ਪੰਜਾਬ, ਕਬੱਡੀ ਅਤੇ ਨਸ਼ੇ

TeamGlobalPunjab
5 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਪੰਜਾਬ ਦੇ ਸਕੂਲਾਂ, ਪਿੰਡਾਂ ਦੀਆਂ ਗਲੀਆਂ, ਮੁਹੱਲਿਆਂ ਅਤੇ ਖੱਡਾਂ ਵਿੱਚ ਤਿੰਨ ਚਾਰ ਰਵਾਇਤੀ ਖੇਡਾਂ ਕਾਫੀ ਪ੍ਰਚਲਿਤ ਹੁੰਦੀਆਂ ਸਨ। ਇਹਨਾਂ ਵਿੱਚ ਕਬੱਡੀ, ਕੁਸ਼ਤੀਆਂ, ਖਿਦੋ ਅਤੇ ਖੋ-ਖੋ ਆਦਿ ਸ਼ਾਮਿਲ ਸਨ। ਜਿਥੇ ਪੰਜ ਸੱਤ ਗੱਭਰੂ ਇਕੱਠੇ ਹੁੰਦੇ ਬਸ ਉਥੇ ਹੀ ਪੈ ਜਾਂਦੀ ਸੀ ਕੌਡੀ। ਜੁੱਸੇ ਵਾਲੇ ਮੁੰਡਿਆਂ ਨੇ ਰਲ ਕੇ ਘੁਲਣਾ ਸ਼ੁਰੂ ਕਰ ਦੇਣਾ ਤੇ ਹੋ ਜਾਂਦੀ ਸੀ ਜ਼ੋਰ ਅਜ਼ਮਾਈ ਸ਼ੁਰੂ। ਇਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਦੀਆਂ ਖੱਡਾਂ ਵਿੱਚ ਘੁਲਦੇ ਪੰਜਾਬ ਦੇ ਪਹਿਲਵਾਨਾਂ ਨੇ ਅਤੇ ਕੌਡੀ ਪਾਉਂਦੇ ਮੁੰਡਿਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਕੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਕੀਤਾ ਹੋਇਆ ਹੈ। ਇਵੇਂ ਹੀ ਕੁੜੀਆਂ ਖੋ ਖੋ ਖੇਡਦੀਆਂ ਸਨ। ਖਿਦੋ ਜਿਸ ਨੇ ਬਾਅਦ ਵਿਚ ਕ੍ਰਿਕਟ ਦਾ ਰੂਪ ਧਾਰਨ ਕਰ ਲਿਆ। ਇਹਨਾਂ ਖੇਡਾਂ ਨਾਲ ਆਪਸ ਵਿੱਚ ਸਾਂਝ ਵਧਦੀ ਸੀ ਅਤੇ ਗੱਭਰੂਆਂ ਵਿਚਕਾਰ ਜੁੱਸੇ ਦਾ ਮੁਕਾਬਲਾ ਹੁੰਦਾ ਸੀ। ਇਹ ਖੇਡਾਂ ਬਿਨਾਂ ਪੈਸੇ ਤੋਂ ਹਰੇਕ ਖੇਡ ਸਕਦਾ ਸੀ। ਜੇ ਲੋੜ ਸੀ ਤਾਂ ਸਿਰਫ ਤਾਕਤ ਦੀ। ਸਮੇਂ ਦੀ ਤਬਦੀਲੀ ਨਾਲ ਇਹ ਸਭ ਕੁਝ ਲੋਪ ਹੁੰਦਾ ਗਿਆ। ਪੰਜਾਬ ਦੀ ਜਵਾਨੀ ਨੂੰ ਘੇਰ ਲਿਆ ਨਸ਼ਿਆਂ ਨੇ। ਗੱਭਰੂ ਲਿੱਸਾ ਹੋਣ ਲੱਗ ਪਿਆ। ਜਵਾਨੀ ਨਿਘਾਰ ਵੱਲ ਜਾਣ ਲੱਗ ਪਈ ਜਾਂ ਇੰਜ ਕਹਿ ਲਵੋ ਕਿ ਪੰਜਾਬ ਦੀ ਜਵਾਨੀ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੋਵੇ। ਹੁਣ ਮੁੜ ਤਬਦੀਲੀ ਦੀ ਆਸ ਬੱਝਣ ਲੱਗ ਪਈ ਹੈ।
ਰਿਪੋਰਟ ਮੁਤਾਬਿਕ ਮੇਜ਼ਬਾਨ ਭਾਰਤ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਆਖ਼ਰੀ ਦਿਨ ਫਾਈਨਲ ਵਿੱਚ ਕੈਨੇਡਾ ਨੂੰ ਹਰਾ ਕੇ ਖ਼ਿਤਾਬ ਅਤੇ 25 ਲੱਖ ਰੁਪਏ ਦਾ ਇਨਾਮ ਆਪਣੇ ਨਾਮ ਕਰ ਲਿਆ। ਉਪ ਜੇਤੂ ਰਹੀ ਕੈਨੇਡਾ ਦੀ ਟੀਮ ਨੂੰ 15 ਲੱਖ ਰੁਪਏ ਮਿਲੇ। ਅਮਰੀਕਾ ਦੀ ਟੀਮ ਤੀਜੇ ਸਥਾਨ ’ਤੇ ਰਹੀ, ਜਿਸ ਨੇ ਦਸ ਲੱਖ ਰੁਪਏ ਦਾ ਨਗ਼ਦ ਇਨਾਮ ਹਾਸਲ ਕੀਤਾ। ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੂੰ ਵੀਜ਼ਾ ਨਾ ਮਿਲਣ ਕਾਰਨ ਟੀਮ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੀ।

ਇਤਿਹਾਸਕ ਨਗਰੀ ਡੇਰਾ ਬਾਬਾ ਨਾਨਕ ਦੇ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭਾਰਤੀ ਕਬੱਡੀ ਖਿਡਾਰੀਆਂ ਨੇ ਰਵਾਇਤੀ ਪ੍ਰਦਰਸ਼ਨ ਕੀਤਾ। ਸਰਹੱਦੀ ਪਿੰਡਾਂ ਦੇ ਲੋਕਾਂ ਲਈ ਇਹ ਟੂਰਨਾਮੈਂਟ ਪਹਿਲਾ ਮੌਕਾ ਸੀ, ਜਦੋਂ ਹੋਰਨਾਂ ਦੇਸ਼ਾਂ ਦੀਆਂ ਟੀਮਾਂ ਇੱਥੇ ਕਬੱਡੀ ਮੁਕਾਬਲੇ ਖੇਡ ਰਹੀਆਂ ਹੋਣ।

- Advertisement -

ਇਸ ਮੌਕੇ ਨੌਜਵਾਨਾਂ ਅਤੇ ਸਰਹੱਦੀ ਲੋਕਾਂ ਦਾ ਉਤਸ਼ਾਹ ਦੇਖ ਕੇ ਨਸ਼ਾ ਛੁਡਾਉਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਖੇਡ ਪ੍ਰੇਰਨਾ ਨਾਲ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਘਟੇਗਾ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਪਿੰਡ ਪੱਧਰ ‘ਤੇ ਸ਼ੁਰੂ ਹੋਈਆਂ ਖੇਡਾਂ ਨਾਲ ਨਸ਼ਿਆਂ ਨੂੰ ਵੱਡੀ ਪੱਧਰ ‘ਤੇ ਠੱਲ੍ਹ ਪਈ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਰਿਪੋਰਟ ਅਨੁਸਾਰ ਗੁਰਦਸਪੂਰ ਦੇ ਰੈੱਡ ਕਰਾਸ ਨਸ਼ਾ ਛੁਡਾਉ ਕੇਂਦਰ ਦੇ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਖੇਡਾਂ ਵਿੱਚ ਰੁਚੀ ਵਧਣ ਨਾਲ ਨੌਂਜਵਾਨ ਅਫੀਮ, ਭੁੱਕੀ ਤੇ ਹੋਰ ਨਸ਼ਿਆਂ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਹਨ।
ਸਭ ਤੋਂ ਮਾਣ ਵਾਲੀ ਗੱਲ ਹੈ ਕਿ ਡੇਰਾ ਬਾਬਾ ਨਾਨਕ ਨੇੜਲੇ ਪਿੰਡਾਂ ਦੇ 12 ਖਿਡਾਰੀਆਂ ਨੇ ਹਾਲ ਹੀ ਵਿਚ ਸਕੂਲ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਿਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਲ 2017 ਵਿੱਚ ਬਟਾਲੇ ਦੇ ਸਿੱਖਿਆ ਮਾਹਿਰਾਂ, ਡਾਕਟਰਾਂ ਅਤੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਮਾਹਿਰਾਂ ਦੀ ਇਕ ਮੀਟਿੰਗ ਕਰਕੇ ਇਸ ਸਮੱਸਿਆ ਨਾਲ ਸਿੱਝਣ ਅਤੇ ਇਸ ਦਾ ਹੱਲ ਕੱਢਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

ਸਿੱਟਾ ਇਹ ਨਿਕਲਿਆ ਕਿ ਜੇ ਨੌਜਵਾਨ ਕਿਸੇ ਕੰਮ ‘ਚ ਰੁਝੇ ਰਹਿਣਗੇ ਤਾਂ ਨਸ਼ਿਆਂ ਤੋਂ  ਮੁਕਤ ਹੋ ਸਕਦੇ ਹਨ। ਮੰਤਰੀ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵੀ ਵੱਡੀ ਸਮੱਸਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਕਈ ਉਦਯੋਗਪਤੀਆਂ ਨਾਲ ਇਧਰ ਫੈਕਟਰੀਆਂ ਲਾਉਣ ਦੀ ਗੱਲ ਕੀਤੀ ਪਰ ਸਰਹੱਦੀ ਖੇਤਰ ਹੋਣ ਕਰਕੇ ਕੋਈ ਵੀ ਆਪਣਾ ਕਾਰਖਾਨਾ ਲਾਉਣ ਲਈ ਤਿਆਰ ਨਹੀਂ ਹੈ। ਇਸ ਤੋਂ ਬਾਅਦ ਨੌਜਵਾਨਾਂ ਨੂੰ ਮਿੰਨੀ ਟੂਰਨਾਮੈਂਟ ਕਰਵਾ ਕੇ ਇਹਨਾਂ ਨੂੰ ਇੱਧਰ ਰੁਚਿਤ ਕਰਵਾਉਣ ਦੀ ਸੋਚੀ ਜਿਸ ਦੇ ਨਤੀਜੇ ਠੀਕ ਸਾਹਮਣੇ ਆ ਰਹੇ ਹਨ। ਕਬੱਡੀ ਅਜਿਹੀ ਖੇਡ ਹੈ ਕਿ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਵਾਲੀ ਕਹਾਵਤ ਸਹੀ ਸਾਬਿਤ ਹੋ ਰਹੀ ਹੈ। ਸ਼੍ਰੀ ਰੰਧਾਵਾ ਨੇ ਦੱਸਿਆ ਕਿ ਮੰਤਰੀ ਬਣਨ ਤੋਂ ਬਾਅਦ ਉਹਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਟੂਰਨਾਮੈਂਟਾਂ ਲਈ ਫੰਡ ਦੇਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਤੁਸੀਂ ਬੀਜੋਗੇ, ਉਸੇ ਤਰ੍ਹਾਂ ਦਾ ਵੱਢੋਗੇ ਵਾਲੇ ਮੁਹਾਵਰੇ ਵਾਂਗ ਨਤੀਜੇ ਸਹੀ ਸਾਹਮਣੇ ਆਉਣ ਲੱਗ ਪਏ।

ਇਸ ਛੋਟੇ ਜਿਹੇ ਤਰੱਦਦ ਨਾਲ ਪੂਰਾ ਹਲਕਾ ਭਾਵੇਂ ਨਸ਼ਾ ਮੁਕਤ ਨਾ ਹੋਵੇ ਪਰ ਕਾਫੀ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਨੂੰ ਭਾਂਜ ਦੇਣ ਵੱਲ ਤੁਰ ਪਏ ਹਨ। ਜੇ ਇਸੇ ਤਰ੍ਹਾਂ ਸਾਰੇ ਪੰਜਾਬ ਵਿਚ ਅਜਿਹੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਣ ਤਾਂ ਪੰਜਾਬ ਦਾ ਨੌਜਵਾਨ ਉਸੇ ਖੁਸ਼ਹਾਲ ਰਾਹ ‘ਤੇ ਆ ਸਕਦਾ ਹੈ।

Share this Article
Leave a comment