20 ਵਿੱਚੋਂ 12 ਸੀਟਾਂ ‘ਤੇ ਸੀ ਪਹਿਲਾਂ ‘ਕਮਲ’ ਚੋਣ ਨਿਸ਼ਾਨ ਹੁਣ ਹੋਵੇਗਾ ‘ਹਾਥੀ’, ਅਕਾਲੀ ਦਲ ਨੇ ਕੱਢਿਆ ਨਵਾਂ ਫ਼ਾਰਮੂਲਾ

TeamGlobalPunjab
4 Min Read

ਬਿੰਦੂ ਸਿੰਘ, ਐਡੀਟਰ

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਜੋੜ ਘਟਾਉ ਲਗਾਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਨੇ 20 ਸੀਟਾਂ ਤੇ ਸਮਝੌਤਾ ਕਰਕੇ ਇਕ ਵਾਰ ਫੇਰ ਭਾਈਵਾਲ ਬਣ 2022 ਦੇ ਚੋਣ ਮੈਦਾਨ ‘ਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 1996 ਦੀਆਂ ਲੋਕਸਭਾ ਚੋਣਾਂ ਲਈ ਵੀ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰ ਪੰਜਾਬ ਦੀਆਂ 13 ਸੀਟਾਂ ਚੋਂ 12 ਪਾਰਲੀਮੈਂਟ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ।

ਪਰ ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਨੇ 20 ਸੀਟਾਂ ਚੋਂ 12 ਉਹੀ ਸੀਟਾਂ ਬਸਪਾ ਨੂੰ ਦਿੱਤੀਆ ਹਨ ਜਿਨ੍ਹਾਂ ਸੀਟਾਂ ਤੇ 2017 ਦੀਆਂ ਚੋਣਾਂ ‘ਚ ਅਕਾਲੀ ਦਲ ਦੀ ਲੰਮੇਂ ਸਮੇਂ ਭਾਈਵਾਲ ਰਹੀ ਪਾਰਟੀ ਭਾਜਪਾ ਨੇ ਚੋਣਾਂ ਲੜੀਆਂ ਸਨ । ਇਹਨਾਂ 12 ‘ਚ ਅੰਮ੍ਰਿਤਸਰ ਕੇਂਦਰੀ ਤੇ ਉੱਤਰੀ,  ਹੁਸ਼ਿਆਰਪੁਰ,  ਦੁਸੂਹਾ, ਜਲੰਧਰ ਉੱਤਰੀ ਤੇ ਪੱਛਮੀ,  ਭੋਆ,  ਪਠਾਨਕੋਟ,  ਆਨੰਦਪੁਰ ਸਾਹਿਬ, ਸੁਜਾਨਪੁਰ, ਫਗਵਾੜਾ,  ਲੁਧਿਆਣਾ ਉੱਤਰੀ ਸ਼ਾਮਲ ਹਨ। ਬਸਪਾ ਦੇ ਹਿੱਸੇ ਆਈਆਂ ਬਾਕੀ 8 ਸੀਟਾਂ ਤੇ ਅਕਾਲੀ ਦਲ ਪਾਰਟੀ ਪਿਛਲੀਆਂ 3 ਚੋਣਾਂ ਦੌਰਾਨ ਲਗਾਤਾਰ ਹਾਰਦੀ ਆ ਰਹੀ ਹੈ। ਇਸ ਸਮੇਂ ਇਨ੍ਹਾਂ 20 ਸੀਟਾਂ ਚੋਂ 19 ਤੇ ਕਾਂਗਰਸ ਤੇ 1 ਸੀਟ ਤੇ ਆਮ ਆਦਮੀ ਪਾਰਟੀ ਕਾਬਜ਼ ਹੈ। ਇਸ ਤੋਂ ਇਲਾਵਾ ਪਾਇਲ, ਬੱਸੀ ਪਠਾਣਾ, ਟਾਂਡਾ ਸੀਟ ਤੇ ਕਦੇ ਅਕਾਲੀ ਦਲ ਦੀ ਜਿੱਤ ਹੋਈ ਤੇ ਕਦੇ ਕਾਂਗਰਸ ਕਾਬਜ਼ ਹੁੰਦੀ ਰਹੀ ਹੈ।

ਬਾਕੀ ਅੱਠ ਸੀਟਾਂ ਅਕਾਲੀ ਦਲ ਲੜਦਾ ਆ ਰਿਹਾ ਹੈ । ਚਮਕੌਰ ਸਾਹਿਬ ਸੀਟ ਤੋਂ ਪਿੱਛਲੇ ਤਿੰਨ ਵਾਰ ਅਕਾਲੀ ਦਲ ਦਾ ਉਮੀਦਵਾਰ ਹਾਰਿਆ ਹੈ । ਨਵਾਂਸ਼ਹਿਰ ਤੋਂ ਲਗਾਤਾਰ ਦੋ ਵਾਰੀ ਤੇ ਮੁਹਾਲੀ ਤੋਂ ਤਿੰਨ ਵਾਰੀ ਅਕਾਲੀ ਦਲ ਹਾਰਿਆ ਹੈ । ਇਸੇ ਤਰ੍ਹਾਂ 2017 ‘ਚ ਮਹਿਲਕਲਾਂ ਵਾਲੀ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਜਿੱਤ ਹਾਸਲ ਕੀਤੀ ਸੀ। ਜਦੋਕਿ ਭਾਜਪਾ ਦਾ ਅਕਾਲੀ ਦਲ ਨਾਲ 23 ਸੀਟਾਂ ਤੇ ਸਮਝੌਤਾ ਸੀ। ਅਗਲੇ ਦਿਨਾਂ ‘ਚ ਅਕਾਲੀ ਦਲ ਦੀ ਕਮਿਊਨਿਸਟ ਪਾਰਟੀਆਂ ਨਾਲ ਕੁਝ 5 ਸੀਟਾਂ ਤੇ ਰਜ਼ਾਮੰਦੀ ਹੋਣ ਦੀਆਂ ਗੱਲਾਂ ਵੀ ਚਰਚਾ ਵਿੱਚ ਹਨ।

- Advertisement -

 

 

 

ਦੂਜੇ ਪਾਸੇ ਆਮ ਆਦਮੀ ਪਾਰਟੀ ਆਗੂ ਤੇ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਅਕਾਲੀ-ਬਸਪਾ ਭਾਈਵਾਲ ਨੂੰ ਗੈਰ ਰਸਮੀ ਐਲਾਨਿਆ ਹੈ ਤੇ ਕਿਹਾ ਹੈ ਕਿ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਪਲਾਨ ਕੰਮ ਕਰ ਰਿਹਾ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਸਾਨੀ ਸੰਘਰਸ਼ ਬਾਰੇ ਇਕ ਵੀ ਬਿਆਨ ਨਹੀਂ ਦਿੱਤਾ। ਅਕਾਲੀ ਦਲ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਬਣਨ ਸਮੇਂ ਕੇਂਦਰ ਚ ਵਜ਼ੀਰੀ ਲਈ ਬੈਠਿਆ ਸੀ । ਚੀਮਾ ਨੇ ਕਿਹਾ ਖੇਤ ਮਜਦੂਰ ਤੇ ਦਲਿਤ ਅਕਾਲੀ ਬਸਪਾ ਨਾਲ ਨਹੀਂ ਜਾਣਗੇ ਕਿਉਂਕਿ ਅਕਾਲੀ ਦਲ ਦੀ ਸਰਕਾਰਾਂ ਦੇ ਵਕਤ ਦਲਿਤਾਂ ਨਾਲ ਬਹੁਤ ਧੱਕਾ ਹੋਇਆ ਹੈ।

- Advertisement -

ਪਰ ਉਸ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੇ ਕਰ 2022 ‘ਚ ਅਕਾਲੀ ਬਸਪਾ ਭਾਈਵਾਲ ਦੀ ਸਰਕਾਰ ਬਣੀ ਤੇ ਉਹਨਾਂ ਦੀ ਸਰਕਾਰ ਸੂਬੇ ‘ਚ ਤਿੰਨ ਖੇਤੀ ਕਾਨੂੰਨਾਂ ਨੂੰ ਕਦੇ ਵੀ ਲਾਗੂ ਨਹੀਂ ਕਰੇਗੀ।

ਚੋਣਾਂ ਚ ਤਕਰੀਬਨ 6 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਤੇ ਪੰਜਾਬ ਦੇ ਸਿਆਸੀ ਵਿਹੜੇ ਵਿੱਚ ਪੂਰੀ ਤਰ੍ਹਾਂ ਹਲਚਲ ਵੇਖੀ ਜਾ ਸਕਦੀ ਹੈ। ਅਜੇ ਕਈ ਹੋਰ ਸਮੀਕਰਣ ਬਦਲ ਸਕਦੇ ਹਨ ਤੇ ਕਈ ਲੀਡਰ ਇਕ ਪਾਰਟੀ ਛੱਡ ਦੂਜੀ ‘ਚ ਵੀ ਆਉਣਗੇ ਜਾਣਗੇ। ਇਹ ਭਾਈਵਾਲ ਵਿਧਾਨ ਸਭਾ ਚੋਣਾ ‘ਚ ਕਿੰਨਾਂ ਕਾਮਯਾਬ ਹੋਵੇਗਾ ਇਸ ਦਾ ਤਾਂ ਅਜੇ ਇੰਤਜਾਰ ਕਰਨਾ ਪਵੇਗਾ ਪਰ ਇਸ ਨਾਲ ਦੂਜੀਆਂ ਧਿਰਾਂ ‘ਚ ਵੀ ਆਉਣ ਵਾਲੇ ਦਿਨਾਂ ‘ਚ ਸਰਗਰਮੀਆਂ ਵਧਣਗੀਆਂ ।

Share this Article
Leave a comment