ਪੰਜਾਬ ਸਰਕਾਰ ਬਠਿੰਡਾ ‘ਚ ਅਰਬਨ ਅਸਟੇਟਸ ਵਿਕਸਤ ਕਰਨ ਬਾਰੇ ਕਰ ਰਹੀ ਹੈ ਵਿਚਾਰ: ਅਮਨ ਅਰੋੜਾ

Prabhjot Kaur
4 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਠਿੰਡਾ ਵਿੱਚ ਅਰਬਨ ਅਸਟੇਟਸ ਵਿਕਸਤ ਕਰਨ ‘ਤੇ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸ਼ਹਿਰੀ ਖੇਤਰ ਵਿੱਚ ਕਿਫ਼ਾਇਤੀ ਕੀਮਤ ‘ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ੀ ਥਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਬਠਿੰਡਾ ਵਿੱਚ ਆਧੁਨਿਕ ਅਤੇ ਯੋਜਨਾਬੱਧ ਟਾਊਨਸ਼ਿਪ ਬਣਾਉਣ ਲਈ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੇ ਮਾਨਸਾ ਰੋਡ, ਬਠਿੰਡਾ ਵਿਖੇ ਅਰਬਨ ਅਸਟੇਟ ਫੇਜ਼- 6 ਅਤੇ 7 ਨੂੰ ਵਿਕਸਤ ਕਰਨ ਲਈ ਡਿਮਾਂਡ ਸਰਵੇ ਵਿੱਚ ਅਪਲਾਈ ਕਰਨ ਵਾਸਤੇ ਯੋਗ ਬਿਨੈਕਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ 100 ਤੋਂ 500 ਵਰਗ ਗਜ਼ ਦੇ ਪਲਾਟ ਵਿਕਸਤ ਕੀਤੇ ਜਾਣ ਦੀ ਤਜਵੀਜ਼ ਹੈ ਅਤੇ ਇਨ੍ਹਾਂ ਦੀ ਆਰਜ਼ੀ ਕੀਮਤ 12,000 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ।

ਅਰਜ਼ੀ ਜਮ੍ਹਾਂ ਕਰਨ ਸਮੇਂ ਬਿਨੈਕਾਰ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਇਸ ਡਿਮਾਂਡ ਸਰਵੇ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 2 ਸਤੰਬਰ, 2022 ਨਿਰਧਾਰਤ ਕੀਤੀ ਗਈ ਹੈ।

ਡਿਮਾਂਡ ਸਰਵੇ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਇਸ ਡਿਮਾਂਡ ਸਰਵੇ ਨੂੰ ਹੁੰਗਾਰਾ ਮਿਲਦਾ ਹੈ ਤਾਂ ਬੀ.ਡੀ.ਏ. ਵੱਧ ਤੋਂ ਵੱਧ ਦੋ ਸਾਲਾਂ ਦੀ ਮਿਆਦ ਲਈ ਅਰਜ਼ੀਆਂ ਆਪਣੇ ਕੋਲ ਰੱਖੇਗਾ। ਇਸ ਸਬੰਧੀ ਚੰਗਾ ਹੁੰਗਾਰਾ ਮਿਲਣ ਉਤੇ ਅਥਾਰਟੀ ਇਹ ਅਰਬਨ ਅਸਟੇਟਸ ਵਿਕਸਿਤ ਕਰੇਗੀ। ਹਾਲਾਂਕਿ, ਜੇਕਰ ਅਥਾਰਟੀ ਇਸ ਸਕੀਮ ਨੂੰ ਵਾਪਸ ਲੈ ਲੈਂਦੀ ਹੈ ਜਾਂ ਡਿਮਾਂਡ ਸਰਵੇ ਦੀ ਸਮਾਪਤੀ ਦੀ ਮਿਤੀ ਤੋਂ ਦੋ ਸਾਲਾਂ ਦੇ ਸਮੇਂ ਵਿੱਚ ਅਰਬਨ ਅਸਟੇਟਸ ਵਿਕਸਿਤ ਨਹੀਂ ਕਰ ਸਕਦੀ, ਤਾਂ ਬਿਨੈਕਾਰਾਂ ਨੂੰ ਡਿਮਾਂਡ ਸਰਵੇ ਦੀ ਆਖਰੀ ਮਿਤੀ ਤੋਂ ਦੋ ਸਾਲਾਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਅਰਜ਼ੀ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ।

- Advertisement -

ਅਥਾਰਟੀ ਨੇ ਸਪੱਸ਼ਟ ਕੀਤਾ ਹੈ ਜੇਕਰ ਇਸ ਸਕੀਮ ਅਧੀਨ ਆਮ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਤਾਂ ਬੀ.ਡੀ.ਏ. ਦੇ ਕੋਟੇ ਅਧੀਨ ਹਰੇਕ ਆਕਾਰ ਦੇ ਪਲਾਟਾਂ ਦਾ 50 ਫ਼ੀਸਦ ਹਿੱਸਾ ਇਸ ਡਿਮਾਂਡ ਸਰਵੇ ਦੇ ਬਿਨੈਕਾਰਾਂ ਲਈ ਅਲਾਟਮੈਂਟ ਵਾਸਤੇ ਰਾਖਵਾਂ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਜਿੱਥੇ ਇਹ ਸਾਈਟਾਂ ਸਥਿਤ ਹਨ, ਉਨ੍ਹਾਂ ਖੇਤਰਾਂ ਵਿੱਚ ਪਲਾਟਾਂ ਦੀ ਮੰਗ ਬਾਰੇ ਜਾਨਣ ਲਈ ਅਥਾਰਟੀ ਵੱਲੋਂ ਇਹ ਡਿਮਾਂਡ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਲਈ ਡਿਮਾਂਡ ਸਰਵੇ ਵਿੱਚ ਪੇਸ਼ ਕੀਤੀਆਂ ਪਲਾਟਾਂ ਦੀਆਂ ਦਰਾਂ/ਆਕਾਰ ਆਰਜ਼ੀ ਰੱਖੇ ਗਏ ਹਨ ਜੋ ਸਕੀਮ ਸ਼ੁਰੂ ਹੋਣ ‘ਤੇ ਵੱਖਰੇ ਹੋ ਸਕਦੇ ਹਨ।

ਬੁਲਾਰੇ ਨੇ ਦੱਸਿਆ ਕਿ ਡਿਮਾਂਡ ਸਰਵੇ ਤਹਿਤ ਅਪਲਾਈ ਕਰਨ ਦੇ ਚਾਹਵਾਨ ਬਠਿੰਡਾ ਸਥਿਤ ਬੀ.ਡੀ.ਏ. ਦਫ਼ਤਰ ਤੋਂ ਬਿਨੈ-ਪੱਤਰ ਪ੍ਰਾਪਤ ਕਰ ਸਕਦੇ ਹਨ ਜਾਂ ਅਥਾਰਟੀ ਦੀ ਵੈੱਬਸਾਈਟ www.bdabathinda.in ਤੋਂ ਡਾਊਨਲੋਡ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਦੇ ਕਾਗਜ਼ ‘ਤੇ ਜਮ੍ਹਾਂ ਕਰਵਾਈਆਂ ਅਰਜ਼ੀਆਂ ਵੀ ਪ੍ਰਵਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਜਿੱਥੋਂ ਤੱਕ ਅਰਜ਼ੀਆਂ ਜਮ੍ਹਾਂ ਕਰਵਾਉਣ ਦਾ ਸਬੰਧ ਹੈ, ਬਿਨੈਕਾਰ ਅਸਟੇਟ ਅਫ਼ਸਰ, ਬਠਿੰਡਾ ਵਿਕਾਸ ਅਥਾਰਟੀ ਦੇ ਨਾਂ ‘ਤੇ 5000 ਰੁਪਏ ਦੇ ਡਿਮਾਂਡ ਡਰਾਫਟ ਸਮੇਤ ਬਠਿੰਡਾ ਸਥਿਤ ਅਸਟੇਟ ਅਫ਼ਸਰ ਬੀ.ਡੀ.ਏ. ਦੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਜਾਂ ਰਜਿਸਟਰਡ ਡਾਕ ਰਾਹੀਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਬਿਨੈਕਾਰਾਂ ਦੀ ਸਹੂਲਤ ਲਈ ਐਚ.ਡੀ.ਐਫ.ਸੀ. ਬੈਂਕ ਨੂੰ ਵੀ ਇਸ ਸਕੀਮ ਨਾਲ ਜੋੜਿਆ ਗਿਆ ਹੈ।

Share this Article
Leave a comment