ਤਾਲਾਬੰਦੀ ਦੌਰਾਨ ਲੋਕਾਂ ਦੀ ਸਹਿਣ-ਸ਼ਕਤੀ ਅਤੇ ਸਬਰ ਵਿੱਚ ਵਾਧਾ ਹੋਇਆ

TeamGlobalPunjab
5 Min Read

-ਅਵਤਾਰ ਸਿੰਘ

ਕੋਵਿਡ-19 ਦੀ ਮਾਹਾਂਮਾਰੀ ਨੂੰ ਰੋਕਣ ਲਈ ਭਾਰਤ ਵਿੱਚ ਇਕ ਦਮ ਘੋਸ਼ਿਤ ਕੀਤੇ ਗਏ ਲਾਕਡਾਊਨ ਕਾਰਨ ਇੱਕ ਵਾਰੀ ਤਾਂ ਜਿਵੇਂ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਈ ਸੀ। ਇਸ ਸਮੇਂ ਦੌਰਾਨ ਲੋਕ ਆਪਣੇ ਘਰਾਂ ਵਿੱਚ ਬੰਦ ਹੋਣ ਕਾਰਨ ਆਪਣੇ ਆਲੇ-ਦੁਆਲੇ ਨਾਲੋਂ ਬਿਲਕੁਲ ਹੀ ਟੁੱਟ ਗਏ ਸਨ। ਇਹ ਦੂਰੀ ਕੇਵਲ ਸਰੀਰ ਦੀ ਹੀ ਨਹੀਂ ਬਲਕਿ ਮਾਨਸਿਕ ਅਤੇ ਸਮਾਜਿਕ ਵੀ ਸੀ ਅਤੇ ਇਸ ਸਮੇਂ ਲੋਕਾਂ ਨੂੰ ਜੋੜਨ ਅਤੇ ਘਰ ਤੋਂ ਬਾਹਰ ਸੰਪਰਕ ਰੱਖਣ ਦੇ ਬਹੁਤ ਹੀ ਥੋੜੇ ਜ਼ਰੀਏ ਸਨ।

ਇਸ ਸਮੇਂ ਦੌਰਾਨ ਲੋਕਾਂ ਨੇ ਰੇਡੀਓ, ਟੀ.ਵੀ ਅਤੇ ਇੰਟਰਨੈਟ ਰਾਹੀਂ ਇੱਕ-ਦੂਜੇ ਨਾਲ ਮੇਲ-ਜੋਲ ਬਣਾਈ ਰੱਖਿਆ, ਇਹਨਾਂ ਸਾਧਨਾ ਰਾਹੀਂ ਹੀ ਲੋਕਾਂ ਨੇ ਦੁਨੀਆਂ ਭਰ ਤੋਂ ਖਬਰਾਂ ਸੁਣੀਆਂ, ਨਵੀਂ ਜਾਣਕਾਰੀ ਹਾਸਿਲ ਕੀਤੀ ਅਤੇ ਆਪਣਾ ਮੰਨੋਰੰਜਨ ਕੀਤਾ। ਇਸ ਸਭ ਦੇ ਬਾਵਜੂਦ ਲੋਕਾਂ ਲਈ 24 ਘੰਟੇ ਦਾ ਸਮਾਂ ਘਰ ਵਿੱਚ ਬਤੀਤ ਕਰਨਾ ਬਹੁਤ ਮੁਸ਼ਕਿਲ ਸੀ। ਜਿਵੇਂ- ਜਿਵੇਂ ਲਾਕਡਾਊਨ ਵਧਦਾ ਗਿਆ ਲੋਕਾਂ ਵੱਲੋਂ ਟੀ.ਵੀ ਅਤੇ ਇੰਟਰਨੈਟ ਦੀ ਵਰਤੋਂ ਵੀ ਵਧਦੀ ਗਈ।

ਇਹ ਇੱਕ ਆਮ ਨਾਲੋਂ ਵੱਖਰੀ ਸਥਿਤੀ ਸੀ, ਜਿਸਨੂੰ ਸਮਝਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਸਾਰ ਸਿੱਖਿਆ ਅਤੇ ਪ੍ਰਬੰਧਨ ਵਿਭਾਗ ਦੇ ਮੁਖੀ ਅਤੇ ਪ੍ਰਮੁੱਖ ਵਿਗਿਆਨੀ ਡਾ. ਕਿਰਨਜੋਤ ਸਿੱਧੂ, ਵਿਗਿਆਨੀ ਡਾ.ਮਨਜੋਤ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਵੱਲੋਂ ਕੋਰੋਨਾ ਮਾਹਾਂਮਾਰੀ ਕਾਰਨ ਹੋਈ ਤਾਲਾਬੰਦੀ ਦੌਰਾਨ ਲੋਕਾਂ ਦੁਆਰਾ ਸਮਾਂ ਘਰ ਵਿੱਚ ਬਤੀਤ ਕਰਨ ਸੰਬੰਧੀ ਇੱਕ ਆਨਲਾਇਨ ਸਰਵੇਖਣ ਕੀਤਾ ਗਿਆ।

- Advertisement -

ਇਸ ਸਰਵੇਖਣ ਵਿੱਚ ਭਾਰਤ ਦੇ ਕੁੱਲ 12 ਰਾਜਾਂ ਦੇ 500 ਲੋਕਾਂ ਨੇ ਹਿੱਸਾ ਲਿਆ। ਇਸ ਸਰਵੇਖਣ ਵਿੱਚ ਇੱਕ-ਤਿਹਾਈ ਮਰਦ ਅਤੇ ਬਾਕੀ ਔਰਤਾਂ ਸਨ।ਜਿਨ੍ਹਾਂ ਵਿੱਚ ਵਿਦਿਆਰਥੀ, ਘਰੇਲੂ ਔਰਤਾਂ, ਕਿਸਾਨ, ਸਰਕਾਰੀ ਅਤੇ ਪ੍ਰਾਈਵੇਟ ਅਧਿਕਾਰੀ ਅਤੇ ਕਾਰੋਬਾਰੀ ਆਦਿ ਸਨ ਸ਼ਾਮਿਲ ਸਨ।

ਡਾ ਕਿਰਨਜੋਤ ਸਿੱਧੂ ਨੇ ਦੱਸਿਆ ਕਿ ਨਤੀਜਿਆਂ ਤੋਂ ਇਹ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਤਾਲਾਬੰਦੀ ਬਾਰੇ ਲੋਕਾਂ ਦਾ ਕੋਈ ਵਿਸ਼ੇਸ ਪੱਖ ਸੀ। ਜ਼ਿਆਦਾਤਰ ਨਿਰਪੱਖ ਲੋਕਾਂ ਦਾ ਇਹ ਵਿਚਾਰ ਸੀ ਕਿ ਜਿੱਥੇ ਤਾਲਾਬੰਦੀ ਦੇ ਕੁਝ ਫ਼ਾਇਦੇ ਹਨ ਉੱਥੇ ਹੀ ਕੁਝ ਨੁਕਸਾਨ ਵੀ ਹਨ।

ਇਸ ਦੌਰਾਨ ਲੋਕ ਜ਼ਿਆਦਾਤਰ ਸਮਾਂ ਸ਼ੋਸਲ ਮੀਡੀਆ ਦੀ ਵਰਤੋਂ ਵਿੱਚ ਲਗਾਉਂਦੇ ਸਨ ਅਤੇ ਉਸਤੋਂ ਘੱਟ ਟੀ.ਵੀ ਦੇ ਕੋਈ ਪ੍ਰੋਗਰਾਮ ਜਾਂ ਫ਼ਿਲਮਾਂ ਦੇਖ ਕੇ ਬਿਤਾਉਂਦੇ ਸਨ। ਬਹੁਤ ਹੀ ਘੱਟ ਗਿਣਤੀ ਵਿੱਚ ਇਹੋ ਜਿਹੇ ਲੋਕ ਪਾਏ ਗਏ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਵੀ ਸ਼ੋਸਲ ਮੀਡੀਆ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ। ਆਮ ਧਾਰਨਾ ਤੋਂ ਉਲਟ, ਤਾਲਾਬੰਦੀ ਦਾ ਲੋਕਾਂ ਅਨੁਸਾਰ ਸਭ ਤੋਂ ਫ਼ਾਇਦੇਮੰਦ ਪੱਖ ਜ਼ਿੰਦਗੀ ਦੀ ਦੌੜ ਨੂੰ ਨੱਥ ਪਾਉਣਾ ਸੀ। ਲੋਕਾਂ ਨੇ ਇਸ ਦੌਰਾਨ ਇਸ ਲਈ ਖੁਸ਼ੀ ਮਹਿਸੂਸ ਕੀਤੀ ਕਿ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਰੋਜ਼ ਦੀ ਦੌੜ-ਭੱਜ ਤੋਂ ਆਰਾਮ ਮਿਲਿਆ ਹੈ। ਇਸ ਖੁਸ਼ੀ ਦਾ ਇੱਕ ਕਾਰਨ ਪਰਿਵਾਰ ਲਈ ਸਮਾਂ ਮਿਲਣਾ, ਵਾਤਾਵਰਣ ਦਾ ਸਾਫ਼ ਹੋਣਾ ਅਤੇ ਆਪਣੇ ਦਫ਼ਤਰੀ ਕੰਮ ਨੂੰ ਜ਼ਿਆਦਾ ਲਾਭਕਾਰੀ ਤਰੀਕੇ ਨਾਲ ਕਰਨਾ ਵੀ ਸੀ। ਪਰ ਦੂਸਰੇ ਪਾਸੇ ਕੁਝ ਲੋਕਾਂ ਨੇ ਘਰ ਵਿੱਚ ਬੰਦ ਹੋਣ ਕਾਰਨ ਚਿੜਚਿੜਾਪਨ ਅਤੇ ਤਣਾਅ ਵੀ ਮਹਿਸੂਸ ਕੀਤਾ। ਹਾਲਾਂਕਿ ਇਹਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਵਧੇਰੇ ਇਹ ਉਹ ਲੋਕ ਸਨ ਜਿਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਸਮੇਂ ਸਿਰ ਨਾ ਮਿਲ ਸਕਿਆ, ਡਾਕਟਰੀ ਸਹੂਲਤ ਨਹੀਂ ਮਿਲੀ ਜਾਂ ਉਹਨਾਂ ਦੇ ਰੋਜ਼ਾਨਾ ਦੇ ਕੰਮ ਜਿਵੇਂ ਕਿ ਸੈਰ ਜਾਂ ਕਸਰਤ ਆਦਿ ਵਿੱਚ ਰੁਕਾਵਟ ਪਈ ਸੀ। ਲੋਕਾਂ ਅਨੁਸਾਰ ਤਾਲਾਬੰਦੀ ਦੌਰਾਨ ਉਹਨਾਂ ਦੀ ਸਹਿਣ-ਸ਼ਕਤੀ ਅਤੇ ਸਬਰ ਵਿੱਚ ਵਾਧਾ ਹੋਇਆ ਅਤੇ ਉਹਨਾਂ ਨੂੰ ਸਮਾਜਿਕ ਮੇਲ-ਜੋਲ ਅਤੇ ਰਿਸ਼ਤਿਆਂ ਦੀ ਮਹੱਤਤਾ ਦਾ ਪਤਾ ਲੱਗਿਆ ਹੈ। ਜਿਸਦੇ ਕਾਰਨ ਉਹ ਤਾਲਾਬੰਦੀ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਮਿਲਣਾ ਚਹੁੰਦੇ ਹਨ। ਕੁਝ ਲੋਕਾਂ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰੁਝਣ ਨੂੰ ਹੀ ਮਹੱਤਤਾ ਦਿੱਤੀ।ਉਹਨਾਂ ਅਨੁਸਾਰ ਰੋਜ਼ਾਨਾ ਦੇ ਕੰਮਾਂ ਵਿੱਚ ਆਈ ਰੁਕਾਵਟ ਕਾਰਨ ਕਾਫ਼ੀ ਨੁਕਸਾਨ ਹੋਏ ਹਨ।

ਇਸ ਸਰਵੇਖਣ ਦੇ ਨਤੀਜਿਆਂ ਨੂੰ ਦੇਖਦਿਆਂ ਹੋਇਆਂ ਪੀ.ਏ.ਯੂ ਦੇ ਪ੍ਰਸਾਰ ਸਿੱਖਿਆ ਅਤੇ ਪ੍ਰਬੰਧਨ ਵਿਭਾਗ ਦੇ ਪ੍ਰੋਫੈਸਰਾਂ ਨੇ ਰੇਡੀਓ ਵਾਰਤਾਲਾਪ ਦੁਆਰਾ ਲੋਕਾਂ ਨੂੰ ਲਾਕਡਾਊਨ ਦੇ ਸਮੇਂ ਦੀ ਸੁਚੱਜੀ ਵਰਤੋਂ, ਸ਼ੋਸਲ ਮੀਡੀਆ ਦੇ ਸਹੀ ਉਪਯੋਗ ਅਤੇ ਇੰਟਰਨੈਟ ਨੂੰ ਜਾਣਕਾਰੀ ਅਤੇ ਕੁਸ਼ਲਤਾ ਵਧਾਉਣ ਲਈ ਉਪਯੋਗ ਕਰਨ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਇੰਟਰਨੈਟ ਅਤੇ ਸ਼ੋਸਲ ਮੀਡੀਆ ਦੀ ਲੋੜ ਨਾਲੋਂ ਵੱਧ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਵਡਮੁੱਲੀ ਜਾਣਕਾਰੀ ਦਿੱਤੀ ਗਈ।

ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਤਾਲਾਬੰਦੀ ਦੌਰਾਨ ਜ਼ਿਆਦਾਤਰ ਲੋਕਾਂ ਨੇ ਸਮਾਂ ਬਿਤਾਉਣ ਲਈ ਟੀ.ਵੀ ਪ੍ਰੋਗਰਾਮਾਂ, ਫ਼ਿਲਮਾਂ, ਇੰਟਰਨੈਟ ਜਾਂ ਸ਼ੋਸਲ ਮੀਡੀਆ ਦਾ ਬਹੁਤ ਜ਼ਿਆਦਾ ਉਪਯੋਗ ਕੀਤਾ ਹੈ।ਪਰ ਇਹਨਾਂ ਦੀ ਅੰਨੇਵਾਹ ਵਰਤੋਂ ਸਾਡੇ ਦਿਲ-ਦਿਮਾਗ ਅਤੇ ਸਰੀਰ ‘ਤੇ ਕਿਹੋ ਜਿਹਾ ਅਸਰ ਛੱਡੇਗਾ। ਇਹ ਤਾਂ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਆਉਣ ਵਾਲਾ ਸਮਾਂ ਹੀ ਦੱਸੇਗਾ।

- Advertisement -
Share this Article
Leave a comment