‘ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਸਾਜ਼ਿਸ਼ ਤਹਿਤ ਅਕਾਲੀ ਦਲ ਦੇ ਇਕੱਠਾਂ ‘ਚ ਕਰਵਾਏ ਜਾ ਰਹੇ ਨੇ ਰੋਸ ਵਿਖਾਵੇ’

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਗੱਲ ਪੰਜਾਬ ਦੀ ਮੁਹਿੰਮ ਤਹਿਤ ਅਕਾਲੀ ਦਲ ਦੇ ਇਕੱਠਾਂ ਦੌਰਾਨ ਰੋਸ ਵਿਖਾਵੇ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਵਿਚ ਮਿਹਨਤ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਅਤੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।

ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਵਿਘਨ ਪਾਉਣ ਦੀ ਸਾਜ਼ਿਸ਼ ਦੇ ਦੋ ਮੰਤਵ ਹਨ ਪਹਿਲਾ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਮੁਲਤਵੀ ਕਰਵਾਉਣਾ ਤੇ ਦੂਜਾ ਸ਼ਾਂਤੀਪੂਰਨ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨਾ। ਉਹਨਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਇਸ ਸਾਜ਼ਿਸ਼ ਤੋਂ ਚਿੰਤਤ ਹਨ ਤੇ ਇਸੇ ਲਈ ਉਹਨਾਂ ਨੇ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਸਿਰਫ ਭਾਜਪਾ ਜੋ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰੀ ਹੈ, ਉਨ੍ਹਾਂ ਦੇ ਆਗੂਆਂ ਦੇ ਪੰਜਾਬ ‘ਚ ਸਿਆਸੀ ਪ੍ਰੋਗਰਾਮਾਂ ਦੌਰਾਨ ਹੀ ਰੋਸ ਵਿਖਾਵੇ ਕੀਤੇ ਜਾਣ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਵਾਏ ਭਾਜਪਾ ਦੇ ਹੋਰ ਕਿਸੇ ਪਾਰਟੀ ਖਿਲਾਫ ਰੋਸ ਵਿਖਾਵੇ ਕਰਨ ਨਾਲ ਸਿਰਫ ਕੇਂਦਰ ਸਰਕਾਰ ਨੂੰ ਮਦਦ ਮਿਲੇਗੀ ਅਤੇ ਕਿਸਾਨ ਹਿੱਤਾਂ ਨੂੰ ਸੱਟ ਵੱਜੇਗੀ।

ਮਜੀਠੀਆ ਨੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕਰ ਕੇ ਕਾਂਗਰਸ ਤੇ ਆਪ ਵਰਕਰਾਂ ਵੱਲੋਂ ਅਕਾਲੀ ਦਲ ਦੇ ਪ੍ਰੋਗਰਾਮਾਂ ‘ਚ ਵਿਘਨ ਪਾਉਣ ਅਤੇ ਉਹਨਾਂ ਦੀ ਕਾਰ ’ਤੇ ਹਮਲਾ ਕਰਨ ਦੇ ਨਾਲ-ਨਾਲ ਅੱਜ ਮੋਗਾ ‘ਚ ਕੀਤੀ ਹਿੰਸਾ ਕਰਨ ਦੀ ਸਾਜ਼ਿਸ਼ ਬੇਨਕਾਬ ਕੀਤੀ। ਉਹਨਾਂ ਨੇ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਮੈਂਬਰ ਹਰਵਿੰਦਰ ਰਾਣਾ ਦੀ ਤਸਵੀਰ ਪੇਸ਼ ਕੀਤੀ ਜਿਸਨੇ ਇਕ ਕਿਸਾਨ ਬਣ ਕੇ ਕੱਲ੍ਹ ਉਹਨਾਂ ਖਿਲਾਫ ਰੋਸ ਮੁਜ਼ਾਹਰੇ ਦੀ ਅਗਵਾਹੀ ਕੀਤੀ। ਉਹਨਾਂ ਨੇ ਰਾਣਾ ਦੀਆਂ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨਾਲ ਤਸਵੀਰਾਂ ਦੀਆਂ ਸੋਸ਼ਲ ਮੀਡੀਆ ਪੋਸਟ ਵੀ ਜਾਰੀ ਕੀਤੀਆਂ। ਉਹਨਾਂ ਨੇ ਲਾਡੀ ਦੇ ਇਕ ਹੋਰ ਸਮਰਥਕ ਪਿੰਟੂ ਸ਼ਾਹ ਪੰਨੂ ਦੀ ਤਸਵੀਰ ਵੀ ਜਾਰੀ ਕੀਤੀ ਜੋ ਕਿ ਕੱਲ੍ਹ ਦੇ ਸ੍ਰੀ ਹਰਿਗੋਬਿੰਦਪੁਰ ਰੋਸ ਵਿਖਾਵੇ ਦਾ ਹਿੱਸਾ ਸੀ। ਉਹਨਾਂ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਦਰਸ਼ਨ ਬਰਾੜ ਅਤੇ ਰਵਨੀਤ ਬਿੱਟੂ ਦੇ ਉਹਨਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜੋ ਕੱਲ੍ਹ ਕਿਸਾਨ ਬਣ ਕੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ ਸਨ।

ਮਜੀਠੀਆ ਨੇ ਕਿਹਾ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਪੰਜਾਬ ਦੀ ਮੁਹਿੰਮ ਤਹਿਤ ਹੋ ਰਹੇ ਪ੍ਰੋਗਰਾਮਾਂ ਵਿਚ ਰੋਸ ਪ੍ਰਦਰਸ਼ਨਾਂ ਵਜੋਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਮਰਾਲਾ ‘ਚ ਜਿਹਨਾਂ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ , ਉਹਨਾਂ ਦੀ ਪਛਾਣ ਕਾਂਗਰਸੀ ਵਰਕਰਾਂ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਮਲੌਟ ‘ਚ ਵੀ ਜਿਹੜੇ ‘ਕਿਸਾਨ ਆਗੂ’ ਰੋਸ ਪ੍ਰਦਰਸ਼ਲ ਦੀ ਅਗਵਾਈ ਕਰ ਰਹੇ ਸਨ, ਉਹਨਾਂ ਵਿਚ ਲੱਖਾ ਸ਼ਾਮਲ ਸੀ ਜੋ ਕਿ ਆਪ ਦੇ ਪ੍ਰਸਿੱਧ ਕਾਰਕੁੰਨ ਹੈ।

- Advertisement -

Share this Article
Leave a comment