ਮਿਆਂਮਾਰ ‘ਚ ਵੱਧ ਰਿਹੈ ਲੋਕਾਂ ਦਾ ਵਿਰੋਧ ਪ੍ਰਦਰਸ਼ਨ,  ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਝੜਪ

TeamGlobalPunjab
2 Min Read

ਵਰਲਡ ਡੈਸਕ:ਮਿਆਂਮਾਰ ‘ਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ। ਫ਼ੌਜ ਦੀਆਂ ਤਮਾਮ ਪਾਬੰਦੀਆਂ ਤੋਂ ਬਾਅਦ ਵੀ ਬੀਤੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਹਜ਼ਾਰਾਂ ਲੋਕ ਸੜਕਾਂ ‘ਤੇ ਉੱਤਰੇ ਤੇ ਤਖ਼ਤਾਪਲਟ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਦੇਸ਼ ਦੇ ਪਛਾੜੇ ਗਏ ਸਰਵਉੱਚ ਨੇਤਾ ਆਂਗ ਸਾਂਗ ਸੂ ਕੀ ਦੇ ਹਮਾਇਤੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ, ਜਿਸ ਕਰਕੇ ਤਿੰਨ ਲੋਕ ਜ਼ਖ਼ਮੀ ਹੋ ਗਏ।

ਮਿਆਂਮਾਰ ਦੀ ਫ਼ੌਜ ਬੀਤੀ ਇਕ ਫ਼ਰਵਰੀ ਨੂੰ ਆਂਗ ਸਾਨ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਸਰਕਾਰ ਨੂੰ ਹਟਾ ਕੇ ਸੱਤਾ ‘ਤੇ ਕਾਬਜ਼ ਹੋ ਗਈ। ਦੇਸ਼ ਦੀ ਸਰਵਉੱਚ ਨੇਤਾ ਆਂਗ ਸਾਨ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਦੋਂ ਤੋਂ ਹੀ ਪੂਰੇ ਦੇਸ਼ ‘ਚ ਵਿਰੋਧ ਮੁਜ਼ਾਹਰਿਆਂ ਦਾ ਦੌਰ ਸ਼ੁਰੂ ਹੈ।

ਫ਼ੌਜ ਨੇ ਮੁਜ਼ਾਹਰਿਆਂ ‘ਤੇ ਰੋਕ ਲਾਉਣ ਦੀ ਕੋਸ਼ਿਸ਼ ‘ਚ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਾਉਣ ਦੇ ਨਾਲ ਹੀ ਕਈ ਸ਼ਹਿਰਾਂ ‘ਚ ਕਰਫਿਊ ਲਾ ਦਿੱਤਾ ਹੈ। ਇੰਟਰਨੈੱਟ ‘ਤੇ ਵੀ ਰੋਕ ਲਾ ਦਿੱਤੀ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਸੰਯੁਕਤ ਰਾਸ਼ਟਰ (ਯੂਐੱਨ) ਮਨੁੱਖੀ ਅਧਿਕਾਰ ਦਫ਼ਤਰ ਨੇ ਦੱਸਿਆ ਕਿ ਮਿਆਂਮਾਰ ‘ਚ ਸਿਆਸੀ ਲੋਕਾਂ ਤੇ ਵਰਕਰਾਂ ਸਮੇਤ 350 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਨੇਵਾ ‘ਚ ਮਨੁੱਖੀ ਅਧਿਕਾਰ ਪਰੀਸ਼ਦ ਦੇ ਇਕ ਵਿਸ਼ੇਸ਼ ਸੈਸ਼ਨ ‘ਚ ਯੂਐੱਨ ਜਾਂਚਕਰਤਾਵਾਂ ਨੇ ਦੱਸਿਆ ਕਿ ਮਿਆਂਮਾਰ ‘ਚ ਮੁਜ਼ਾਹਰਾਕਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਧਰ, ਮਿਆਂਮਾਰ ਦੇ ਕਰੀਬ 300 ਸੰਸਦ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਇਸ ਦੀ ਜਾਂਚ ਕਰਵਾਏ।

- Advertisement -

TAGGED: , ,
Share this Article
Leave a comment