਾਵਾਂ ਤੇ ਲੋਕਾਂ ਨੇ ਲ਼ੰਗਰ ਵੀ ਲਾਏ ਹੋਏ ਸਨ ਜਿਥੇ ਰੁਕੇ ਹੋਏ ਮੁਸਾਫ਼ਿਰ ਲੰਗਰ ਛਕ ਰਹੇ ਸਨ।
ਪੰਜਾਬ ਬੰਦ ਦੌਰਾਨ ਮੀਡੀਆ ਦੀ ਭੂਮਿਕਾ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਇਹ ਸਹੀ ਹੈ ਕਿ ਮੀਡੀਆ ਵਲੋਂ ਬੰਦ ਦੇ ਵੱਖ ਵੱਖ ਪਹਿਲੂਆਂ ਨੂੰ ਆਪਣੇ ਦਰਸ਼ਕਾਂ ਨੂੰ ਵਿਖਾਇਆ ਗਿਆ ।ਦੂਜੇ ਪਾਸੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉੱਤੇ ਰੁਕੇ ਲੋਕਾਂ ਬਾਰੇ ਮੀਡੀਆ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਸੀ ਜਿਵੇਂ ਕਿਸਾਨ ਹੀ ਮੁਸਾਫ਼ਰਾਂ ਦੀ ਮੁਸ਼ਕਲ ਲਈ ਜ਼ਿੰਮੇਵਾਰ ਹਨ । ਵਾਰ ਵਾਰ ਇਹ ਦਿਖਾਇਆ ਜਾ ਰਿਹਾ ਸੀ ਕਿ ਬੰਦ ਕਾਰਨ ਖੱਜਲ ਖੁਆਰੀ ਹੋ ਰਹੀ ਹੈ। ਪਰ ਅਸਲੀਅਤ ਇਹ ਹੈ ਕਿ ਜਰੂਰੀ ਸੇਵਾਵਾਂ ਬਹਾਲ ਰਹੀਆਂ ਅਤੇ ਵਿਆਹ ਸ਼ਾਦੀਆਂ ਵਾਲੇ ਪਰਿਵਾਰਾਂ ਨੂੰ ਕਿਸਾਨਾਂ ਨੇ ਖੁਸ਼ੀ ਨਾਲ ਲੰਘਣ ਦਿੱਤਾ ।
ਇਹ ਵੀ ਅਹਿਮ ਹੈ ਕਿ ਅੰਦੋਲਨਕਾਰੀ ਜਿਥੇ ਪੰਜਾਬ ਬੰਦ ਕਰਵਾ ਰਹੇ ਸਨ ਉਥੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਪਹਿਰੇਦਾਰੀ ਵੀ ਕਰ ਰਹੇ ਸਨ। ਅੱਜ ਵੀ ਪੁਲਿਸ ਅਧਿਕਾਰੀਆਂ ਨੇ ਡੱਲੇਵਾਲ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਖਨੌਰੀ ਬਾਰਡਰ ਤੇ ਗੱਲਬਾਤ ਕੀਤੀ ਪਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ।ਖਨੌਰੀ ਬਾਰਡਰ ਦੇ ਦੁਆਲੇ ਸ਼ਾਮ ਤੱਕ ਪੁਲੀਸ ਦਾ ਘੇਰਾ ਹੋਰ ਵੀ ਸਖ਼ਤ ਹੋ ਗਿਆ ਸੀ ਅਤੇ ਕਿਸਾਨਾਂ ਨੂੰ ਕਿਸੇ ਵੱਡੀ ਕਾਰਵਾਈ ਦਾ ਵੀ ਖ਼ਦਸ਼ਾ ਹੈ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਸੰਪਰਕ/ 9814002186