ਇਸਲਾਮਾਬਾਦ : ਇੱਕ ਪਾਸੇ ਜਿੱਥੇ ਪਾਕਿਸਤਾਨੀ ਪ੍ਰਧਾਨ ਮੰਤਰੀ ਲਗਾਤਾਰ ਗੁਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਖੁਸ਼ੀਆਂ ਦੀਆਂ ਖ਼ਬਰਾਂ ਸੁਣਾ ਰਹੇ ਹਨ ਉੱਥੇ ਹੀ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਅੱਜ ਹਜਾਰਾਂ ਲੋਕਾਂ ਵੱਲੋਂ ਇਮਰਾਨ ਖਾਨ ਵਿਰੁੱਧ ਪਾਕਿਸਤਾਨੀ ਸੜਕਾਂ ‘ਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਰੋਸ ਪ੍ਰਦਰਸਨ ਮੌਲਾਨਾ ਫਜਲੁਰਹਿਮਾਨ ਦੀ ਅਗਵਾਈ ਵਿੱਚ ਕੱਢਿਆ ਜਾ ਰਿਹਾ ਹੈ ਅਤੇ ਇਹ ਇਸਲਾਮਾਬਾਦ ਪਹੁੰਚ ਗਿਆ ਹੈ।
ਦੱਸ ਦਈਏ ਕਿ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਇਹ ਮੰਗ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਆਹੁਦੇ ਤੋਂ ਅਸਤੀਫਾ ਦੇਣ। ਪਤਾ ਇਹ ਵੀ ਲੱਗਾ ਹੈ ਕਿ ਇਸ ਪ੍ਰਦਰਸ਼ਨ ਨੂੰ ਪਾਕਿ ਅੰਦਰ ਵੱਡੇ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਇਹ ਵੀ ਹੈ ਕਿ ਮੌਲਾਨਾ ਫਜਲੁਰਹਿਮਾਨ ਜਮੀਯਤ ਉਲੇਮਾ ਏ ਇਸਲਾਮ ਫਜਲ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਹੀ ਇਹ ਅਜਾਦੀ ਮਾਰਚ ਦੇ ਨਾਂ ‘ਤੇ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਪਤਾ ਲੱਗਾ ਹੈ ਕਿ ਇਹ ਪ੍ਰਦਰਸ਼ਨ ਕੱਲ੍ਹ ਇਸਲਾਮਾਬਾਦ ਪਹੁੰਚਣਾ ਸੀ ਪਰ ਬੀਤੀ ਕੱਲ੍ਹ ਪਾਕਿ ਅੰਦਰ ਵਾਪਰੇ ਬਹੁਤ ਦੁੱਖਦਾਈ ਰੇਲ ਹਾਦਸੇ ਕਾਰਨ ਇੱਕ ਦਿਨ ਲਈ ਅੱਗੇ ਪਾ ਦਿੱਤਾ ਗਿਆ ਸੀ।