ਪੰਜਾਬ ਦੇ ਕਿਹੜੇ ਜ਼ਿਲੇ ਵਿੱਚ ਹਨ ਟੀ.ਬੀ. ਦੇ ਵਧੇਰੇ ਮਰੀਜ਼

TeamGlobalPunjab
3 Min Read

ਭਾਰਤ ਦੇ ਵਿਕਾਸਸ਼ੀਲ ਅਤੇ ਪ੍ਰਫੁੱਲਤ ਸੂਬੇ ਪੰਜਾਬ ਦਾ ਇਕ ਜ਼ਿਲਾ ਅੱਜ ਕੱਲ੍ਹ ਤਪਦਿਕ ਦੀ ਨਾਮੁਰਾਦ ਬਿਮਾਰੀ ਦੀ ਜਕੜ ਵਿੱਚ ਆਇਆ ਹੋਇਆ ਹੈ। ਤਪਦਿਕ ਦੀ ਬਿਮਾਰੀ ਆਮ ਤੌਰ ‘ਤੇ ਫੇਫੜਿਆਂ ਵਿੱਚ ਆਏ ਵਿਗਾੜ ਕਾਰਨ ਹੋ ਜਾਂਦੀ ਹੈ। ਪਰ ਇਹ ਬਿਮਾਰੀ ਲਾਇਲਾਜ਼ ਨਹੀਂ ਹੈ। ਸਮੇਂ ਸਿਰ ਇਸ ਦਾ ਇਲਾਜ਼ ਹੋਣ ਨਾਲ ਇਹ ਠੀਕ ਹੋ ਜਾਂਦੀ ਹੈ। ਮਰੀਜ਼ ਮੁੜ ਤੰਦਰੁਸਤ ਹੋ ਜਾਂਦਾ ਹੈ। ਪੰਜਾਬ ਦੇ ਜ਼ਿਲਾ ਲੁਧਿਆਣਾ ਦਾ ਹਰ ਚੌਥਾ ਵਿਅਕਤੀ ਟੀ ਬੀ ਦਾ ਮਰੀਜ਼ ਦੱਸਿਆ ਜਾਂਦਾ ਹੈ। ਨੈਸ਼ਨਲ ਟੀ ਬੀ ਕੰਟਰੋਲ ਪ੍ਰੋਗਰਾਮ ਦੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਸਾਲ ਜਨਵਰੀ ਤੋਂ ਅਕਤੂਬਰ ਤਕ 49,060 ਮਰੀਜ਼ ਤਪਦਿਕ ਦੇ ਆਏ। ਇਹਨਾਂ ਵਿੱਚੋਂ 26973 ਮਰੀਜ਼ ਇਕੱਲੇ ਯਾਨੀ 55 ਫ਼ੀਸਦ ਮਰੀਜ਼ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਜ਼ਿਲਿਆਂ ਨਾਲ ਸੰਬੰਧਤ ਹਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਚਾਰ ਜ਼ਿਲਿਆਂ ਦੀ ਸੂਬੇ ਵਿੱਚ ਕੇਵਲ 36 ਪ੍ਰਤੀਸ਼ਤ ਆਬਾਦੀ ਹੈ।

ਟੀ ਬੀ ਦੇ ਮਰੀਜ਼ਾਂ ਦੇ ਅੰਕੜਿਆਂ ਵਿੱਚ ਪਿਛਲੇ ਦਸ ਮਹੀਨਿਆਂ ਵਿੱਚ 12633 ਕੇਸ ਲੁਧਿਆਣਾ ਜ਼ਿਲੇ ਨਾਲ ਸੰਬੰਧਤ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਸੂਬੇ ਦੇ ਕੁੱਲ ਕੇਸਾਂ ਵਿਚੋਂ 26 ਫ਼ੀਸਦ ਇਕੱਲੇ ਲੁਧਿਆਣਾ ਨਾਲ ਸੰਬੰਧਤ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਚਾਰ ਜ਼ਿਲਿਆਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਸਟੇਟ ਟੀ ਬੀ ਪ੍ਰੋਗਰਾਮ ਅਫਸਰ ਡਾ. ਜਸਤੇਜ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਚਾਰ ਜ਼ਿਲਿਆਂ ਵਿਚ ਇਲਾਜ਼ ਦਾ ਬੇਹਤਰ ਸਾਜ਼ੋ ਸਾਮਾਨ ਅਤੇ ਇਲਾਜ਼ ਦਾ ਚੰਗਾ ਪ੍ਰਬੰਧ ਹੈ। ਇਸੇ ਕਰਕੇ ਇਹਨਾਂ ਜ਼ਿਲਿਆਂ ਵਿੱਚ ਟੀ ਬੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਸਾਹਮਣੇ ਆਈ ਹੈ। ਇਕ ਹੋਰ ਕਾਰਨ ਹੈ ਕਿ ਇਹਨਾਂ ਜ਼ਿਲਿਆਂ ਵਿਚ ਲੋਕ ਬਾਹਰੋਂ ਆ ਕੇ ਅਰਥਾਤ ਪ੍ਰਵਾਸੀਆਂ ਦੀ ਗਿਣਤੀ ਵਧੇਰੇ ਹੈ।

- Advertisement -

ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਜ਼ਿਲੇ ‘ਚ 504, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 610, ਬਰਨਾਲੇ ‘ਚ 612, ਕਪੂਰਥਲਾ ਵਿੱਚ 691 ਅਤੇ ਰੂਪਨਗਰ ਜ਼ਿਲੇ ਵਿੱਚ 837 ਕੇਸ ਸਾਹਮਣੇ ਆਏ ਜਿਸ ਨਾਲ ਇਹਨਾਂ ਜ਼ਿਲਿਆਂ ਦੇ ਅੰਕੜੇ ਸਭ ਤੋਂ ਹੇਠਾਂ ਦਿਖਾਈ ਦੇ ਰਹੇ ਹਨ। ਸਰਕਾਰੀ ਨੋਟੀਫਿਕੇਸ਼ਨ ਮਗਰੋਂ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਨੂੰ ਟੀ ਬੀ ਦੇ ਮਰੀਜ਼ਾਂ ਦੀ ਰਿਪੋਰਟ ਸਰਕਾਰ ਨੂੰ ਦੱਸਣੀ ਲਾਜ਼ਮੀ ਹੋ ਗਈ ਹੈ। ਇਸ ਤਰ੍ਹਾਂ 37000 ਕੇਸ ਸਰਕਾਰੀ ਅਤੇ 12,000 ਪ੍ਰਾਈਵੇਟ ਸੈਕਟਰ ਵਿੱਚੋਂ ਮਿਲੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸੂਬੇ ਦੀਆਂ ਜੇਲ੍ਹਾਂ ਵਿਚ ਵਧੇਰੇ ਮੌਤਾਂ ਕੈਦੀਆਂ ਦੇ ਟੀ ਬੀ ਤੋਂ ਪੀੜਤ ਹੋਣ ਕਾਰਨ ਹੁੰਦੀਆਂ ਹਨ। ਰਿਪੋਰਟਾਂ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ 135 ਕੈਦੀਆਂ ਦੀਆਂ ਮੌਤਾਂ ਟੀ ਬੀ (ਤਪਦਿਕ) ਕਾਰਨ ਹੋਈਆਂ ਜਿਹੜੀਆਂ 22 ਪ੍ਰਤੀਸ਼ਤ ਹੈ। ਹਾਲਾਂਕਿ ਰਾਜ ਵਿੱਚ ਸਮੇਂ ਸਮੇਂ ਜਾਗਰੂਕਤਾ ਮੁਹਿੰਮਾਂ ਵੀ ਚਲਦੀਆਂ ਰਹਿੰਦੀਆਂ ਹਨ ਪਰ ਤਪਦਿਕ ਦੇ ਮਰੀਜ਼ਾਂ ਦੇ ਇਹ ਅੰਕੜੇ ਚਿੰਤਾਜਨਕ ਦਿਖਾਈ ਦੇ ਰਹੇ ਹਨ।

-ਅਵਤਾਰ ਸਿੰਘ

Share this Article
Leave a comment