ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਮਾਗਮ ਪਾਕਿਸਤਾਨ ’ਚ ਪੰਜ ਦਿਨ ਹੀ ਕਰਨ ਦਾ ਫੈਸਲਾ

TeamGlobalPunjab
1 Min Read

ਨਿਊਜ਼ ਡੈਸਕ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਐਤਕੀਂ ਪੰਜ ਦਿਨ ਹੀ ਹੋਣਗੇ। ਕਰੋਨਾ ਮਹਾਂਮਾਰੀ ਦਾ ਪ੍ਰਭਾਵ ਜਾਰੀ ਰਹਿਣ ਕਾਰਨ ਇਹ ਫ਼ੈਸਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਪੀਬੀ (ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ) ਦੇ ਅਫਸਰਾਂ ਦੀ ਲਾਹੌਰ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ ਤੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸੰਖੇਪ ਰੂਪ ’ਚ ਕੀਤੇ ਜਾਣਗੇ। ਇਹ ਸਮਾਗਮ ਸਿਰਫ਼ ਪੰਜ ਦਿਨਾਂ ਵਾਸਤੇ ਨਨਕਾਣਾ ਸਾਹਿਬ ਵਿਖੇ ਹੀ ਹੋਣਗੇ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੀਆਂ ਸਮਾਗਮਾਂ ਸੰਬੰਧੀ ਡਿਊਟੀਆਂ ਵੀ ਲਾਈਆਂ ਗਈਆਂ ਹਨ। ਸੂਤਰਾਂ ਦੇ ਹਵਾਲੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Share this Article
Leave a comment