ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਅੱਜ ਸੰਵਿਧਾਨਕ (126ਵੀਂ ਸੋਧ), ਬਿੱਲ-2019 ਤਹਿਤ ਐਸ.ਸੀ./ਐਸ.ਟੀ. ਕੋਟਾ, ਐਂਗਲੋ ਇੰਡੀਅਨ ਤੋਂ ਬਿਨਾਂ ਰਾਜ ਵਿੱਚ ਅਗਲੇ 10 ਸਾਲਾਂ ਲਈ ਜਾਰੀ ਰੱਖਣ ਅਤੇ ਹੋਰ ਅਹਿਮ ਵਿਧਾਨਕ ਕੰਮਕਾਜ ਲਈ 16 ਤੇ 17 ਜਨਵਰੀ, 2020 ਨੂੰ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਲਿਆ ਹੈ।
ਇਹ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਮੰਤਰੀ ਮੰਡਲ ਵਿੱਚ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਰਾਜਪਾਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 174 (1) ਤਹਿਤ ਸਦਨ ਦਾ 10ਵਾਂ ਸੈਸ਼ਨ ਸੱਦਣ ਲਈ ਸਿਫਾਰਸ਼ ਕਰਨ ਦਾ ਫੈਸਲਾ ਕੀਤਾ।
ਮੰਤਰੀ ਮੰਡਲ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ ਜਿਸ ਨਾਲ 16 ਜਨਵਰੀ ਨੂੰ ਸਵੇਰੇ 10 ਵਜੇ ਵਿਸ਼ੇਸ਼ ਸੈਸ਼ਨ ਸ਼ੁਰੂ ਹੋਵੇਗਾ। 17 ਜਨਵਰੀ ਨੂੰ ਸ਼ਰਧਾਂਜਲੀਆਂ ਦੇਣ ਉਪਰੰਤ ਸੰਵਿਧਾਨ ਬਿੱਲ (126ਵੀਂ ਸੋਧ), 2019 ਵਿੱਚ ਸੋਧ ਦੀ ਤਸਦੀਕ ਲਈ ਮਤਾ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਉਸੇ ਦਿਨ ਪ੍ਰਸਤਾਵਿਤ ਵਿਧਾਨਕ ਕੰਮਕਾਜ ਤੋਂ ਬਾਅਦ ਸਦਨ ਉਠਾ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਇਹ ਫੈਸਲਾ ਵੀ ਕੀਤਾ ਗਿਆ ਕਿ ਵੱਖ-ਵੱਖ ਬਿੱਲ ਜਿਹੜੇ ਵਿਸ਼ੇਸ਼ ਸੈਸ਼ਨ ਦੌਰਾਨ ਰੱਖੇ ਜਾਣੇ ਹਨ, ਨੂੰ ਪ੍ਰਵਾਨਗੀ ਦੇਣ ਲਈ ਮੰਤਰੀ ਮੰਡਲ ਦੀ ਅਗਲੀ ਮੀਟਿੰਗ 14 ਜਨਵਰੀ ਨੂੰ ਹੋਵੇਗੀ।