ਕੈਪਟਨ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਕੁਝ ਸਿਆਸਤਦਾਨਾਂ ਦੇ ਘਰਾਂ ‘ਚ ਜਬਰੀ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦਾ ਗੰਭੀਰ ਲਿਆ ਨੋਟਿਸ

TeamGlobalPunjab
3 Min Read

ਚੰਡੀਗੜ੍ਹ: ਸੰਘਰਸ਼ਸ਼ੀਲ ਕਿਸਾਨਾਂ ਦੇ ਸਮਰਥਨ ਵਿੱਚ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਸਿਆਸੀ ਨੇਤਾਵਾਂ ਅਤੇ ਵਰਕਰਾਂ ਦੇ ਘਰਾਂ ਵਿੱਚ ਜਬਰੀ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਅਜਿਹੀਆਂ ਕਾਰਵਾਈਆਂ ਪੰਜਾਬੀਅਤ ਦੀ ਭਾਵਨਾ ਦੇ ਬਿਲਕੁਲ ਉਲਟ ਹਨ ਅਤੇ ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।

ਅਜਿਹੇ ਵਤੀਰੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਕਿਸਮ ਦੀਆਂ ਕਾਰਵਾਈਆਂ ਨਾਲ ਕਿਸੇ ਵੀ ਪਾਰਟੀ ਦੇ ਸਿਆਸੀ ਅਹੁਦੇਦਾਰਾਂ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਅਸੁਵਿਧਾ ਪੈਦਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਨਿੱਜਤਾ ਦੇ ਉਲੰਘਣ ਨਾਲ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੇ ਵੱਕਾਰ ਨੂੰ ਸੱਟ ਵੱਜੇਗੀ ਅਤੇ ਇਸ ਅੰਦੋਲਨ ਦੇ ਮਕਸਦ ਨੂੰ ਵੀ ਢਾਹ ਲੱਗੇਗੀ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਆਪਣੀ ਲੜਾਈ ਦੌਰਾਨ ਕਾਨੂੰਨ ਨੂੰ ਹੱਥਾਂ ਵਿੱਚ ਨਾ ਲੈਣ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨਾਲ-ਨਾਲ ਕੌਮੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਮਹੀਨਿਆਂਬੱਧੀ ਸੰਘਰਸ਼ ਦੌਰਾਨ ਲਾਮਿਸਾਲ ਸੰਜਮ ਦਿਖਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਅਰਾਜਕਤਾ ਵਿੱਚ ਗਲਤਾਨ ਨਾ ਹੋਣ ਤੋਂ ਬਾਅਦ ਕੁਝ ਪ੍ਰਦਰਸ਼ਨਕਾਰੀ ਜ਼ਾਬਤਾ ਗੁਆ ਰਹੇ ਹਨ ਜਦੋਂਕਿ ਕਿਸਾਨ ਨੇਤਾ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸੰਜਮ ਤੋਂ ਕੰਮ ਲੈਣ ਅਤੇ ਉਸੇ ਸਵੈ-ਜ਼ਾਬਤੇ ਦੀ ਭਾਵਨਾ ਨਾਲ ਕਿਸਾਨਾਂ ਪ੍ਰਤੀ ਇਕਜੁਟਤਾ ਪ੍ਰਗਟਾਉਣ ਦੀ ਅਪੀਲ ਕੀਤੀ ਹੈ ਜੋ ਹੁਣ ਤੱਕ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਲੱਖਾਂ ਸਮਰਥਕਾਂ ਨੇ ਦਿਖਾਇਆ ਹੈ।

ਮੁੱਖ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸਿਆਸੀ ਕਾਰਕੁੰਨ ਦੇ ਘਰ ਵਿੱਚ ਜ਼ੋਰ-ਜ਼ਬਰਦਸਤੀ ਨਾਲ ਦਾਖ਼ਲ ਹੋਣ ਦੀਆਂ ਕੋਸ਼ਿਸ਼ ਕਰਨ ਜਾਂ ਉਨ੍ਹਾਂ ਦੇ ਘਰਾਂ ਦਾ ਘਿਰਾਓ ਕਰਨ ਨਾਲ ਅਮਨ-ਚੈਨ ਦਾ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਵੱਖੋ-ਵੱਖ ਧਰਮਾਂ, ਜਾਤਾਂ ਅਤੇ ਭਾਈਚਾਰਿਆਂ ਦਰਮਿਆਨ ਇਕਜੁਟਤਾ ਨੂੰ ਢਾਹ ਲੱਗ ਸਕਦੀ ਹੈ ਜੋ ਕਿ ਸਦਭਾਵਨਾ ਅਤੇ ਏਕਤਾ ਦੇ ਰੰਗ ਵਿੱਚ ਰੰਗੀ ਪੰਜਾਬੀਅਤ ਦੀ ਭਾਵਨਾ ਦੇ ਬਿਲਕੁਲ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਸਿਆਸਤ ਆਪਣੀ ਥਾਂ ਹੈ ਪਰ ਸਾਨੂੰ ਪੰਜਾਬੀਅਤ ਦੀ ਭਾਵਨਾ ਬੁਲੰਦ ਰੱਖਣੀ ਚਾਹੀਦੀ ਹੈ।

- Advertisement -

ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਵਿਸ਼ਵਾਸ ਰੱਖਣ ਲਈ ਆਖਿਆ ਜੋ ਕੇਂਦਰ ਸਰਕਾਰ ਨਾਲ ਕਾਲੇ ਖੇਤੀ ਕਾਨੂੰਨਾਂ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨ ਜਾਂ ਹਿੰਸਕ ਕਾਰਵਾਈਆਂ ਉਨ੍ਹਾਂ ਦੇ ਸ਼ਾਂਤਮਈ ਮੁਜ਼ਾਹਰਾ ਕਰਨ ਦੇ ਹੱਕ ਦੇ ਵਿਰੁੱਧ ਭੁਗਤਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਕੇ ਸਿਆਸੀ ਆਗੂਆਂ ਜਾਂ ਕਾਰਕੁੰਨਾਂ ਨੂੰ ਪ੍ਰੇਸ਼ਾਨ ਕਰਨ ਨਾਲ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਵਿਗਾੜ ਪੈਦਾ ਕਰ ਸਕਦਾ ਹੈ ਜਦਕਿ ਪੰਜਾਬ ਨੂੰ ਬੀਤੇ ਕੁਝ ਵਰ੍ਹਿਆਂ ਵਿੱਚ ਮੁਲਕ ਦਾ ਸਭ ਤੋਂ ਸ਼ਾਂਤਮਈ ਸੂਬਾ ਬਣ ਦਾ ਮਾਣ ਹਾਸਲ ਹੋਇਆ ਹੈ।

Share this Article
Leave a comment