ਖ਼ਤਰੇ ‘ਚ ਹੈ ਬਾਲੜੀਆਂ ਦਾ ਜਨਮ ਤੇ ਜੀਵਨ – ਵਿਸ਼ਵ ਬਾਲੜੀ ਦਿਵਸ

TeamGlobalPunjab
8 Min Read

-ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ;

ਦੁਨੀਆਂ ਭਰ ਦੇ ਵਿਦਵਾਨਾਂ ਤੇ ਮਹਾਂਪੁਰਖਾਂ ਨੇ ਸਦਾ ਹੀ ਨਾਰੀ ਦੇ ਹੱਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਤੇ ਨਾਰੀ ਨੂੰ ਪੁਰਖ ਤੋਂ ਉੱਤਮ ਐਲਾਨਿਆ ਹੈ ਪਰ ਤਲਖ਼ ਹਕੀਕਤ ਇਹ ਵੀ ਹੈ ਕਿ ਹਰੇਕ ਯੁਗ ਵਿੱਚ ਨਾਰੀ ਨੂੰ ਹੀ ‘ ਅਗਨ ਪ੍ਰੀਖਿਆ’ ਦੇਣੀ ਪਈ ਹੈ। ਅਜੋਕੇ ਯੁਗ ਨੂੰ ਬੇਸ਼ੱਕ ਵਿਗਿਆਨ ਤੇ ਤਕਨੀਕ ਦਾ ਯੁਗ ਐਲਾਨਿਆ ਜਾਂਦਾ ਹੈ ਪਰ ਇਸੇ ਯੁਗ ਵਿੱਚ ਦੁਨੀਆਂ ਭਰ ਅੰਦਰ ਤੇ ਖ਼ਾਸ ਕਰਕੇ ਏਸ਼ੀਆਈ ਖਿੱਤੇ ਵਿੱਚ ਨਾਰੀ ਦਾ ਜਨਮ ਤੇ ਜੀਵਨ ਭਾਰੀ ਖ਼ਤਰੇ ਵਿੱਚ ਲੰਘ ਰਿਹਾ ਹੈ। ਅੱਜ ਬਾਲੜੀਆਂ ਨੂੰ ਅਸੰਖਾਂ ਹੀ ਔਕੜਾਂ ਦਰਪੇਸ਼ ਹਨ ਤੇ ਵਹਿਸ਼ੀ ਦਰਿੰਦਿਆਂ ਦੇ ਹੱਥੋਂ ਬੇਪੱਤ ਹੋਣ ਦਾ ਖ਼ਤਰਾ ਸਦਾ ਹੀ ਉਨ੍ਹਾ ਦੇ ਸਿਰਾਂ ‘ਤੇ ਮੰਡਰਾਉਂਦਾ ਰਹਿੰਦਾ ਹੈ। ਘਰ ਤੇ ਬਾਹਰ ਦੋਵਾਂ ਥਾਵਾਂ ‘ਤੇ ਬਾਲੜੀਆਂ ਨੂੰ ਆਪਣੇ ਬਿਹਤਰ ਭਵਿੱਖ ਲਈ ਭਾਰੀ ਸੰਘਰਸ਼ ਕਰਨਾ ਪੈਂਦਾ ਹੈ। ਕੋਝੀਆਂ ਪ੍ਰੰਪਰਾਵਾਂ ਦੀ ਆੜ ਵਿੱਚ ਬੇਟੇ ਦੇ ਚਾਹਤ ਨੇ ਅਸੰਖਾਂ ਬੇਟੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਇਸ ਜਹਾਨੋਂ ਤੋਰ ਦਿੱਤਾ ਹੈ ਤੇ ਦਾਜ ਜਾਂ ਤੇਜ਼ਾਬ ਦੀ ਬਲੀ ਚੜ੍ਹੀਆਂ ਬੱਚੀਆਂ ਦਾ ਤਾਂ ਜੀਵਨ ਹੀ ਨਰਕ ਬਣਾ ਦਿੱਤਾ ਗਿਆ ਹੈ।

ਅੱਜ ਵਿਸ਼ਵ ਬਾਲੜੀ ਦਿਵਸ ਹੈ। ਸਭ ਤੋਂ ਪਹਿਲਾ ਵਿਸ਼ਵ ਬਾਲੜੀ ਦਿਵਸ ਸੰਨ 2012 ਦੀ 11 ਅਕਤੂਬਰ ਨੂੰ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਏ ਜਾਣ ਦੀ ਮੰਗ ਸਭ ਤੋਂ ਪਹਿਲਾਂ ਇੱਕ ਸਮਾਜ ਸੇਵੀ ਸੰਸਥਾ ‘ ਪਲੈਨ ਇੰਟਰਨੈਸ਼ਨਲ ’ ਦੀ ਕਨੇਡਾ ਸਥਿਤ ਸ਼ਾਖ਼ਾ ਨੇ ‘ਕਿਉਂਕਿ ਮੈਂ ਇੱਕ ਬਾਲੜੀ ਹਾਂ ’ ਸਿਰਲੇਖ ਵਾਲੀ ਇੱਕ ਮੁਹਿੰਮ ਤਹਿਤ ਕਨੇਡਾ ਦੀ ਸਰਕਾਰ ਤੋਂ ਕੀਤੀ ਸੀ ਤੇ ਜਿਸਦੇ ਪ੍ਰਭਾਵ ਹੇਠ ਕਨੇਡਾ ਦੀ ਮੰਤਰੀ ਰੌਨਾ ਐਂਬਰੌਸ ਬਾਲੜੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਹਿਤ ਜਾਗਰੂਕਤਾ ਲਈ ਅਜਿਹਾ ਇੱਕ ਦਿਨ ਮਨਾਏ ਜਾਣ ਦਾ ਮਤਾ ਪੇਸ਼ ਕੀਤਾ ਸੀ ਤੇ ਉਪਰੰਤ ਸੰਯੁਕਤ ਰਾਸ਼ਟਰ ਸੰਘ ਤੱਕ ਵੀ ਇਹ ਆਵਾਜ਼ ਪੰਹੁਚਾਈ ਗਈ ਜਿਸ ਕਰਕੇ 19 ਦਸੰਬਰ, ਸੰਨ 2011 ਨੂੰ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਭਾਵ ਆਮ ਸਭਾ ਨੇ ਇਹ ਮਤਾ ਪਾਸ ਕੀਤਾ ਕਿ ਪੂਰੀ ਦੁਨੀਆਂ ਨੂੰ ਲਿੰਗ ਭੇਦ ਰਾਹੀਂ ਅਣਜੰਮੀਆਂ ਅਤੇ ਜਨਮ ਲੈ ਚੁੱਕੀਆਂ ਬਾਲੜੀਆਂ ਨਾਲ ਹੋਣ ਵਾਲੇ ਵਿਤਕਰੇ ਤੋਂ ਜਾਣੂ ਕਰਵਾਉਣ ਲਈ ਅਤੇ ਬਾਲੜੀਆਂ ਨੂੰ ਦਰਪੇਸ਼ ਦਿੱਕਤਾਂ ਤੇ ਪ੍ਰੇਸ਼ਾਨੀਆਂ ਸਬੰਧੀ ਚਰਚਾ ਕਰਕੇ ਉਨ੍ਹਾ ਦੇ ਠੋਸ ਹੱਲ ਲੱਭਣ ਹਿੱਤ ਹਰ ਸਾਲ 11 ਅਕਤੂਬਰ ਨੂੰ ‘ ਵਿਸ਼ਵ ਬਾਲੜੀ ਦਿਵਸ ’ ਮਨਾਇਆ ਜਾਵੇਗਾ। ਸੰਯੁਕਤ ਰਾਸ਼ਟਰ ਸੰਘ ਵਿੱਚ ਔਰਤਾਂ ਦੀ ਭਲਾਈ ਦੀ ਰਾਜਦੂਤ ਐਮਾ ਵਾਟਸਨ ਨੇ ਆਪਣੇ ਸੰਬੋਧਨ ਵਿੱਚ ਵਿਸ਼ਵ ਦੇ ਸਮੂਹ ਸਰਕਾਰਾਂ ਅਤੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਸੀ – ‘‘ਬਾਲੜੀਆਂ ਸਬੰਧੀ ਕੁਰੀਤੀਆਂ ਜਿਵੇਂ ਕਿ ਬਾਲ ਵਿਆਹ,ਬਾਲ ਮਜ਼ਦੂਰੀ, ਲਿੰਗਕ ਹਿੰਸਾ, ਲਿੰਗ ਆਧਾਰਿਤ ਵਿਤਕਰਾ ਆਦਿ ਨੂੰ ਠੱਲ੍ਹ ਪਾਈ ਜਾਵੇ ਤੇ ਬਾਲੜੀਆਂ ਨਾਲ ਕੋਈ ਅਪਰਾਧਿਕ ਵਾਰਦਾਤ ਕਰਨ ਵਾਲਾ ਅਪਰਾਧੀ ਹਰਗ਼ਿਜ਼ ਵੀ ਬਖ਼ਸ਼ਿਆ ਨਾ ਜਾਵੇ।’’

ਸੰਨ 2014 ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ 62 ਮਿਲੀਅਨ ਬਾਲੜੀਆਂ ਸਿੱਖਿਆ ਸਹੂਲਤ ਤੋਂ ਵਿਰਵੀਆਂ ਸਨ ਤੇ ਹਰੇਕ ਚਾਰ ਵਿੱਚੋਂ ਇੱਕ ਬਾਲੜੀ ਵਿਆਹ ਲਈ ਢੁੱਕਵੀਂ ਉਮਰ ਤੱਕ ਪੁੱਜਣ ਤੋਂ ਪਹਿਲਾਂ ਹੀ ਵਿਆਹ ਦਿੱਤੀ ਜਾਂਦੀ ਸੀ। ਮੁੰਡਿਆਂ ਦੀ ਬਨਿਸਪਤ ਬਾਲੜੀਆਂ ਨਾਲ ਜਿਨ੍ਹਾ ਮੁੱਖ ਮੁੱਦਿਆਂ ‘ਤੇ ਵਿਤਕਰਾ ਕੀਤਾ ਜਾਂਦਾ ਹੈ ਉਹ ਹਨ :-ਸਿੱਖਿਆ ਤੱਕ ਪਹੁੰਚ,ਪੌਸ਼ਟਿਕ ਤੇ ਲੋੜੀਂਦੇ ਭੋਜਨ ਦੀ ਘਾਟ,ਕਾਨੂੰਨੀ ਹੱਕਾਂ ਦੀ ਘਾਟ,ਮੈਡੀਕਲ ਦੇਖਭਾਲ ਦੀ ਘਾਟ, ਸਮਾਜਿਕ ਅਸੁਰੱਖਿਆ,ਪਰਿਵਾਰਕ ਪੱਧਰ ‘ਤੇ ਵਿਤਕਰਾ,ਬਾਲ ਵਿਆਹ, ਜਿਸਮਾਨੀ ਛੇੜਛਾੜ ਦੀਆਂ ਸੂਚਿਤ ਕੀਤੀਆਂ ਘੱਟ ਅਤੇ ਅਣਸੂਚਿਤ ਵੱਧ ਘਟਨਾਵਾਂ ਆਦਿ। ਭਾਰਤ ਵਿੱਚ ਬਾਲੜੀਆਂ ਨਾਲ ਵਿਤਕਰੇ ਦੀ ਹਾਲਤ ਕਾਫ਼ੀ ਚਿੰਤਾਜਨਕ,ਖ਼ਤਰਨਾਕ ਅਤੇ ਦਰਦਨਾਕ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸੰਨ 2001 ਤੋਂ 2011 ਤੱਕ 80 ਲੱਖ ਬਾਲੜੀਆਂ ਨੂੰ ਮਾਂ ਦੇ ਪੇਟ ਵਿੱਚ ਹੀ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਸੰਨ 2011ਵਿੱਚ ਪ੍ਰਤੀ ਇੱਕ ਹਜ਼ਾਰ ਲੜਕਿਆਂ ਪਿੱਛੇ ਬਾਲੜੀਆਂ ਦੀ ਸੰਖਿਆ 944 ਸੀ ਜਦੋਂ ਕਿ ਪੰਜਾਬ,ਦਿੱਲੀ ਅਤੇ ਗੁਜਰਾਤ ਜਿਹੇ ਵਿੱਤੀ ਪੱਖੋਂ ਸੌਖੇ ਸੂਬਿਆਂ ਵਿੱਚ ਇਹ ਦਰ ਕਾਫੀ ਘੱਟ ਸੀ।

- Advertisement -

ਸਮਾਜ ਸੇਵੀ ਸੰਸਥਾ ‘ਸੇਵ ਦਿ ਗਰਲ ਚਾਈਲਡ ਆਰਗੇਨਾਈਜ਼ੇਸ਼ਨ ’ ਭਾਵ ‘ਬੇਟੀ ਬਚਾਓ ਸੰਸਥਾ ’ ਵੱਲੋਂ ਜਾਰੀ ਅਕੰੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਜਨਮ ਲੈਣ ਵਾਲੀਆਂ 1 ਕਰੋੜ 20 ਲੱਖ ਬਾਲੜੀਆਂ ਵਿੱਚੋਂ 10 ਲੱਖ ਬਾਲੜੀਆਂ ਆਪਣੀ ਉਮਰ ਦਾ ਪਹਿਲਾ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਇਸ ਜਹਾਨ ਤੋਂ ਟੁਰ ਜਾਂਦੀਆਂ ਹਨ ਅਤੇ 50 ਲੱਖ ਤੋਂ ਵੱਧ ਬਾਲੜੀਆਂ ਕੁਪੋਸ਼ਣ ਦੀਆਂ ਸ਼ਿਕਾਰ ਹੋ ਨਿੱਬੜਦੀਆਂ ਹਨ। ਸਾਲ 2016-17 ਦੇ ਸਰਕਾਰੀ ਅੰਕੜਿਆਂ ਅਨੁਸਾਰ ਬਾਲ ਵਿਆਹ ਦੇ ਸ਼ਿਕਾਰ ਬਣੇ 12.15 ਮਿਲੀਅਨ ਬੱਚਿਆਂ ਵਿੱਚੋਂ 8.9 ਮਿਲੀਅਨ ਅਣਭੋਲ ਬਾਲੜੀਆਂ ਸਨ ਤੇ ਇਨ੍ਹਾ ਨਾਬਾਲਿਗ ਬਾਲੜੀਆਂ ਦੀ ਸੰਖਿਆ ਨਾਬਾਲਿਗ ਲੜਕਿਆਂ ਦੇ ਮੁਕਾਬਲਤਨ ਤਿੰਨ ਗੁਣਾ ਵੱਧ ਸੀ। ਕੌਮੀ ਮਹਿਲਾ ਕਮਿਸ਼ਨ ਵੱਲੋਂ ਸੰਨ 2006 ਵਿੱਚ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਵਿੱਚ ਉਸ ਸਾਲ ਵੀ ਢਾਈ ਲੱਖ ਦੇਵਦਾਸੀਆਂ ਸਨ। ਜ਼ਿਕਰਯੋਗ ਹੈ ਕਿ ਹਿੰਦੂ ਮਾਨਤਾਵਾਂ ਅਨੁਸਾਰ ਪਰਿਵਾਰ ਵੱਲੋਂ ਆਪਣੀ ਬਾਲੜੀ ਨੂੰ ਮੰਦਰ ਨੂੰ ਸਦਾ ਲਈ ਭੇਂਟ ਕਰ ਦਿੱਤਾ ਜਾਂਦਾ ਸੀ ਜਾਂ ਮੰਦਰ ਦੇ ਦੇਵਤਾ ਨਾਲ ਵਿਆਹੇ ਜਾਣ ਦਾ ਪ੍ਰਪੰਚ ਰਚ ਕੇ ਹਮੇਸ਼ਾ ਲਈ ਮੰਦਰ ‘ਚ ਹੀ ਛੱਡ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਮੰਦਰ ਪ੍ਰਸ਼ਾਸ਼ਨ ਜਾਂ ਹੋਰ ਲੋਕਾਂ ਵੱਲੋਂ ਇਨ੍ਹਾ ਦੇਵਦਾਸੀਆਂ ਦਾ ਸ਼ਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ।

ਅੱਜ ਵੀ ਭਾਰਤ ਵਿੱਚ ਬਾਲੜੀਆਂ ਦੀ ਹਾਲਤ ਕੋਈ ਸੰਤੋਖਜਨਕ ਨਹੀਂ ਹੈ। ੳੁੱਤਰ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਵਿੱਚ ਮਾਸੂਮ ਬਾਲੜੀਆਂ ਨਾਲ ਜਿਸਮਾਨੀ ਛੇੜਛਾੜ ਜਾਂ ਕੁਕਰਮ ਕੀਤੇ ਜਾਣ ਦੀਆਂ ਸ਼ਰਮਨਾਕ ਘਟਨਾਵਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। ਦਸਾਂ ਵਿੱਚੋ ਹਰੇਕ ਇੱਕ ਬਾਲੜੀ ਪਰਿਵਾਰਕ ਮੈਂਬਰ,ਰਿਸ਼ਤੇਦਾਰ,ਗੁਆਂਢੀ,ਸਹਿਪਾਠੀ,ਸਕੂਲ ਸਟਾਫ਼ ਜਾਂ ਬਦਮਾਸ਼ਾਂ ਹੱਥੋਂ ਜਿਸਮਾਨੀ ਛੇੜਛਾੜ ਦੀ ਸ਼ਿਕਾਰ ਬਣ ਰਹੀ ਹੈ। ਮੁਲਕ ਭਰ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਵਿੱਚੋਂ 28 ਫ਼ੀਸਦੀ ਨਾਬਾਲਿਗ ਬਾਲੜੀਆਂ ਹੁੰਦੀਆਂ ਹਨ। ਕਿੰਨੀ ਖ਼ਤਰਨਾਕ ਗੱਲ ਹੈ ਕਿ ਸਾਡੇ ਦੇਸ਼ ਵਿੱਚ ਹਰ ਸਾਲ ਗੁਮਸ਼ੁਦਾ ਹੋ ਜਾਣ ਵਾਲੇ ਕੁੱਲ ਬਚਿਆਂ ਵਿੱਚੋਂ 70 ਫ਼ੀਸਦੀ ਬਾਲੜੀਆਂ ਹੀ ਹੁੰਦੀਆਂ ਹਨ। ਯੂਨੀਸੈੱਫ਼ ਅਨੁਸਾਰ –‘‘ ਦੁਨੀਆਂ ਭਰ ਦੀਆਂ ਸਭ ਤੋਂ ਵੱਧ ਵਿਆਹੁਤਾ ਬਾਲੜੀਆਂ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ ਤੇ 47 ਫ਼ੀਸਦੀ ਕੁੜੀਆਂ ਨੂੰ ਤਾਂ ਅਠਾਰ੍ਹਾਂ ਸਾਲਾਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਹੈ। ਇਹ ਵਰਤਾਰਾ ਵਧੇਰੇ ਕਰਕੇ ਪੇਂਡੂ ਖੇਤਰਾਂ ਵਿੱਚ ਵਾਪਰਦਾ ਹੈ।’’ ਯੂਨੀਸੈੱਫ਼ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਦੁਨੀਆਂ ਵਿੱਚ ਹਰ ਸਾਲ 3 ਕਰੋੜ 20 ਲੱਖ ਲੜਕੀਆਂ ਪ੍ਰਾਇਮਰੀ ਪੱਧਰ ‘ਤੇ ਹੀ ਪੜ੍ਹਾਈ ਛੱਡ ਜਾਂਦੀਆਂ ਹਨ ਤੇ 2 ਕਰੋੜ 90 ਲੱਖ ਬੇਟੀਆਂ ਸੈਕੰਡਰੀ ਪੱਧਰ ‘ਤੇ ਪੜ੍ਹਨੋਂ ਹਟ ਜਾਂਦੀਆਂ ਹਨ ਤੇ 17 ਕਰੋੜ ਦੇ ਕਰੀਬ ਬਾਲੜੀਆਂ ਨੂੰ ਬਾਲ ਮਜ਼ਦੂਰੀ ਵਿੱਚ ਧੱਕ ਦਿੱਤਾ ਜਾਂਦਾ ਹੈ। ਜੰਗ ਦੇ ਹਾਲਾਤਾਂ ਵਾਲੇ ਮੁਲਕਾਂ ਦੀਆਂ 90 ਫ਼ੀਸਦੀ ਬਾਲੜੀਆਂ ਸਕੂਲ ਜਾਂਣਾ ਬੰਦ ਕਰ ਦਿੰਦੀਆਂ ਹਨ।

ਕਈ ਪੰਜਾਬੀ ਘਰਾਂ ਵਿੱਚ ਧੀਆਂ ਨੂੰ ਬੜਾ ਹੀ ਪਿਆਰ ਦਿੱਤਾ ਜਾਂਦਾ ਹੈ ਤੇ ਦਿੱਤਾ ਜਾਣਾ ਚਾਹੀਦਾ ਵੀ ਹੈ। ਕਿਸੇ ਵਿਦਵਾਨ ਨੇ ਬਿਲਕੁਲ ਸੱਚ ਕਿਹਾ ਹੈ – ‘‘ਇਹ ਸੱਚ ਨਹੀਂ ਕਿ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਪਰ ਇਹ ਸੱਚ ਹੈ ਕਿ ਕੁੜੀਆਂ ਬਿਨਾ ਘਰ ਹੀ ਨਹੀਂ ਹੁੰਦਾ।’’ ਇਸੇ ਤਰ੍ਹਾਂ ਇਹ ਵੀ ਕੋਈ ਅਤਿਕਥਨੀ ਨਹੀਂ ਹੈ ਕਿ ਧੀਆਂ ਬਹੁਤ ਹੀ ਖ਼ਾਸ ਹੁੰਦੀਆਂ ਹਨ ਕਿਉਂਕਿ ਧੀਆਂ ਨੂੰ ਤਾਂ ‘ ਪੁੱਤ’ ਕਹਿ ਕੇ ਵੀ ਬੁਲਾਇਆ ਜਾ ਸਕਦਾ ਹੈ ਪਰ ਪੁੱਤਾਂ ਨੂੰ ਧੀ ਨਹੀਂ ਕਹਿ ਸਕਦੇ ਹਾਂ। ਇੱਕ ਧੀ ਤੇ ਦੂਜਾ ਰੁੱਖ ਹਰ ਘਰ ਵਿੱਚ ਹੋਣਾ ਹੀ ਚਾਹੀਦਾ ਹੈ ਕਿਉਂਕਿ ਧੀ ਦੁੱਖ ਵਿੱਚ ਤੇ ਰੁੱਖ ਧੁੱਪ ਵਿੱਚ ਠੰਡਕ ਜ਼ਰੂਰ ਦਿੰਦੇ ਹਨ। ਇੱਕ ਪਿਤਾ ਵੱਲੋਂ ਆਖੇ ਇਹ ਬੋਲ ਕਿੰਨੇ ਜਜ਼ਬਾਤ ਭਰੇ ਹਨ – ‘‘ਮੇਰਾ ਪੁੱਤ ਉਦੋਂ ਤੱਕ ਮੇਰਾ ਹੈ ਜਦ ਤੱਕ ਉਸਦੀ ਪਤਨੀ ਨਹੀਂ ਆ ਜਾਂਦੀ ਤੇ ਮੇਰੀ ਧੀ ਉਦੋਂ ਤੱਕ ਮੇਰੀ ਹੈ ਜਦ ਤੱਕ ਮੈਨੂੰ ਮੌਤ ਨਹੀਂ ਆ ਜਾਂਦੀ।’’

ਮੋਬਾਇਲ: 97816-46008

Share this Article
Leave a comment