ਨਿਊਜ਼ ਡੈਸਕ: ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਅਸਫਲ ਸਾਜ਼ਿਸ਼ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਬਿਆਨ ਦਿੱਤਾ ਹੈ। ਇਕ ਇੰਟਰਵਿਊ ‘ਚ ਪੀਐੱਮ ਮੋਦੀ ਨੇ ਕਿਹਾ, ‘ਜੇਕਰ ਕੋਈ ਸਾਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਜ਼ਰੂਰ ਇਸ ‘ਤੇ ਗੌਰ ਕਰਾਂਗੇ।’ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ, ਤਾਂ ਅਸੀਂ ਇਸ ਦੀ ਜਾਂਚ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਪ੍ਰਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੜਤਾਲ ਕਰਨ ਲਈ ਤਿਆਰ ਹੈ ਅਤੇ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ। ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਨਾਂ ਤੇ ਕੁਝ ਤੱਤ ਡਰਾਉਣ ਧਮਕਾਉਣ ਅਤੇ ਹਿੰਸਾ ਭੜਕਾਉਣ ਦਾ ਕੰਮ ਕਰ ਰਹੇ ਹਨ। ਵਿਦੇਸ਼ ਵਿਚ ਵੱਖਵਾਦੀਆਂ ਦੀਆਂ ਸਰਗਰਮੀਆਂ ਤੋਂ ਭਾਰਤ ਚਿੰਤਤ ਹੈ। ਅਮਰੀਕਾ ਨਾਲ ਸਾਡੇ ਰਿਸ਼ਤੇ ਮਜ਼ਬੂਤ ਹਨ ਅਤੇ ਸੁਰੱਖਿਆ ਤੇ ਅਤਿਵਾਦ ਵਿਰੋਧੀ ਸਹਿਯੋਗ ਸਾਡੀ ਭਾਈਵਾਲੀ ਦਾ ਮੁੱਖ ਆਧਾਰ ਰਿਹਾ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਨਿਖਿਲ ਗੁਪਤਾ ਨਾਮਕ ਵਿਅਕਤੀ ਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਮਿਲ ਕੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ, ਜੋ ਕਿ ਕਾਮਯਾਬ ਨਹੀਂ ਹੋ ਸਕੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.