ਅਮਰੀਕਾ – ਈਰਾਨ ਯੁੱਧ ਵਿਚਾਲੇ ਚੀਨ ਦਾ ਦੌਰਾ ਕਰਨਗੇ ਰਾਸ਼ਟਰਪਤੀ ਟਰੰਪ, ਤਰੀਕ ਹੋਈ ਤੈਅ

Global Team
2 Min Read

ਨਵੀ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ। ਇਸ ਯਾਤਰਾ ਦੀ ਤਾਰੀਖ਼ ਵੀ ਸਾਹਮਣੇ ਆ ਗਈ ਹੈ। ਉਨ੍ਹਾਂ ਦਾ ਇਹ ਦੌਰਾ ਪਿਛਲੇ 9 ਸਾਲਾਂ ਵਿੱਚ ਪਹਿਲਾ ਦੌਰਾ ਹੋਵੇਗਾ।

ਚੀਨੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਘੋਸ਼ਣਾ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 13 ਤੋਂ 15 ਮਈ ਤੱਕ ਚੀਨ ਦੀ ਰਾਜਕੀ ਯਾਤਰਾ ‘ਤੇ ਰਹਿਣਗੇ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਹੋ ਰਹੀ ਇਹ ਯਾਤਰਾ ਜੰਗ ਅਤੇ ਊਰਜਾ ਸੰਕਟ ਨਾਲ ਜੂਝ ਰਹੀ ਪੂਰੀ ਦੁਨੀਆ ਲਈ ਉਮੀਦ ਦੀ ਇੱਕ ਨਵੀਂ ਕਿਰਨ ਮੰਨੀ ਜਾ ਰਹੀ ਹੈ।

ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ, ਵੀਰਵਾਰ 14 ਮਈ 2026 ਦਾ ਦਿਨ ਕਾਫ਼ੀ ਰੁਝੇਵਿਆਂ ਭਰਿਆ ਰਹਿਣ ਵਾਲਾ ਹੈ। ਰਾਸ਼ਟਰਪਤੀ ਟਰੰਪ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਵਾਗਤੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਡੋਨਾਲਡ ਟਰੰਪ ਵਿਚਕਾਰ ਦੁਵੱਲੀ ਬੈਠਕ ਹੋਵੇਗੀ। ਅਧਿਕਾਰਤ ਗੱਲਬਾਤ ਤੋਂ ਇਲਾਵਾ, ਟਰੰਪ ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਦਾ ਦੌਰਾ ਵੀ ਕਰਨਗੇ। ਵੀਰਵਾਰ ਦੀ ਸ਼ਾਮ ਨੂੰ ਚੀਨ ਵੱਲੋਂ ਇੱਕ ਸ਼ਾਨਦਾਰ ‘ਸਟੇਟ ਬੈਂਕੁਏਟ’ ਦਾ ਆਯੋਜਨ ਕੀਤਾ ਜਾਵੇਗਾ।ਸ਼ੁੱਕਰਵਾਰ ਨੂੰ ਵੀ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ।

ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਸ਼ਵਵਿਆਪੀ ਹਾਲਾਤ ਬੇਹੱਦ ਤਣਾਅਪੂਰਨ ਹਨ। ਇੱਕ ਪਾਸੇ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਲੰਬੇ ਸਮੇਂ ਤੋਂ ਜੰਗ ਛਿੜੀ ਹੋਈ ਹੈ, ਤਾਂ ਦੂਜੇ ਪਾਸੇ ‘ਸਟ੍ਰੇਟ ਆਫ ਹੋਰਮੁਜ਼’ ਦੀ ਨਾਕਾਬੰਦੀ ਨੇ ਦੁਨੀਆ ਭਰ ਵਿੱਚ ਊਰਜਾ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਤਾਈਵਾਨ ਸਮੇਤ ਕਈ ਹੋਰ ਮੁੱਦਿਆਂ ‘ਤੇ ਵੀ ਬੀਜਿੰਗ ਅਤੇ ਵਾਸ਼ਿੰਗਟਨ ਵਿਚਾਲੇ ਖਿੱਚੋਤਾਣ ਬਣੀ ਹੋਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਸਾਲ 2017 ਵਿੱਚ ਚੀਨ ਦੀ ਯਾਤਰਾ ਕੀਤੀ ਸੀ। ਇਹ ਯਾਤਰਾ ਕਾਫ਼ੀ ਸ਼ਾਨਦਾਰ ਰਹੀ ਸੀ ਅਤੇ ਚੀਨ ਨੇ ਇਸ ਨੂੰ ‘ਰਾਜਕੀ ਯਾਤਰਾ ਤੋਂ ਵੀ ਵਧ ਕੇ’ ਕਰਾਰ ਦਿੱਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਅਖੀਰ ਵਿੱਚ ਚੀਨ ਦੀ ਯਾਤਰਾ ਕਰਨ ਵਾਲੇ ਸਨ। ਹਾਲਾਂਕਿ, ਇਰਾਨ ਨਾਲ ਜਾਰੀ ਜੰਗ ਦੇ ਕਾਰਨ ਉਨ੍ਹਾਂ ਦੀ ਇਸ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਟਰੰਪ ਅਤੇ ਸ਼ੀ ਦੀ ਅਕਤੂਬਰ ਵਿੱਚ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਆਯੋਜਿਤ ‘ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ’ (APEC) ਸਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ।

Share This Article
Leave a Comment