ਜਗਤਾਰ ਸਿੰਘ ਸਿੱਧੂ;
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਅਹਿਮ ਫ਼ੈਸਲਾ ਸੁਣਾਉਂਦਿਆਂ ਕਰਨਲ ਬਾਠ ਦੀ ਪੁਲਿਸ ਵਲੋਂ ਕੁੱਟਮਾਰ ਦੇ ਮਾਮਲੇ ਵਿੱਚ ਜਾਂਚ ਚੰਡੀਗੜ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ ਜਾਂਚ ਟੀਮ ਵਿੱਚ ਪੰਜਾਬ ਪੁਲੀਸ ਦਾ ਕੋਈ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ । ਜਾਂਚ ਦਾ ਕੰਮ ਚਾਰ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਅਤੇ ਪਰਿਵਾਰ ਨੇ ਹਾਈਕੋਰਟ ਦੇ ਫ਼ੈਸਲੇ ਉੱਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ।
ਜਿਕਰਯੋਗ ਹੈ ਕਿ ਕਰਨਲ ਬਾਠ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ ਹੈ। ਕਰਨਲ ਬਾਠ ਦੇ ਪਰਿਵਾਰ ਵੱਲੋਂ ਲਗਾਤਾਰ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪੰਜਾਬ ਸਰਕਾਰ ਵੱਲੋਂ ਸਬੰਧਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ।ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ ਸਿੱਟ ਕਾਇਮ ਕੀਤੀ ਗਈ ਅਤੇ ਟੀਮ ਨੇ ਜਾਂਚ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਕਰਨਲ ਬਾਠ ਦੀ ਪਤਨੀ ਵਲੋਂ ਨਿਆਂ ਲੈਣ ਲਈ ਪਹਿਲਾਂ ਤਾਂ ਕੇਂਦਰੀ ਕੈਬਨਿਟ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ। ਕਰਨਲ ਦਾ ਪਰਿਵਾਰ ਲਗਾਤਾਰ ਇਹ ਆਖ ਰਿਹਾ ਸੀ ਕਿ ਪੰਜਾਬ ਪੁਲਿਸ ਦੀ ਜਾਂਚ ਉਤੇ ਉਨਾਂ ਨੂੰ ਭਰੋਸਾ ਨਹੀਂ ਹੈ ।ਇਸ ਲਈ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ। ਇਸੇ ਦੌਰਾਨ ਕਰਨਲ ਬਾਠ ਦੀ ਪਤਨੀ ਵਲੋਂ ਨਿਆਂ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ। ਮੁੱਖ ਮੰਤਰੀ ਮਾਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੂਰਾ ਨਿਆਂ ਮਿਲੇਗਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਇਸ ਸਭ ਕੁਝ ਦੇ ਚਲਦਿਆਂ ਬਾਠ ਪਰਿਵਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਨਿਆਂ ਲੈਣ ਲਈ ਬੂਹਾ ਖੜਕਾਇਆ ਗਿਆ ।ਹੁਣ ਅਦਾਲਤ ਵਲੋਂ ਜਾਂਚ ਦਾ ਮਾਮਲਾ ਚੰਡੀਗੜ ਪੁਲਿਸ ਦੇ ਹਵਾਲੇ ਕਰਨ ਨਾਲ ਜਿੱਥੇ ਪਰਿਵਾਰ ਨੇ ਤਸਲੀ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਵੀ ਉੱਠੇ ਹਨ ਸਵਾਲ ।ਆਖਿਰ ਪੰਜਾਬ ਪੁਲਿਸ ਤੋਂ ਜਾਂਚ ਦਾ ਕੰਮ ਕਿਉਂ ਵਾਪਸ ਲਿਆ ਗਿਆ? ਇਸ ਮਾਮਲੇ ਵਿੱਚ ਪਰਿਵਾਰ ਨੂੰ ਪੁਲਿਸਜਾਂਚ ਤੇ ਤਸਲੀ ਕਿਉਂ ਨਹੀਂ ਹੋਈ । ਇਸ ਜਾਂਚ ਦੇ ਮਾਮਲੇ ਵਿੱਚ ਹੁਣ ਸਾਰੀਆਂ ਧਿਰਾਂ ਦੀ ਸਹਿਮਤੀ ਇਕ ਚੰਗਾ ਪੱਖ ਹੈ। ਇਸ ਨਾਲ ਜਿੱਥੇ ਪੀੜਤ ਪਰਿਵਾਰ ਨੂੰ ਤਸਲੀ ਹੋਈ ਹੈ ਅਤੇ ਇਨਸਾਫ਼ ਦੀ ਉਮੀਦ ਬਣੀ ਹੈ ਉਥੇ ਇਸ ਮਾਮਲੇ ਉੱਪਰ ਵਿਵਾਦ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੈ।
ਸੰਪਰਕ 9814002186