ਕੈਨੇਡਾ ‘ਚ ਪੰਜਾਬੀ ਜੋੜਾ ਨਸ਼ਾ ਤਸਕਰੀ ਦੇ ਮਾਮਲੇ ‘ਚ ਦੋਸ਼ੀ ਕਰਾਰ, 10 ਮਈ ਨੂੰ ਹੋਵੇਗੀ ਸਜ਼ਾ

TeamGlobalPunjab
2 Min Read

ਕੈਲਗਰੀ: ਕੈਨੇਡਾ ‘ਚ ਪੰਜਾਬੀ ਜੋੜੇ ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ 10 ਮਈ ਨੂੰ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਗੁਰਮਿੰਦਰ ਤੂਰ ਤੇ ਕਿਰਨਦੀਪ ਕੌਰ ਤੂਰ 2 ਦਸੰਬਰ 2017 ਨੂੰ ਅਮਰੀਕਾ ਦੇ ਮੋਨਟਾਨਾ ਸੂਬੇ ਤੋਂ ਕੈਨੇਡਾ ਦੇ ਐਲਬਰਟਾ ‘ਚ ਦਾਖ਼ਲ ਹੋ ਰਹੇ ਸਨ, ਜਦੋਂ ਉਨ੍ਹਾਂ ਦੇ ਟਰੱਕ ‘ਚੋਂ 80 ਲੱਖ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ।

ਕਿਰਨਦੀਪ ਕੌਰ ਤੂਰ ਅਤੇ ਗੁਰਮਿੰਦਰ ਤੂਰ ਨੂੰ ਦੱਖਣੀ ਐਲਬਰਟਾ ਦੇ ਕਾਊਟਸ ਐਂਟਰੀ ਪੋਰਟ ’ਤੇ ਰੋਕਿਆ ਗਿਆ। ਉਹ ਕੈਲੇਫੋਰਨੀਆ ਤੋਂ ਕੁਝ ਸਮਾਨ ਲੈ ਕੇ ਐਲਬਰਟਾ ਜਾ ਰਹੇ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਵੱਲੋਂ ਟਰੱਕ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਜਿਸ ਦੌਰਾਨ 84 ਪੈਕਟ ਕੋਕੀਨ ਬਰਾਮਦ ਹੋਈ। ਕੋਕੀਨ ਦੀ ਖੇਪ ਦਾ ਕੁੱਲ ਵਜ਼ਨ 99.5 ਕਿਲੋ ਦਰਜ ਕੀਤਾ ਗਿਆ ਅਤੇ ਕੌਮਾਂਤਰੀ ਬਾਜ਼ਾਰ ‘ਚ ਇਸ ਦੀ ਕੀਮਤ 65 ਲੱਖ ਡਾਲਰ ਤੋਂ 80 ਲੱਖ ਡਾਲਰ ਦੱਸੀ ਗਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਵੇਲੇ ਐਲਬਰਟਾ ‘ਚ ਹੋਈ ਇਸ ਬਰਾਮਦਗੀ ਨੂੰ ਸੂਬੇ ‘ਚ ਫੜੀ ਗਈ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਦੱਸਿਆ ਸੀ।

ਜੋੜੇ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਆਪਣੇ ਬਚਾਅ ‘ਚ ਕਿਹਾ ਕਿ ਉਨ੍ਹਾਂ ਨੂੰ ਕੋਕੀਨ ਬਾਰੇ ਜਾਣਕਾਰੀ ਨਹੀਂ ਸੀ ਤੇ ਗੈਸ ਸਟੇਸ਼ਨ ‘ਤੇ ਰੁਕਣ ਦੌਰਾਨ ਕਿਸੇ ਵਿਅਕਤੀ ਨੇ ਇਹ ਕੋਕੀਨ ਉਨ੍ਹਾਂ ਦੇ ਟਰੱਕ ਵਿਚ ਰੱਖ ਦਿੱਤੀ ਹੋਵੇਗੀ। ਉੱਧਰ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਲਾਗ ਬੁੱਕ ‘ਚ ਇਨ੍ਹਾ ਦੇ ਰੁਕਣ ਦਾ ਸਮਾਂ ਸਿਰਫ਼ 15 ਮਿੰਟ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੋੜੇ ਨੂੰ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਸੁਣਾਇਆ।

Share this Article
Leave a comment