ਕੀ ਯੂਕਰੇਨ ਨੂੰ ਮੋਹਰਾ ਬਣਾ ਰਿਹਾ ਹੈ ਅਮਰੀਕਾ!

TeamGlobalPunjab
5 Min Read

ਬਿੰਦੂ ਸਿੰਘ

ਕੀ ਰੂਸ ਯੂਕਰੇਨ ਦੀ ਜੰਗਬੰਦੀ ਲਈ ਸਿਆਪੇ ਦੀ ਜੜ੍ਹ ਅਮਰੀਕਾ ਹੈ! ਜਦੋਂ  1991 ‘ਚ ਸੋਵੀਅਤ ਸੰਘ  ਟੁੱਟਿਆ ਸੀ  ਤੇ ਅਮਰੀਕਾ ਵੱਲੋਂ  ਇਹ ਕਿਹਾ ਗਿਆ ਸੀ ਕਿ  ਇਨ੍ਹਾਂ ਵਿੱਚੋਂ ਕੋਈ ਇੱਕ ਵੀ ਮੁਲਕ ਨਾਟੋ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਤਲਬ ਕਿ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ  ਆਜ਼ਾਦ ਮੁਲਕ ਬਣੇ  ਕਿਸੇ ਵੀ ਮੁਲਕ ਨੂੰ  ਨਾਟੋ ਦਾ ਮੈਂਬਰ ਨਹੀਂ ਬਣਾਇਆ ਜਾਏਗਾ।

ਪਰ ਬਾਵਜੂਦ ਇਸ ਕੀਤੇ ਗਏ ਫ਼ੈਸਲੇ ਦੇ ਉਲਟ Baltic states ਪੋਲੈਂਡ, ਅਲਬਾਨੀਆ, ਰੋਮਾਨੀਆ ਤੇ  ਬੁਲਗਾਰੀਆ ਅਤੇ ਹੋਰ ਤਿੰਨ ਚਾਰ ਸਾਬਕਾ ਸੋਵੀਅਤ ਯੂਨੀਅਨ ਦੇਸ਼ ਨਾਟੋ (NATO) ਦਾ ਹਿੱਸਾ ਬਣ ਗਏ ਸਨ।

ਇਸੇ ਕੜੀ ਵਿੱਚ ਯੂਕਰੇਨ ਵੀ ਨਾਟੋ ਮੈਂਬਰ ਬਣਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਜਿਸ ਨੂੰ ਲੈ ਕੇ ਰੂਸ ਸਹਿਮਤ ਨਹੀਂ ਹੈ।ਯੂਕਰੇਨ ‘ਚ ਇੰਡਸਟਰੀ  ਅਤੇ ਕੁਦਰਤੀ ਸੋਮੇ ਹਨ। ਸਟੀਲ,ਕੋਲੇ  ਤੇ ਤੇਲ  ਦਾ ਵੱਡਾ ਬਾਜ਼ਾਰ ਹੈ।  ਹੁਣ ਯੂਕਰੇਨ ਤੇ ਰੂਸ ਦੀ ਇੰਡਸਟਰੀ  ਇੱਕ ਦੂਜੇ ਤੇ ਪੂਰੀ ਤਰ੍ਹਾਂ ਨਿਰਭਰ ਹਨ।

- Advertisement -

ਵਿਸ਼ਵ ਪੱਧਰ ਤੇ  ਤੇਜ਼ੀ ਨਾਲ ਹੋ ਰਹੇ ਵਿਕਾਸ ਤੇ ਆਧੁਨਿਕਤਾ  ਦੀ ਵਜ੍ਹਾ ਕਰਕੇ  ਵੱਡੀਆਂ ਤਾਕਤਾਂ ਵਾਲੇ ਮੁਲਕਾਂ ਸਮੇਤ  ਦੁਨੀਆਂ ਦੇ ਸਾਰੇ ਮੁਲਕ  ਕਿਸੇ ਨਾ ਕਿਸੇ ਤਰੀਕੇ  ਇੱਕ ਦੂਜੇ ਤੇ ਨਿਰਭਰ ਹਨ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿੰਨਾ ਵੀ ਤਾਕਤਵਰ ਮੁਲਕ ਜੇਕਰ ਲੜਾਈ ਜਾਂ  ਜੰਗ ‘ਚ ਉਲਝ ਜਾਂਦਾ ਹੈ ਤਾਂ ਆਰਥਿਕ ਤੌਰ ਤੇ ਕਮਜ਼ੋਰ ਹੋਣ ਤੇ ਸੱਟ ਵੱਜਣੀ ਲਾਜ਼ਮੀ ਹੈ।

ਮੌਜੂਦਾ ਹਾਲਾਤਾਂ ‘ਚ  ਰੂਸ ਤੇ ਲਾਈਆਂ ਜਾ ਰਹੀਆਂ ਪਾਬੰਦੀਆਂ,  ਦੂਜੇ ਦੇਸ਼ਾਂ ਦੇ ਨਾਲ ਵਿਉਪਾਰ ਕਰਨ ਤੇ ਪਾਬੰਦੀ ਅਤੇ ਹੁਣ ਰੂਸ ਦੇ ਬੈਂਕਾਂ ਲਈ ਜਾਰੀ ਕੀਤੀਆਂ ਪਾਬੰਦੀਆਂ  ਵਰਗੀਆਂ ਗੱਲਾਂ ਆਰਥਿਕ ਤੌਰ ਤੇ ਕਮਜ਼ੋਰ ਕਰਨ ਵੱਲ  ਚੁੱਕਿਆ ਕਦਮ ਹੈ।

ਜੇਕਰ ਯੂਕਰੇਨ ਨਾਟੋ ਦਾ ਹਿੱਸਾ ਬਣ ਜਾਂਦਾ ਹੈ  ਤਾਂ ਅਮਰੀਕਾ ਰੂਸ ਦੀ ਰਾਜਧਾਨੀ ਤੋਂ    ਤਕਰੀਬਨ ਸਾਢੇ ਛੇ ਸੌ ਕਿਲੋਮੀਟਰ ਦੂਰੀ ਤੇ ਹੀ ਰਹਿ ਜਾਂਦਾ ਹੈ। ਜਦੋਂ ਵੀ ਕੋਈ ਮੁਲਕ  ਦੂਜੇ ਮੁਲਕ ਤੇ ਹਮਲਾ ਜਾਂ ਘੇਰਾਬੰਦੀ  ਕਰਨ ਦਾ ਮਨਸੂਬਾ  ਬਣਾਉਂਦਾ ਹੈ ਤਾਂ ਇਹ  ਲਾਜ਼ਮੀ ਹੈ  ਕਿ ਘੇਰਾਬੰਦੀ ਕਰਨ ਵਾਲੇ ਮੁਲਕ ਦੀ ਰਾਜਧਾਨੀ ਨੂੰ ਹੀ ਕੇਂਦਰ ਬਿੰਦੂ ਚ ਰੱਖ ਕੇ  ਦਬਾਅ ਬਣਾਓਣ ਦੀ ਕੋਸ਼ਿਸ਼ ਕਰਦਾ ਹੈ। ਅਮਰੀਕਾ ਰੂਸ ਦਾ ਦੂਰੋਂ ਨੇਡ਼ਿਓਂ ਵਿਰੋਧ ਕਰਨ ਬਾਰੇ ਲੰਮੇ ਸਮੇਂ ਤੋਂ ਲੋਚਦਾ ਰਿਹਾ ਹੈ।

ਮੌਜੂਦਾ ਹਾਲਾਤਾਂ ਵਿੱਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਵੱਲ ਫ਼ੌਜਾਂ ਦਾ ਮੂੰਹ ਕਰ ਦਿੱਤਾ ਹੈ  ਤੇ ਇਹ ਵੀ ਕਿਹਾ ਹੈ ਕਿ  ਜੇਕਰ ਯੂਕਰੇਨ  ਆਤਮ ਸਮਰਪਣ ਕਰਦਾ ਹੈ ਤਾਂਹੀਓ ਟੇਬਲ ਤੇ ਬਹਿ ਕੇ ਗੱਲਬਾਤ ਬਾਰੇ ਸੋਚਿਆ ਜਾ ਸਕਦਾ ਹੈ।

- Advertisement -

ਰੂਸ ਦੇ ਰਾਸ਼ਟਰਪਤੀ  ਵਲਾਦੀਮੀਰ ਪੁਤਿਨ ਨੇ ਕੁਝ ਦਿਨ ਪਹਿਲਾਂ  ਆਪਣੇ ਭਾਸ਼ਣ ਵਿੱਚ  ਇਹ ਗੱਲ ਸਾਫ ਕਰ ਦਿੱਤੀ ਸੀ  ਕਿ ਜੇਕਰ ਕੋਈ ਵੀ ਮੁਲਕ ਇਸ ਵਕਤ ਉਨ੍ਹਾਂ ਨਾਲ ਜੰਗ ‘ਚ ਉਲਝੇਗਾ ਤਾਂ ਉਨ੍ਹਾਂ ਵੱਲੋਂ ਇਹ ਗੱਲ ਸਾਫ਼ ਹੈ ਕਿ ਨਤੀਜੇ ਬਹੁਤ ਮਾੜੇ ਹੋ ਸਕਦੇ ਹਨ ਤੇ ਇਤਿਹਾਸ ਵਿੱਚ ਵੀ ਅਜਿਹੇ ਨਤੀਜੇ ਪਹਿਲਾਂ ਕਦੀ ਨਹੀਂ ਦਰਜ ਹੋਏ ਹੋਣਗੇ।

ਇਸ ਤੋਂ ਇਹ ਵੀ ਇੱਕ ਗੱਲ ਸਪਸ਼ਟ ਹੈ  ਕਿ ਰੂਸ ਦੇ ਰਾਸ਼ਟਰਪਤੀ  ਪੁਤਿਨ ਨੇ ਇਸ ਵਕਤ ਕਾਫ਼ੀ ਸਖ਼ਤ ਰਵੱਈਆ ਅਖਤਿਆਰ ਕੀਤਾ ਹੋਇਆ ਹੈ।

ਇਸ ਦੇ ਨਾਲ ਹੀ ਤਾਜ਼ਾ ਤਰੀਨ  ਖਬਰਾਂ ਮੁਤਾਬਕ  ਪੂਤਿਨ ਨੇ  ਪ੍ਰਮਾਣੂ ਹਥਿਆਰਾਂ ਨੂੰ  ਹਾਈ ਅਲਰਟ ਤੇ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦਾ ਮਤਲਬ ਹੈ ਕਿ ਰੂਸ ਨੇ ਪਰਮਾਣੂ ਹਥਿਆਰਾਂ ਨੂੰ ਤਿਆਰ ਬਰ ਤਿਆਰ  ਰੱਖਣ ਦੇ ਆਪਣੀ ਫੌਜਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ।

ਇਕਦਮ ਤੇਜ਼ੀ ਨਾਲ ਹੋਈ ਇਸ ਘਟਨਾ ਦੇ ਪਿੱਛੇ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ  ਵੱਲੋਂ ਰੂਸ ਤੇ ਲਾਈਆਂ ਜਾਣ ਵਾਲੀਆਂ ਆਰਥਿਕ ਪਾਬੰਦੀਆਂ ਨੂੰ ਵੀ ਵੇਖਿਆ ਜਾ ਰਿਹਾ ਹੈ। ਅਮਰੀਕਾ ਵਲੋਂ ਆਰਥਿਕ ਪਾਬੰਦੀਆਂ ਦੇ ਹੁਕਮ  ਰਾਸ਼ਟਰਪਤੀ ਪੁਤਿਨ  ਦੇ ਨਿੱਜੀ ਸੋਮਿਆਂ ਤੇ ਵੀ ਲਾਈਆਂ ਗਈਆਂ ਹਨ।

ਪੁਤਿਨ ਵੱਲੋਂ ਪ੍ਰਮਾਣੂ ਹਥਿਆਰਾਂ ਨੁੂੰ ਹਾਈ ਅਲਰਟ  ਤੇ ਕੀਤੇ ਜਾਣ ਦੇ ਹੁਕਮਾਂ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਪੱਛਮੀ ਦੇਸ਼ ਉਨ੍ਹਾਂ ਦੇ ਮੁਲਕ ਨਾਲ ਗ਼ੈਰ ਦੋਸਤਾਨਾ ਵਿਹਾਰ ਕਰ ਰਹੇ ਹਨ।

ਉਧਰ ਅਮਰੀਕਾ ਨੇ  ਅਧਿਕਾਰਿਕ ਤੌਰ ਤੇ ਕਿਹਾ ਹੈ ਕਿ ਰੂਸ ਦੇ ਅਜਿਹੇ ਰਵੱਈਏ ਦੀ ਉਹ ਪੁਰਜ਼ੋਰ ਨਿਖੇਧੀ  ਕਰਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ  ਜੇਕਰ ਰੂਸ ਪ੍ਰਮਾਣੂ ਹਥਿਆਰਾਂ ਜਾਂ ਫਿਰ ਬੈਲਿਸਟਿਕ ਮਿਸਾਈਲ ਵਰਗੀ   ਗੱਲ ਤੱਕ ਆ ਗਿਆ ਹੈ ਤਾਂ ਫਿਰ ਉਸ ਨੂੰ ਜਵਾਬ ਦਿੱਤਾ ਜਾਵੇਗਾ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment