ਪੰਜਾਬ: ਸਰਕਾਰੀ ਕਾਲਜ ਦੇ ਲਾਇਬ੍ਰੇਰੀਅਨ ਨੇ ਕੀਤੀ ਖੁਦਕੁਸ਼ੀ, ਸੁਪਰਡੈਂਟ ‘ਤੇ ਲਾਏ ਗੰਭੀਰ ਦੋਸ਼

Global Team
3 Min Read

ਨਿਊਜ਼ ਡੈਸਕ: ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਲਾਇਬ੍ਰੇਰੀਅਨ ਤਰਸੇਮ ਸਿੰਘ (45) ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਆਪਣੀ ਜਾਨ ਦੇਣ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਾਲਜ ਦੇ ਸੁਪਰਡੈਂਟ ਜਗਤਾਰ ਸਿੰਘ ‘ਤੇ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਕਰਨ ਅਤੇ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਲਗਾਏ।

ਪਰਿਵਾਰ ਮੁਤਾਬਕ ਤਰਸੇਮ ਸਿੰਘ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਪਰਿਵਾਰ ਦਾ ਦਾਅਵਾ ਹੈ ਕਿ ਵੀਡੀਓ ‘ਚ ਉਨ੍ਹਾਂ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਗੱਲ ਕੀਤੀ ਹੈ। ਹਾਲਾਂਕਿ, ਵੀਡੀਓ ਦੀ ਪ੍ਰਮਾਣਿਕਤਾ ਤੇ ਇਸ ‘ਚ ਲਗਾਏ ਗਏ ਇਲਜ਼ਾਮਾਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।

ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੇ ਮ੍ਰਿਤਕ ਦੀ ਲਾਸ਼ ਕਾਲਜ ਦੇ ਬਾਹਰ ਰੱਖ ਕੇ ਧਰਨਾ ਦਿੱਤਾ ਤੇ ਨਿਰਪੱਖ ਜਾਂਚ ਕਰਵਾਉਣ ਤੇ ਇਨਸਾਫ਼ ਦੇਣ ਦੀ ਮੰਗ ਕੀਤੀ। ਪਰਿਵਾਰ ਅਨੁਸਾਰ ਤਰਸੇਮ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਢਾਈ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਘਰ ‘ਚ ਤਰਸੇਮ ਸਿੰਘ ਹੀ ਕਮਾਉਣ ਵਾਲੇ ਸਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਭਗਵਾਨ ਵਾਲਮੀਕਿ ਕਲੋਨੀ ਦੇ ਵਸਨੀਕ ਤਰਸੇਮ ਸਿੰਘ ਨੇ ਵੀਡੀਓ ਵਿੱਚ ਦੱਸਿਆ ਕਿ ਸੁਪਰਡੈਂਟ ਜਗਤਾਰ ਸਿੰਘ ਉਸ ਨੂੰ ਤੰਗ-ਪਰੇਸ਼ਾਨ ਕਰਦੇ ਸਨ ਅਤੇ ਰਿਸ਼ਵਤ ਦੀ ਮੰਗ ਕਰਦੇ ਸਨ। ਉਸ ਨੇ ਦੱਸਿਆ ਕਿ ਉਹ ਪਹਿਲਾਂ ਦੋ ਵਾਰ 5,000 ਰੁਪਏ ਦੇ ਚੁੱਕਾ ਸੀ, ਪਰ ਆਪਣੀ ਮੈਡੀਕਲ ਛੁੱਟੀ ਮਨਜ਼ੂਰ ਕਰਵਾਉਣ ਲਈ ਤੀਜੀ ਵਾਰ ਫਿਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।

ਤਰਸੇਮ ਸਿੰਘ ਵੱਲੋਂ ਬਣਾਈ ਦੱਸੀ ਜਾ ਰਹੀ ਵੀਡੀਓ ‘ਚ ਕਥਿਤ ਤੌਰ ‘ਤੇ ਕਿਹਾ ਗਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਜਗਤਾਰ ਸਿੰਘ ਕਾਰਨ ਪਰੇਸ਼ਾਨ ਸਨ। ਉਨ੍ਹਾਂ ਨੇ ਛੁੱਟੀ, ਤਨਖਾਹ ਤੇ ਹੋਰ ਕੰਮਾਂ ਸਬੰਧੀ ਕਥਿਤ ਤੌਰ ‘ਤੇ ਪੈਸੇ ਮੰਗੇ ਜਾਣ ਦੇ ਇਲਜ਼ਾਮ ਵੀ ਲਗਾਏ। ਵੀਡੀਓ ‘ਚ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਬਾਦਲੇ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਮਾੜਾ ਵਿਵਹਾਰ ਕੀਤਾ ਗਿਆ।

ਮ੍ਰਿਤਕ ਦੀ ਪਤਨੀ ਨੀਤੂ ਅਨੁਸਾਰ, ਤਰਸੇਮ ਸਿੰਘ ਨੇ ਪਰਿਵਾਰ ਨੂੰ ਹਦਾਇਤ ਕੀਤੀ ਸੀ ਕਿ ਲਾਸ਼ ਨੂੰ ਕਾਲਜ ਦੇ ਸਾਹਮਣੇ ਰੱਖਿਆ ਜਾਵੇ ਅਤੇ ਮੁੱਖ ਗੇਟ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇ। ਪੀੜਤ ਪਰਿਵਾਰ ਨੇ ਸੁਪਰਡੈਂਟ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਹੈ। ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਕਿਹਾ ਕਿ ਵੀਡੀਓ ਦੇ ਆਧਾਰ ‘ਤੇ ਜਗਤਾਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਫਿਲਹਾਲ ਵੀਡੀਓ ਦੇ ਆਧਾਰ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment