ਪੰਜਾਬ ਨੇ 215 ਮਿਲੀਅਨ ਡਾਲਰ ਦੇ BFAIR ਪ੍ਰੋਜੈਕਟ ਤਹਿਤ ਵਿਸ਼ਵ ਬੈਂਕ ਨਾਲ ਮਿਲਾਇਆ ਹੱਥ: ਚੀਮਾ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾਂ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਨੇ ਵਿਸ਼ਵ ਬੈਂਕ ਨਾਲ 215 ਮਿਲੀਅਨ ਡਾਲਰ ਵਾਲੇ ‘ਵਿਕਾਸ ਲਈ ਵਿੱਤੀ ਅਤੇ ਸੰਸਥਾਗਤ ਲਚਕਤਾ ਦਾ ਨਿਰਮਾਣ’ (ਬੀ.ਐਫ.ਏ.ਆਈ.ਆਰ.) ਪ੍ਰੋਜੈਕਟ ਤਹਿਤ ਸਹਿਯੋਗ ਕੀਤਾ ਹੈ, ਜਿਸ ਵਿੱਚ ਸੂਬੇ ਵੱਲੋਂ 65 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਹੋਰ ਕਰਜ਼ਿਆਂ ਦੇ ਉਲਟ ਇਹ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਇੱਕ ਸੁਧਾਰ ਆਧਾਰਿਤ ਪ੍ਰਾਜੈਕਟ ਹੈ।

ਇਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿੱਤ, ਯੋਜਨਾਬੰਦੀ, ਪ੍ਰਸ਼ਾਸਨਿਕ ਸੁਧਾਰਾਂ, ਸਥਾਨਕ ਸਰਕਾਰਾਂ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਵਿੱਚ ਪ੍ਰਣਾਲੀਆਂ ਵਿੱਚ ਸੁਧਾਰ ਲਿਆਵੇਗਾ। ਉਨਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਪੱਧਰ ‘ਤੇ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਸੁਧਾਰ ਲਿਆਵੇਗਾ।

ਚੀਮਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ 5 ਸਾਲਾਂ ਦੀ ਮਿਆਦ ਲਈ ਲਾਗੂ ਕੀਤਾ ਜਾਵੇਗਾ ਤਾਂ ਜੋ ਵਿੱਤੀ ਸਥਿਰਤਾ ਅਤੇ ਲਚਕਤਾ ਨੂੰ ਵਧਾਉਣ ਲਈ ਪ੍ਰਕਿਰਿਆ ਅਤੇ ਨੀਤੀ ਅਧਾਰਤ ਸੰਸਥਾਗਤ ਸੁਧਾਰ ਲਿਆਂਦੇ ਜਾ ਸਕਣ।’’ ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਤੋਂ 150 ਮਿਲੀਅਨ ਡਾਲਰ ਦੀ ਸਹਾਇਤਾ ਬਹੁਤ ਹੀ ਘੱਟ ਲਾਗਤ ਵਾਲੇ ਕਰਜ਼ੇ ਦੇ ਰੂਪ ਵਿੱਚ ਉਪਲਬਧ ਹੋਵੇਗੀ ਜਿਸ ਦੀ ਮੁੜ ਅਦਾਇਗੀ ਪ੍ਰੋਜੈਕਟ ਦੇ ਦੌਰਾਨ ਜਲਦੀ ਹੀ ਸ਼ੁਰੂ ਹੋ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਸੀਲਿਆਂ ਰਾਹੀਂ ਇਸ ਪ੍ਰੋਜੈਕਟ ਵਿੱਚ 65 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗੀ ,ਜਿਸ ਨਾਲ ਸੰਸਥਾਗਤ ਸਮਰੱਥਾਵਾਂ ਅਤੇ ਜਵਾਬਦੇਹੀ ਨੂੰ ਮਜਬੂਤ ਕਰਕੇ ਇੱਕ ਵਿਆਪਕ ਢਾਂਚਾ ਲਿਆਂਦਾ ਜਾਵੇਗਾ ਅਤੇ ਇਹ ਪ੍ਰਾਜੈਕਟ ਚੰਗੇ ਤੇ ਸੁਚੱਜੇ ਪ੍ਰਸ਼ਾਸਨ ਹਿੱਤ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਲਈ ਹੋਰ ਸੁਧਾਰ ਉਪਾਵਾਂ ਦਾ ਸਮਰਥਨ ਵੀ ਕਰੇਗਾ।

Share this Article
Leave a comment