ਪੰਜਾਬ ਵਿੱਚ ਕਿਉਂ ਘਟ ਗਈ ਊਠਾਂ ਦੀ ਗਿਣਤੀ

TeamGlobalPunjab
3 Min Read

-ਅਵਤਾਰ ਸਿੰਘ

ਊਠ ਜਿਸ ਨੂੰ ਮਾਰੂਥਲ ਦਾ ਬੇਹਤਰੀਨ ਪਸ਼ੂ ਵੀ ਗਰਦਾਨਿਆ ਗਿਆ ਹੈ। ਪੰਜਾਬ ਵਿੱਚ 60-70ਵਿਆਂ ਦੇ ਦਹਾਕੇ ਦੌਰਾਨ ਗੁਰਦੇਵ ਮਾਨ ਦਾ ਲਿਖਿਆ ਅਤੇ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਦਾ ਗਾਇਆ ਲੋਕਗੀਤ ‘ਬੋਤਾ ਹੌਲੀ ਤੋਰ ਮਿੱਤਰਾ …’ ਬੱਚੇ ਬੱਚੇ ਦੀ ਜ਼ਬਾਨ ‘ਤੇ ਸੀ। ਪੰਜਾਬ ਵਿਚ ਕਾਫੀ ਸਮਾਂ ਲੋਕ ਇਸ ਨੂੰ ਖੇਤੀ ਤੇ ਹੋਰ ਕੰਮਾਂ ਲਈ ਜੋਤਦੇ ਰਹੇ। ਮਸ਼ੀਨੀ ਯੁਗ ਆਉਣ ਨਾਲ ਇਸ ਦੇ ਪਾਲਕਾਂ ਲਈ ਇਹ ਮਹਿੰਗਾ ਸੌਦਾ ਬਣਨ ਲਗਾ। ਹੌਲੀ ਹੌਲੀ ਊਠ ਮੇਲਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ। ਇਸ ਦੀ ਗਿਣਤੀ ਘਟਣ ਲੱਗ ਗਈ।

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਊਠਾਂ ਦੀ ਲਗਾਤਾਰ ਘਟ ਰਹੀ ਗਿਣਤੀ ਨੂੰ ਗੰਭੀਰਤਾ ਨਾਲ ਲਿਆ ਹੈ। 20ਵੀਂ ਪਸ਼ੂ ਧਨ ਜਨਗਣਨਾ ਦੌਰਾਨ ਸਾਹਮਣੇ ਆਇਆ ਕਿ ਪੂਰੇ ਪੰਜਾਬ ਵਿਚ ਸਿਰਫ 120 ਊਠ ਰਹਿ ਗਏ ਹਨ। ਇਸ ਦਾ ਮਤਲਬ ਹੈ ਕਿ ਪਿਛਲੇ 15 ਸਾਲਾਂ ਵਿੱਚ 99 ਫ਼ੀਸਦ ਊਠ ਖ਼ਤਮ ਹੋ ਚੁੱਕੇ ਹਨ ਇਸ ਨੂੰ ਪਾਲਣ ਦਾ ਧੰਦਾ ਬੰਦ ਹੋ ਗਿਆ ਹੈ। ਇਸ ਪਸ਼ੂ ਧਨ ਨੂੰ ਸੂਬੇ ਵਿਚ ਬਚਾਉਣ ਲਈ ਇਸ ਪ੍ਰੋਜੈਕਟ ਵਾਸਤੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ। ਇਸ ਸੰਬੰਧੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਗੰਭੀਰਤਾ ਨਾਲ ਗੱਲਬਾਤ ਕਰਦਿਆਂ ਇਸ ਪ੍ਰੋਜੈਕਟ ਲਈ ਮਾਲੀ ਸਹਾਇਤਾ ਦੀ ਮੰਗ ਕੀਤੀ ਗਈ ਹੈ।

ਰਿਪੋਰਟਾਂ ਮੁਤਾਬਿਕ ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ ਦੇ ਸੰਯੁਕਤ ਸਕੱਤਰ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਅਧਿਕਾਰੀਆਂ ਦੀ 12 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਪੰਜਾਬ ਨੇ ਊਠ ਦੀ ਘਟ ਰਹੀ ਗਿਣਤੀ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ। ਪੰਜਾਬ ਦੇ ਅਧਿਕਾਰੀਆਂ ਨੇ ਮੰਗ ਕੀਤੀ ਕਿ ਪਿਛਲੇ 15 ਸਾਲਾਂ ਵਿੱਚ ਇਸ ਦੀ ਗਿਣਤੀ ਲਗਾਤਾਰ ਘਟ ਗਈ ਹੈ, ਸੈਰ ਸਪਾਟੇ ਦੇ ਮੁੱਖ ਆਕਰਸ਼ਣ ਇਸ ਪਸ਼ੂ ਧਨ ਨੂੰ ਬਚਾਉਣ ਲਈ ਕੇਂਦਰ ਸਹਾਇਤਾ ਕਰੇ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਊਠ ਪਾਲਕਾਂ ਨੂੰ ਮਾਸਿਕ ਭੱਤਾ ਦਿੱਤਾ ਜਾਵੇ ਤਾਂ ਕਿ ਉਹ ਇਸ ਪਸ਼ੂ ਧਨ ਨੂੰ ਹੋਰ ਪ੍ਰਫੁਲਤ ਕਰ ਸਕਣ। ਇਸ ਤੋਂ ਇਲਾਵਾ ਸਰਕਾਰ 120 ਬਚੇ ਹੋਏ ਊਠਾਂ ਦਾ ਖਾਕਾ ਤਿਆਰ ਕਰ ਰਹੀ ਹੈ ਤਾਂ ਕਿ ਭਵਿੱਖ ਵਿਚ ਇਹਨਾਂ ਦੇ ਪਾਲਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

- Advertisement -

ਆਈ ਸੀ ਏ ਆਰ – ਨੈਸ਼ਨਲ ਊਠ ਖੋਜ ਕੇਂਦਰ, ਬੀਕਾਨੇਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਊਠਾਂ ਦੀ ਨਸਲ ਵਧਾਉਣ ਲਈ ਇਸ ਦੇ ਪਾਲਕਾਂ ਨੂੰ ਲਾਭ ਵਾਲੀਆਂ ਸਕੀਮਾਂ ਅਧੀਨ ਲਿਆਉਣਾ ਚਾਹੀਦਾ ਹੈ। ਛੋਟਾ ਹਾਥੀ ਵਰਗੇ ਵਾਹਨ ਆਉਣ ਨਾਲ ਭਾਰ ਢੋਣ ਵਾਲੇ ਪਸ਼ੂਆਂ ਦੀ ਕਦਰ ਤੇਜ਼ੀ ਨਾਲ ਘਟ ਗਈ ਹੈ। ਸਾਲ 2003 ਤਕ ਊਠਾਂ ਦੀ ਗਿਣਤੀ 30,000 ਦੇ ਕਰੀਬ ਸੀ। 1990 ਤੋਂ ਬਾਅਦ ਇਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਘਟੀ। ਸਾਲ 2003 ਤੋਂ 2007 ਦੇ ਵਿਚਕਾਰ ਦੇ ਪੰਜ ਸਾਲਾਂ ਦੌਰਾਨ ਇਸ ਵਿੱਚ ਬਹੁਤ ਗਿਰਾਵਟ ਆਈ ਹੈ। ਊਠ ਦੀ ਗਿਣਤੀ 30,000 ਤੋਂ 2000 ਰਹਿ ਜਾਣਾ ਚਿੰਤਾ ਦਾ ਵਿਸ਼ਾ ਹੈ। ਸੂਬਾ ਤੇ ਕੇਂਦਰ ਸਰਕਾਰ ਨੂੰ ਵਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।

Share this Article
Leave a comment