ਪੌਲੀਨੈੱਟ ਹਾਊਸ ਵਿੱਚ ਜੜ੍ਹ ਗੰਢ ਰੋਗ ਦੀ ਰੋਕਥਾਮ

TeamGlobalPunjab
9 Min Read

-ਸੁਖਜੀਤ ਕੌਰ

-ਨਰਪਿੰਦਰਜੀਤ ਕੌਰ ਢਿੱਲੋਂ

 

ਨੈੱਟ ਜਾਂ ਪੋਲੀ ਪੌਲੀਨੈੱਟ ਹਾਊਸ ਅੰਦਰ ਸਬਜ਼ੀਆਂ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਫ਼ਸਲ ਦਾ ਉਤਪਾਦਨ ਅਤੇ ਬਜ਼ਾਰ ਵਿੱਚ ਵਧੀਆ ਭਾਅ ਲਗਣ ਦਾ ਲਾਭ ਮਿਲਦਾ ਹੈ। ਨੈੱਟ ਜਾਂ ਪੋਲੀ ਪੌਲੀਨੈੱਟ ਹਾਊਸ ਅੰਦਰ ਸਬਜ਼ੀਆਂ ਦਾ ਸਾਰਾ ਸਾਲ ਉਤਪਾਦਨ ਕਰ ਕੇ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਤਕਨੀਕ ਵਿੱਚ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਦੀ ਬਹੁਤ ਸਮਰੱੱਥਾ ਹੈ। ਪਰ ਨੈੱੱਟ ਪੌਲੀਹਾਊਸ ਵਿੱਚ ਵਾਤਾਵਰਣ ਅਨੁਕੂਲ ਹੋਣ ਕਰਕੇ ਮਿੱਟੀ ਵਿੱਚੋਂ ਲੱਗਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਉਲੀ ਰੋਗ ਅਤੇ ਜੜ੍ਹ ਗੰਢ ਰੋਗ ਵੀ ਵਧੇਰੇ ਨੁਕਸਾਨ ਕਰਦੀਆਂ ਹਨ।ਨੈੱਟ/ਪੌਲੀਹਾਊਸ ਵਿੱਚ ਸਿਫਾਰਿਸ਼ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ, ਖੀਰਾ ਅਤੇ ਸ਼ਿਮਲਾ ਮਿਰਚ, ਸਾਰੀਆਂ ਹੀ ਜੜ੍ਹ ਗੰਢ ਰੋਗ ਨੂੰ ਸੰਵੇਦਨਸ਼ੀਲ ਹਨ । ਇਹ ਰੋਗ ਜੜ੍ਹ ਗੰਢ ਨੀਮਾਟੋਡ ਰਾਹੀਂ ਫੈਲਦਾ ਹੈ।

- Advertisement -

ਇਹ ਨੀਮਾਟੋਡ ਬਹੁਤ ਹੀ ਸੂਖਮ ਹੁੰਦੇ ਹਨ ਅਤੇ ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ । ਨੀਮਾਟੋਡ ਦੇ ਮੂੰਹ ਵਿੱਚ ਬਹੁਤ ਨਾਜ਼ੁਕ ਸਟਾਈਲਟ ਹੁੰਦੀ ਹੈ ਜਿਸ ਨਾਲ ਇਹ ਪੌਦੇ ਦੀ ਜੜ੍ਹ ਤੇ ਹਮਲਾ ਕਰਦੇ ਹਨ ਅਤੇ ਪੌਸ਼ਟਿਕ ਤੱਤ ਚੂਸਦੇ ਹਨ।ਨੈੱਟ/ਪੌਲੀਨੈੱੱਟ ਹਾਊਸ ਵਿੱਚ ਲਗਾਤਾਰ ਸੰਵੇਦਨਸ਼ੀਲ ਫਸਲਾਂ ਦੀ ਕਾਸ਼ਤ ਕਰਕੇ ਭੋਜਨ ਦੀ ਲਗਭਗ ਨਿਰੰਤਰ ਉਪਲੱਬਧਤਾ, ਚੰਗੀ ਨਮੀਂ ਅਤੇ ਅਨੁਕੂਲ ਤਾਪਮਾਨ ਜੜ੍ਹ ਗੰਢ ਨੀਮਾਟੋਡ ਦੀ ਆਬਾਦੀ ਦੇ ਤੇਜ਼ੀ ਨਾਲ ਵੱਧਣ ਵਿੱਚ ਸਹਾਈ ਹੁੰਦੇ ਹਨ । ਜਿਸ ਕਰਕੇ ਇਸ ਦੀ ਰੋਕਥਾਮ ਬਹੁਤ ਔਖੀ ਹੋ ਜਾਂਦੀ ਹੈ।

ਰੋਗ ਦੇ ਲੱਛਣ
ਇਹ ਨੀਮਾਟੋਡ ਪੌਦਿਆਂ ਦੀਆਂ ਨਰਮ ਜੜ੍ਹਾਂ ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਵਿੱਚ ਗੰਢਾਂ ਬਣਾ ਦਿੰਦੇ ਹਨ। ਇਨ੍ਹਾਂ ਗੰਢਾਂ ਦੇ ਬਣਨ ਨਾਲ ਜੜ੍ਹਾਂ ਦੁਆਰਾ ਪਾਣੀ ਅਤੇ ਜਰੂਰੀ ਤੱਤਾਂ ਨੂੰ ਸੋਖਣ ਦੀ ਸਕਤੀ ਘੱਟ ਜਾਂਦੀ ਹੈ।ਨੀਮਾਟੋਡ ਦੁਆਰਾ ਹਮਲਾਗ੍ਰਤ ਪੌਦੇ ਦੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ।ਰੋਗਿਤ ਪੌਦੇ, ਜ਼ਮੀਨ ਵਿੱਚ ਨਮੀਂ ਹੋਣ ਦੇ ਬਾਵਜੂਦ ਵੀ ਦਿਨ ਦੀ ਗਰਮੀ ਵਿੱਚ ਮੁਰਝਾ ਜਾਂਦੇ ਹਨ। ਜੜ੍ਹ ਗੰਢ ਰੋਗ ਦੇ ਹਮਲੇ ਵਾਲੇ ਪੌਦਿਆਂ ਨੂੰ ਫ਼ਲ ਘੱਟ ਲੱਗਦਾ ਹੈ।ਜਿਸ ਕਾਰਨ ਫ਼ਸਲ ਤੇ ਮਾੜਾ ਅਸਰ ਪੈਂਦਾ ਹੈ। ਨੀਮਾਟੋਡ ਦੁਆਰਾ ਫ਼ਸਲ ਨੂੰ ਹੋਣ ਵਾਲਾ ਨੁਕਸਾਨ ਜ਼ਮੀਨ ਵਿੱਚ ਇਸ ਦੀ ਆਬਾਦੀ ਤੇ ਨਿਰਭਰ ਕਰਦਾ ਹੈ। ਜੜ੍ਹਾਂ ਵਿੱਚ ਬਣਨ ਵਾਲੀਆਂ ਗੰਢਾਂ ਦਾ ਆਕਾਰ ਵੀ ਫ਼ਸਲ ਦੇ ਅਨੁਸਾਰ ਵੱਖ-ਵੱਖ ਹੁੰਦਾ ਹੈ।ਜਿਵੇਂ ਕਿ ਸ਼ਿਮਲਾ ਮਿਰਚ ਦੀਆਂ ਜੜ੍ਹਾਂ ਉੱਤੇ ਛੋਟੀਆਂ-ਛੋਟੀਆਂ ਗੰਢਾਂ ਬਣਦੀਆਂ ਹਨ। ਜਦਕਿ ਖੀਰੇ ਦੀਆਂ ਜੜ੍ਹਾਂ ਕੋਮਲ ਹੋਣ ਕਰਕੇ ਵੱਡੀਆਂਗੰਢਾਂ ਬਣਦੀਆਂ ਹਨ।ਰੇਤਲੀ ਜਮੀਨ ਵਿੱਚ ਨੁਕਸਾਨ ਵਧੇਰੇ ਹੁੰਦਾ ਹੈ।ਨੀਮਾਟੋਡ ਤੋਂ ਪ੍ਰਭਾਵਿਤ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ, ਜ਼ਿਨ੍ਹਾਂ ਤੇ ਜ਼ਮੀਨ ਵਿੱਚੋਂ ਲੱਗਣ ਵਾਲੇ ਹੋਰ ਰੋਗ ਜਿਵੇਂ ਕਿ ਉੱਲੀ ਰੋਗ ਆਦਿ ਆਸਾਨੀ ਨਾਲ ਹਮਲਾ ਕਰਦੇ ਹਨ।ਜਿਸ ਨਾਲ ਫਸਲ ਦਾ ਨੁਕਸਾਨ ਹੁੰਦਾ ਹੈ।

ਜੀਵਨ ਚੱਕਰ
ਜੜ੍ਹ ਗੰਢ ਨੀਮਾਟੋਡ ਦੇ ਜੀਵਨ ਵਿੱਚ ਚਾਰ ਅਵਸਥਾਵਾਂ ਸ਼ਾਮਿਲ ਹਨ। ਇਹ ਨੀਮਾਟੋਡ ਆਪਣਾ ਜੀਵਨ ਚੱਕਰ 3-4 ਹਫਤਿਆਂ ਵਿੱਚ ਪੂਰਾ ਕਰ ਲੈਂਦਾ ਹੈ। ਨੀਮਾਟੋਡ ਦੇ ਵਿਕਾਸ ਵਿੱਚ ਤਾਪਮਾਨ ਅਹਿਮ ਭੂਮਿਕਾ ਨਿਭਾਉਂਦਾ ਹੈ। 25-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਇਸ ਦੇ ਵਿਕਾਸ ਲਈ ਸਭ ਤੋਂ ਅਨੁਕੂਲ ਹੈ।ਦੂਜੀ ਅਵਸਥਾ ਦੇ ਲਾਰਵੇ ਆਂਡਿਆਂ ਵਿੱਚੋਂ ਨਿਕਲ ਕੇ ਭੋਜਨ ਦੀ ਭਾਲ ਵਿੱਚ ਪੌਦੇ ਦੀਆਂ ਜੜ੍ਹਾਂ ਉੱਤੇ ਹਮਲਾ ਕਰਦੇ ਹਨ। ਇਹ ਦੂਜੀ ਅਵਸਥਾ ਦੇ ਲਾਰਵੇ ਤਿੰਨ ਹੋਰ ਅਵਸਥਾਵਾਂ ਵਿੱਚੋਂ ਲੰਘ ਕੇ ਨਰ ਅਤੇ ਮਾਦਾ ਨੀਮਾਟੋਡ ਬਣਦੇ ਹਨ। ਮਾਦਾ ਨੀਮਾਟੋਡ 300 ਤੋਂ 500 ਤੱਕ ਆਂਡੇ ਦਿੰਦੀ ਹੈ। ਆਂਡੇ ਇੱੱਕ ਜੈਲੀ ਵਰਗੇ ਪਦਾਰਥ ਵਿੱਚ ਬੱਝੇ ਹੁੰਦੇ ਹਨ, ਜਿਹੜਾ ਕਿ ਇਨ੍ਹਾਂ ਆਂਡਿਆਂ ਨੂੰ ਅਣਸੁਖਾਵੇ ਵਾਤਾਵਰਣ ਤੋਂ ਬਚਾਉਂਦਾ ਹੈ।ਇਹ ਆਂਡੇ ਇੱਕ ਇਕੱਠ ਵਿੱਚ ਜੜ੍ਹ ਦੀ ਉੱਪਰਲੀ ਸਤ੍ਹਹ ਤੇ ਮੌਜੂਦ ਹੁੰਦੇ ਹਨ।ਖੇਤ ਵਿੱਚ ਫਸਲ ਹੋਣ ਤੇ ਇਨ੍ਹਾਂ ਦੀ ਸੰਖਿਆ ਵੱਧਦੀ ਜਾਂਦੀ ਹੈ, ਪਰ ਫ਼ਸਲ ਨਾ ਹੋਣ ਤੇ ਵੀ ਇਹ ਅੰਡਿਆਂ ਦੇ ਰੂਪ ਵਿੱਚ ਮਿੱਟੀ ਵਿੱਚ ਜਿਊਂਦੇ ਰਹਿ ਸਕਦੇ ਹਨ ਅਤੇ ਮੁੜ ਅਗਲੀ ਫ਼ਸਲ ਤੇ ਹਮਲਾ ਕਰਦੇ ਹਨ।

ਜੜ੍ਹ ਗੰਢ ਰੋਗ ਦਾ ਮਿੱੱਟੀ ਵਿੱਚ ਫੈਲਣਾ
ਨੀਮਾਟੋਡ ਜ਼ਮੀਨ ਵਿੱਚ ਆਪਣੇ ਆਪ ਜਿਆਦਾ ਦੂਰੀ ਤੱਕ ਨਹੀਂ ਫੈਲਦਾ । ਇਸ ਲਈ ਆਮ ਤੌਰ ਤੇ ਨੀਮਾਟੋਡ ਦੀ ਸੰਖਿਆ ਸਾਰੇ ਖੇਤ ਵਿੱਚ ਇਕਸਾਰ ਨਹੀਂ ਹੁੰਦੀ । ਇਹ ਕਿਸੇ ਹਿੱਸੇ ਵਿੱਚ ਘੱਟ ਤੇ ਕਿਸੇ ਹਿੱਸੇ ਵਿੱਚ ਜਿਆਦਾ ਹੋ ਸਕਦੀ ਹੈ।ਨੀਮਾਟੋਡ ਰੋਗਿਤ ਪਨੀਰੀ ਦੀ ਵਰਤੋਂ ਇਸ ਰੋਗ ਦੇ ਫੈਲਣ ਦਾ ਪ੍ਰਮੁੱੱਖ ਕਾਰਨ ਹੈ। ਪਨੀਰੀ ਦੀਆਂ ਨਰਮ ਜੜ੍ਹਾਂ ਉੱਪਰ ਬਣੀਆਂ ਛੋਟੀਆਂ-ਛੋਟੀਆਂ ਗੰਢਾਂ ਅਕਸਰ ਹੀ ਕਿਸਾਨ ਵੀਰਾਂ ਦੇ ਧਿਆਨ ਵਿੱਚ ਨਹੀਂ ਆਉਂਦੀਆਂ (ਸਾਰਨੀ 1 ਅਤੇ ਸਾਰਨੀ 2) । ਇਨ੍ਹਾਂ ਛੋਟੀਆਂ ਗੰਢਾਂ ਵਿੱਚ ਮਾਦਾ ਨੀਮਾਟੋਡ ਹੁੰਦੀ ਹੈ।ਜਦੋਂ ਗੰਢਾਂ ਵਾਲੀ ਪਨੀਰੀ ਦੇ ਬੂਟਿਆਂ ਨੂੰ ਅਰੋਗਿਤ ਨੈੱਟ/ ਪੌਲੀਨੈੱਟ ਹਾਊਸ ਵਿੱਚ ਲਗਾਇਆ ਜਾਂਦਾ ਹੈ ਤਾਂ ਪੌਦੇ ਦੇ ਵਾਧੇ ਦੇ ਨਾਲ-ਨਾਲ ਜੜ੍ਹਾਂ ਵਿੱੱਚਲੀ ਮਾਦਾ ਨੀਮਾਟੋਡ ਵੀ ਆਪਣਾ ਜੀਵਨ ਚੱਕਰ ਪੂਰਾ ਕਰਦੀ ਹੈ ਜੋ ਇਸ ਦੀ ਆਬਾਦੀ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਇਹ ਨੀਮਾਟੋਡ ਸਿੰਚਾਈ ਦੇ ਪਾਣੀ, ਖੇਤੀ ਔਜਾਰਾ ਅਤੇ ਮਸ਼ੀਨਰੀ ਨਾਲ ਲੱਗੀ ਹੋਈ ਮਿੱਟੀ ਆਦਿ ਰਾਹੀਂ ਵੀ ਫੈਲ਼ਦੇ ਹਨ।ਇੱੱਕ ਵਾਰ ਖੇਤ ਵਿੱਚ ਆਉਣ ਦੇ ਬਾਅਦ ਇਹ ਬਹੁਤ ਜਲਦੀ ਵੱਧਦੇ ਹਨ ਅਤੇ ਫ਼ਸਲ ਦਾ ਨੁਕਸਾਨ ਕਰਦੇ ਹਨ।ਸੂਰਜ ਦੀ ਗਰਮੀ ਨਾਲ ਸਾਇਲ ਸੋਲਰਾਈਜੇਸ਼ਨ ਕਰਨ ਨਾਲ ਵੀ ਮਿੱਟੀ ਵਿੱਚਲੇ ਨੀਮਾਟੋਡ ਅਤੇ ਹੋਰ ਉੱਲੀ ਰੋਗਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਰੋਗ ਦੀ ਰੋਕਥਾਮ
1. ਸਣ ਜਾਂ ਗੇਂਦੇ ਦੀ ਹਰੀ ਖਾਦ
ਜੜ੍ਹ ਗੰਢ ਨੀਮਾਟੋਡ ਤੋਂ ਪ੍ਰਭਾਵਿਤ ਨੈੱੱਟ/ਪੌਲੀਹਾਊਸ ਵਿੱਚ 50 ਦਿਨਾਂ ਦੀ ਸਣ ਦੀ ਫ਼ਸਲ ਜਾਂ 60 ਦਿਨਾਂ ਦੀ ਗੇਂਦੇ ਦੀ ਫ਼ਸਲ ਵਹਾਉਣ ਨਾਲ ਮਿੱਟੀ ਵਿੱਚ ਨੀਮਾਟੋਡ ਦੀ ਸੰਖਿਆ ਘੱਟਦੀ ਹੈ।ਇਨ੍ਹਾਂ ਖੇਤਾਂ ਵਿੱਚ ਢੈਂਚੇ ਦੀ ਹਰੀ ਖਾਦ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਕਿ ਇਸ ਨਾਲ ਜਮੀਨ ਵਿੱਚ ਜੜ੍ਹ ਗੰਢ ਨੀਮਾਟੋਡ ਦੀ ਸੰਖਿਆ ਵਧਦੀ ਹੈ।
2. ਸਰੋਂ ਦੀ ਖ੍ਹਲ, ਨਿੰਮ ਅਤੇ ਰੂੜੀ ਨਾਲ ਮਿੱਟੀ ਦੀ ਸੋਧ ਕਰੋ
ਨੈਟ ਜਾਂ ਪੌਲੀਹਾਊਸ ਵਿੱਚ ਖੀਰੇ ਦੀ ਫ਼ਸਲ ਬੀਜਣਤੋਂ ਦਸ ਦਿਨ ਪਹਿਲਾਂ ਮਿਟੀ ਵਿਚ ਸਰੋਂ ਦੀ ਖ੍ਹਲ 100 ਗ੍ਰਾਂਮ ਪ੍ਰਤੀ ਵਰਗ + ਨਿੰਮ ਦੀ ਖ੍ਹਲ 100 ਗ੍ਰਾਂਮ ਪ੍ਰਤੀ ਵਰਗ ਅਤੇ ਰੂੜੀ 250 ਗ੍ਰਾਂਮ ਪ੍ਰਤੀ ਵਰਗ ਦੇ ਹਿਸਾਬ ਨਾਲ ਚੰਗੀ ਤ੍ਹਰਾਂ ਮਿਲਾ ਲਵੋ ਅਤੇ ਜ਼ਮੀਨ ਨੂੰ ਹਲਕਾ ਪਾਣੀ ਲਗਾ ਦੇਵੋ।ਬਾਅਦ ਵਿਚ ਖੀਰੇ ਦੀ ਬਿਜਾਈ ਕਰੋ।ਇਸ ਨਾਲ ਜ਼ਮੀਨ ਵਿਚ ਨੀਮਾਟੋਢ ਦੀ ਸੰਖਿਆ ਘਟ ਜਾਦੀਂ ਹੈ ਤੇ ਫ਼ਸਲ ਦਾ ਨੁਕਸਾਨ ਘਟ ਹੁੰਦਾ ਹੈ।
3. ਰੋਗ ਰਹਿਤ ਪਨੀਰੀ ਦੀ ਵਰਤੋਂ
ਇਸ ਰੋਗ ਨੂੰ ਨਵੀਂ ਜ਼ਮੀਨ ਵਿੱੱਚ ਫੈਲਣ ਤੋਂ ਰੋਕਣ ਲਈ ਸਭ ਤੋਂ ਜਰੂਰੀ ਹੈ ਰੋਗ ਰਹਿਤ ਪਨੀਰੀ ਦੀ ਵਰਤੋਂ।ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਪਨੀਰੀ ਬੀਜਣ ਲਈ ਨੀਮਾਟੋਡ ਰਹਿਤ ਜਗ੍ਹਾਂ ਦੀ ਵਰਤੋਂ ਕਰੋ।
ਜਾਂ
ਟਮਾਟਰ ਦੀ ਪਨੀਰੀ ਵਾਲੇ ਖੇਤਾਂ ਵਿੱਚ ਤੋਰੀਆ ਜਾਂ ਤਾਰਾਮੀਰੇ ਦੀ 40 ਦਿਨਾਂ ਦੀ ਫ਼ਸਲ ਬਿਜਾਈ ਤੋਂ 10 ਦਿਨ ਪਹਿਲਾਂ ਵਾਹ ਦਿਓ ਅਤੇ 3-4 ਵਾਰੀ ਵਾਹ ਕੇ ਪਨੀਰੀ ਬੀਜਣ ਲਈ ਕਿਆਰੀਆਂ ਬਣਾਓ।ਇਸ ਨਾਲ ਪਨੀਰੀ ਨੂੰ ਜੜ੍ਹ ਗੰਢ ਨੀਮਾਟੋਡ ਤੋਂ ਬਚਾਇਆ ਜਾ ਸਕਦਾ ਹੈ।

- Advertisement -

ਨੈੱਟ ਜਾਂ ਪੌਲੀ ਹਾਊਸ ਵਿੱਚ ਜੜ੍ਹ ਗੰਢ ਰੋਗ ਤੋਂ ਬਚਾਅ ਲਈ ਸਾਵਧਾਨੀਆਂ:-
–  ਨਵੇਂ ਪੌਲੀ ਹਾਊਸ ਦੀ ਉਸਾਰੀ ਲਈ ਥਾਂ ਦੀ ਚੋਣ ਬਹੁਤ ਮਹੱੱਤਵਪੂਰਨ ਹੈ।ਨੈੱੱਟ ਜਾਂ ਪੌਲੀਨੈੱਟ ਦੀ ਉਸਾਰੀ ਲਈ ਝੋਨੇ ਜਾਂ ਕਣਕ ਵਾਲੇ ਖੇਤ ਦੀ ਚੋਣ ਕਰਨੀ             ਚਾਹੀਦੀ ਹੈ।ਕਿਸੇ ਅਜਿਹੇ ਖੇਤਰ ਨੂੰ ਕਦੇ ਵੀ ਨਾ ਚੁਣੋ ਜਿੱੱਥੇ ਪਹਿਲਾਂ ਹੀ ਸਬਜ਼ੀਆਂ ਉਗਾਈਆਂ ਜਾ ਰਹੀਆਂ ਹੋਣ ।
– ਨੈੱਟ ਜਾਂ ਪੌਲੀਹਾਊਸ ਦੀ ਉਸਾਰੀ ਲਈ ਨੀਵੇਂ ਇਲਾਕਿਆਂ ਦੀ ਚੋਣ ਨਾ ਕਰੋ।ਕਿਉਂਕਿ ਨੀਵੇਂ ਇਲਾਕਿਆਂ ਵਿੱਚ ਬਰਸਾਤ ਦੇ ਮੌਸਮ ਵਿੱਚ ਆਲੇ-ਦੁਆਲੇ ਦੇ ਖੇਤਾਂ           ਵਿੱਚੋਂ ਪਾਣੀ ਦੇ ਨਾਲ ਬਿਮਾਰੀ ਦੇ ਅੰਸ਼ ਵੀ ਵਹਿ ਕੇ ਨੈੱੱਟ ਜਾਂ ਪੌਲੀਹਾਊਸ ਵਿੱਚ ਜਮ੍ਹਾਂ ਹੋ ਜਾਂਦੇ ਹਨ।
– ਰੋਗਿਤ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਖੇਤੀ ਔਜ਼ਾਰਾਂ ਅਤੇ ਮਸ਼ੀਨਰੀ ਨੂੰ ਨੀਮਾਟੋਡ ਰਹਿਤ ਖੇਤਾਂ ਜਾਂ ਜ਼ਮੀਨ ਵਿੱਚ ਵਰਤਣ ਤੋਂ ਪਹਿਲਾਂ ਸਾਫ਼ ਕਰਨਾ ਚਾਹੀਦਾ     ਹੈ।
– ਸਿੰਚਾਈ ਦਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਅਤੇ ਸਿੰਚਾਈ ਵਾਲੇ ਪਾਣੀ ਦਾ ਵਹਾਓ ਨੀਮਾਟੋਡ ਰੋਗਿਤ ਖੇਤਰ ਤੋਂ ਤੰਦਰੁਸਤ ਖੇਤਰ ਵੱਲ ਨਹੀਂ ਹੋਣਾ ਚਾਹੀਦਾ।
– ਫ਼ਸਲ ਖਤਮ ਹੋਣ ਤੋਂ ਬਾਅਦ ਨੈੱਟ/ਪੌਲੀ ਹਾਊਸ ਵਿੱਚੋਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਜੜ੍ਹਾਂ ਸਮੇਤ ਬਾਹਰ ਕੱੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ         ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਰੋਗਿਤ ਬੂਟਿਆਂ ਦਅਾਂ ਜੜ੍ਹਾਂ ਵਿੱਚ ਨੀਮਾਟੋਡ ਦੇ ਲਾਰਵੇ ਅਤੇ ਆਂਡੇ ਹੁੰਦੇ ਹਨ।

ਖੀਰੇ, ਸ਼ਿਮਲਾ ਮਿਰਚ ਅਤੇ ਟਮਾਟਰ ਦੀਆਂ ਜੜ੍ਹਾਂ ਵਿੱਚ ਗੰਢਾਂ
ਟਮਾਟਰ ਅਤੇ ਬੈਂਗਣ ਦੇ ਨਰਸਰੀ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ

Share this Article
Leave a comment