ਨਰਮੇ ਨੂੰ ਉਲੀ ਦੇ ਧੱੱਬਿਆਂ ਦੇ ਰੋਗਾਂ ਤੋਂ ਬਚਾਓ

TeamGlobalPunjab
5 Min Read

-ਅਸ਼ੋਕ ਕੁਮਾਰ

 

ਨਰਮੇ/ਕਪਾਹ ਦੀ ਫਸਲ ਕਈ ਤਰ੍ਹਾਂ ਦੀਆਂ ਉਲੀਆਂ, ਬੈਕਟੀਰੀਆ ਅਤੇ ਵਿਸ਼ਾਣੂੰ ਦੀਆਂ ਬਿਮਾਰੀਆਂ ਦਾ ਹਮਲਾ ਹੋਣ ਨਾਲ ਇਸ ਦੀ ਪੈਦਾਵਾਰ ਅਤੇ ਗੁਣਵੱਤਾ ਤੇ ਮਾੜਾ ਅਸਰ ਪਾਉਂਦੀਆਂ ਹਨ। ਇਹਨਾਂ ਬਿਮਾਰੀਆਂ ਦੇ ਹਮਲੇ ਕਾਰਨ ਫ਼ਸਲ ਤੇ ਅਲਗ-ਅਲਗ ਤਰ੍ਹਾਂ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਜਿਵੇਂ ਪੱਤਿਆਂ ਦਾ ਕੌਲੀਆਂ ਜਾਂ ਕੱਪਾਂ ਦੀ ਸ਼ਕਲ ਅਖਤਿਆਰ ਕਰਨਾ, ਪੱਤਿਆਂ ਤੇ ਧੱਬੇ, ਬੂਟਿਆਂ ਦਾ ਸੁੱਕਣਾ ਆਦਿ। ਪਰ, ਬਰਸਾਤੀ ਮੌਸਮ ਦੌਰਾਨ ਖਾਸ ਤੌਰ ਤੇ ਬੀ ਟੀ ਨਰਮੇਂ ਦੀ ਫਸਲ ਤੇ ਉਲੀਆਂ ਦੇ ਧੱਬਿਆਂ ਦੇ ਰੋਗ ਦਾ ਹਮਲਾ ਵੱਧ ਰਿਹਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਭਾਰੀ ਮੀਂਹਾਂ ਤੋਂ ਬਾਅਦ ਬਠਿੰਡਾ, ਮਾਨਸਾ, ਸੰਗਰੂਰ ਅਤੇ ਫਰੀਦਕੋਟ ਜ਼ਿਲਿਆਂ ਦੇ ਕੁਝ ਖੇਤਾਂ ਵਿੱਚ ਬੀ ਟੀ ਨਰਮੇ ਦੀ ਫਸਲ ਉਤੇ ਇਨ੍ਹਾਂ ਉਲੀਂਆਂ ਦੇ ਧੱਬਿਆਂ ਦਾ ਹਮਲਾ ਕਾਫੀ ਪਾਇਆ ਗਿਆ। ਜੇਕਰ ਇਨ੍ਹਾਂ ਉਲੀਆਂ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਝਾੜ ਤੇ ਮਾੜਾ ਅਸਰ ਪੈਂਦਾ ਹੈ। ਟੀਂਡਿਆਂ ਤੇ ਹਮਲਾ ਹੋਣ ਦੀ ਸੂਰਤ ਵਿੱਚ ਰੂੰ ਦੀ ਗੁਣਵੱਤਾ ਤੇ ਵੀ ਅਸਰ ਪੈਂਦਾ ਹੈ। ਇਸ ਲਈ ਅਸੀਂ ਲੇਖ ਵਿੱਚ ਇਨ੍ਹਾਂ ਉਲੀਆਂ ਦੇ ਧੱੱਬਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਸਾਡੇ ਨਰਮਾਂ ਕਾਸ਼ਤਕਾਰ ਇਸ ਲੇਖ ਨੂੰ ਪੜ੍ਹ ਕੇ ਸਮੇਂ ਸਿਰ ਇਨ੍ਹਾਂ ਧੱੱਬਿਆਂ ਦੀ ਬਿਮਾਰੀ ਤੋਂ ਆਪਣੀ ਫਸਲ ਤੋਂ ਬਚਾ ਸਕਣ।

ਨਰਮੇ ਕਪਾਹ ਦੀ ਫ਼ਸਲ ਉਤੇ ਕਈ ਉਲੀਆਂ ਜਿਵੇਂ ਕਿ ਆਲਟਰਨੇਰੀਆ ਮਾਇਰੋਥੀਸ਼ੀਅਮ ਅਤੇ ਸਰਕੋਸਪੋਰਾ ਦੇ ਹਮਲੇ ਕਾਰਨ ਪੱਤਿਆਂ ਉਤੇ ਵਖ-ਵਖ ਤਰ੍ਹਾਂ ਦੇ ਧੱਬੇ ਪੈ ਜਾਂਦੇ ਹਨ। ਆਲਟਰਨੇਰੀਆ ਦੇ ਹਮਲੇ ਨਾਲ ਪੱਤਿਆਂ ਉਤੇ ਹਲਕੇ ਪੀਲੇ ਤੋਂ ਭੂਰੇ ਰੰਗ ਦੇ ਬੇਢੱੱਬੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਗੂੜ੍ਹੇ ਭੂਰੇ ਹੋ ਜਾਂਦੇ ਹਨ। ਬਾਅਦ ਵਿੱਚ ਇਨ੍ਹਾਂ ਧੱਬਿਆਂ ਤੇ ਗੋਲ-ਗੋਲ ਧਾਰੀਆਂ ਚੱਕਰਾਂ ਦੀ ਸ਼ਕਲ ਵਿੱਚ ਪੈਦਾ ਹੋ ਜਾਂਦੀਆਂ ਹਨ। ਜ਼ਿਆਦਾ ਹਮਲੇ ਦੀ ਹਾਲਤ ਵਿਚ ਪੱਤੇ ਸੁੱਕ ਕੇ ਝੜ ਜਾਂਦੇ ਹਨ। ਆਮ ਤੌਰ ‘ਤੇ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਨਰਮੇ ਦੀ ਫ਼ਸਲ ਤੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਿਹੜੀਆਂ ਜ਼ਮੀਨਾਂ ਵਿੱਚ ਪੋਟਾਸ਼ ਦੀ ਘਾਟ ਹੋਵੇ ਉਨ੍ਹਾਂ ਵਿੱਚ ਵੀ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਨਜ਼ਰ ਆਉਂਦਾ ਹੈ। ਬਿਮਾਰੀ ਦੀ ਉਲੀ ਫਸਲ ਦੀ ਰਹਿੰਦ-ਖੂੰਹਦ ਤੇ ਪੱਲਦੀ ਰਹਿੰਦੀ ਹੈ।

- Advertisement -

ਇਸ ਤੋਂ ਇਲਾਵਾ ਮਾਇਰੋਥੀਸ਼ੀਅਮ ਉਲੀ ਦਾ ਹਮਲਾ ਵੀ ਬੀ ਟੀ ਨਰਮੇ ਦੀ ਫਸਲ ਤੇ ਵੱਧ ਰਿਹਾ ਹੈ। ਇਸ ਬਿਮਾਰੀ ਦੀ ਉਲੀ ਦਾ ਹਮਲਾ ਪੱਤਿਆਂ ਅਤੇ ਟੀਂਡਿਆਂ ਉਤੇ ਨਜ਼ਰ ਆਓਂਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਉਤੇ ਗੋਲ ਭੂਰੇ ਰੰਗ ਦੇ ਜਾਮਣੀ ਕਿਨਾਰਿਆਂ ਵਾਲੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਇਹਨਾਂ ਧੱਬਿਆਂ ਉਤੇ ਕਾਲੇ ਰੰਗ ਦੇ ਉਭਰਵੇਂ ਟਿਮਕਣੇ ਬਣ ਜਾਂਦੇ ਹਨ ਜੋ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਵੇਂ ਇਨ੍ਹਾਂ ਤੇ ਕੋਲਾ ਭੁੱੱਕਿਆ ਹੋਵੇ। ਬਾਅਦ ਇਹ ਧਬੇ ਵਿਚਕਾਰੋਂ ਡਿਗ ਪੈਂਦੇ ਹਨ ਜਿਸ ਕਰਕੇ ਪਤਿਆਂ ਵਿਚੋਂ ਛੇਕ ਨਜ਼ਰ ਆਂਉਦੇ ਹਨ। ਜੇਕਰ ਬਿਮਾਰੀ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਪੱਤੇ ਝੜ੍ਹ ਜਾਂਦੇ ਹਨ ਅਤੇ ਬੂਟਾ ਰੁੰਡ-ਮਰੁੰਡ ਨਜ਼ਰ ਆਉਂਦਾ ਹੈ। ਇਸ ਬਿਮਾਰੀ ਦੀ ਲਾਗ ਬੀਜ ਅਤੇ ਫ਼ਸਲ ਦੀ ਰਹਿੰਦ-ਖੂੰਹਦ ਤੇ ਪੱਲਦੀ ਰਹਿੰਦੀ ਹੈ। ਇਸ ਬਿਮਾਰੀ ਦਾ ਹਮਲਾ ਜਿਆਦਾਤਰ ਬੀ ਟੀ ਨਰਮੇ ਦੀ ਭਾਰੀ ਫ਼ਸਲ ਤੇ ਜ਼ਿਆਦਾ ਹੁੰਦਾ ਹੈ। ਇਨ੍ਹਾਂ ਉਲੀਆਂ ਦੇ ਧੱੱਬਿਆਂ ਦਾ ਹਮਲਾ ਬਾਰਿਸ਼ ਦੌਰਾਨ ਸਿੱਲ੍ਹੇ ਮੌਸਮ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦਾ ਹੈ। ਬਰਸਾਤੀ ਮੌਸਮ ਤੋਂ ਬਾਅਦ ਬੀ ਟੀ ਨਰਮੇਂ ਦੀ ਫਸਲ ਦਾ ਵਾਧਾ ਕਾਫੀ ਤੇਜ਼ੀ ਨਾਲ ਹੁੰਦਾ ਹੈ।ਭਾਰੀਆਂ ਜ਼ਮੀਨਾਂ ਵਿੱਚ ਟਾਹਣੀਆਂ ਆਪਸ ਵਿੱਚ ਫਸਣ ਕਾਰਨ ਨਰਮੇ ਦੀ ਫਸਲ ਸੰਘਣੀ ਹੋ ਜਾਂਦੀ ਹੈ। ਗਰਮ ਅਤੇ ਸਿੱਲੇ ਮੌਸਮ ਦੌਰਾਨ ਇਸ ਸੰਘਣੀ ਫਸਲ ਤੇ ਉਲੀ ਦੇ ਧੱੱਬਿਆਂ ਦਾ ਹਮਲਾ ਤੇਜੀ ਨਾਲ ਫੈਲਦਾ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ।ਬਰਸਾਤੀ ਮੌਸਮ ਦੌਰਾਨ ਜਿਉਂ ਹੀ ਉਨ੍ਹਾਂ ਦੇ ਖੇਤਾਂ ਵਿੱਚ ਇਨ੍ਹਾਂ ਉੱਲੀਆਂ ਦੇ ਧੱੱਬਿਆਂ ਦਾ ਹਮਲਾ ਨਜ਼ਰ ਆਵੇ ਤਾਂ ਉਹ ਫਸਲ ਉਤੇ 200 ਮਿ.ਲਿ. ਐਮੀਸਟਾਰ ਟੋਪ 325 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਛਿੜਕਾਅ ਕਰਨ। ਬਰਸਾਤਾਂ ਪੈਣ ਦੇ ਵਕਫੇ ਅਤੇ ਬਿਮਾਰੀ ਦੀ ਤੀਬਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਮੁਤਾਬਿਕ 15-20 ਦਿਨ੍ਹਾਂ ਦੇ ਵਕਫੇ ਤੇ ਇਹ ਛਿੜਕਾਅ ਫਿਰ ਦੁਹਰਾਇਆ ਜਾ ਸਕਦਾ ਹੈ। ਬਿਮਾਰੀ ਨਾਲ ਪ੍ਰਭਾਵਿਤ ਖੇਤਾਂ ਵਿੱਚੋਂ ਛਿਟੀਆਂ ਕੱਢ ਕੇ ਬਾਲਣ ਦੇ ਤੌਰ ਤੇ ਵਰਤ ਲੈਣੀਆਂ ਚਾਹੀਦੀਆਂ ਹਨ।ਇਸ ਤਰ੍ਹਾਂ ਕਰਨ ਨਾਲ ਅਗਲੇ ਸਾਲ ਲਈ ਬਿਮਾਰੀ ਦੀ ਲਾਗ ਨੂੰ ਘਟਾਇਆ ਜਾ ਸਕਦਾ ਹੈ।

ਸੰਪਰਕ : 85589-10268

Share this Article
Leave a comment