ਨਿਊਜ਼ ਡੈਸਕ: ਬ੍ਰਿਟਿਸ਼ ਕੋਲੰਬੀਆ ਜੰਗਲ ਦੀ ਅੱਗ ਨਾਲ ਲੜਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਦਦ ਦੀ ਮੰਗ ਕਰ ਰਿਹਾ ਹੈ। ਬੀਸੀ ਦੀ ਐਮਰਜੈਂਸੀ ਮੈਨੈਜਮੰਟ ਮੰਤਰੀ ਬੋਵਿਨ ਮਾ ਨੇ ਦੱਸਿਆ ਕਿ ਸੂਬੇ ਵਿਚ ਪਹਿਲਾਂ ਤੋਂ ਹੀ ਮੈਕਸੀਕੋ ਅਤੇ ਅਮਰੀਕਾ ਤੋਂ 160 ਫ਼ਾਈਰਫ਼ਾਈਟਰਜ਼ ਮੌਜੂਦ ਹਨ ਅਤੇ ਸੂਬੇ ਨੇ 1,000 ਵਾਧੂ ਵਿਦੇਸ਼ੀ ਫ਼ਾਇਰਫ਼ਾਈਟਰਜ਼ ਦੀ ਮਦਦ ਮੰਗੀ ਹੈ।
ਬੋਵਿਨ ਮਾ ਨੇ ਓਟਾਵਾ ਵਿੱਚ ਆਪਣੇ ਹਮਰੁਤਬਾ ਬਿਲ ਬਲੇਅਰ ਤੋਂ ਰਸਮੀ ਤੌਰ ‘ਤੇ ਹੋਰ ਸੰਘੀ ਸਰੋਤਾਂ ਦੀ ਬੇਨਤੀ ਕੀਤੀ ਤਾਂ ਜੋ ਬੀ.ਸੀ. ਵਿੱਚ 350 ਜਾਂ ਇਸ ਤੋਂ ਵੱਧ ਅੱਗਾਂ ਨਾਲ ਲੜਨ ਵਿੱਚ ਮਦਦ ਕੀਤੀ ਜਾ ਸਕੇ। ਜੰਗਲੀ ਅੱਗ ਦੇ ਮੱਦੇਨਜ਼ਰ Lhoosk’uz Dené ਨੇਸ਼ਨ (ਮੂਲਨਿਵਾਸੀ ਖੇਤਰ) ਲਈ ਵੀਰਵਾਰ ਨੂੰ ਥਾਂ ਖ਼ਾਲੀ ਕਰਨ ਦਾ ਨਿਰਦੇਸ਼ ਵੀ ਜਾਰੀ ਕੀਤਾ ਗਿਆ ਸੀ। ਇਹ ਨਿਰਦੇਸ਼ ਬਲਕੀ ਨੇਚਾਕੋ ਅਤੇ ਫ਼੍ਰੇਜ਼ਰ-ਫ਼ੋਰਟ ਜੌਰਜ ਦੇ ਜ਼ਿਲ੍ਹਿਆਂ ਦੇ ਨਾਲ ਲਗਦੀ ਸਰਹੱਦ ਅਤੇ ਦੱਖਣ ਵਿਚ ਕਲਸਕਸ ਲੇਕ ਅਤੇ ਸਾਚਾ ਲੇਕ ਦੇ ਖੇਤਰਾਂ ਨੂੰ ਕਵਰ ਕਰਦਾ ਹੈ। ਦਸਣਯੋਗ ਹੈ ਕਿ ਦੱਖਣੀ ਕੋਰੀਆ, ਫਰਾਂਸ, ਦੱਖਣੀ ਅਫ਼ਰੀਕਾ ਅਤੇ ਡੋਮਿਨਿਕਨ ਰੀਪਬਲਿਕ ਦੇ ਫ਼ਾਇਰਫ਼ਾਈਟਰਜ਼ ਵੀ ਕੈਨੇਡਾ ਵਿੱਚ ਜੰਗਲੀ ਅੱਗਾਂ ‘ਤੇ ਕਾਬੂ ਪਾਉਣ ‘ਚ ਜੁਟੇ ਹੋਏ ਹਨ।
ਫ਼ੈਡਰਲ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਨੇ ਦੱਸਿਆ ਕਿ ਬੀਸੀ ਨਾਲ ਉਨ੍ਹਾਂ ਦੇ ਵਿਭਾਗ ਦੀ ਕਈ ਦਿਨਾਂ ਨਾਲ ਗੱਲਬਾਤ ਚਲ ਰਹੀ ਹੈ । ਫ਼ੈਡਰਲ ਸਰਕਾਰ ਬੀਸੀ ‘ਚ ਆਪਣੇ ਸਰੋਤ ਭੇਜਣ ਲਈ ਤਿਆਰ ਹੈ।
ਬੀਸੀ ਵਾਈਲਡਫ਼ਾਇਰ ਸਰਵਿਸ ਦੇ ਬੁਲਾਰੇ ਕਲਿਫ਼ ਚੈਪਮੈਨ ਨੇ ਕਿਹਾ ਕਿ ਸੂਬੇ ਵਿਚ ਇਸ ਸਮੇਂ ਕਰੀਬ 2,000 ਫ਼ਾਇਰਫ਼ਾਈਟਰ ਅੱਗ ਬੁਝਾਊ ਯਤਨਾਂ ਵਿਚ ਲੱਗੇ ਹੋਏ ਹਨ। ਉਹ 16 ਤੋਂ 20 ਘੰਟੇ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਅਰਾਮ ਵੀ ਚਾਹੀਦਾ ਹੈ ਇਸ ਕਰਕੇ ਅੰਤਰਰਾਸ਼ਟਰੀ ਮਦਦ ਬਹੁਤ ਜ਼ਰੂਰੀ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.