ਈਰਾਨੀ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਦੀ ਮੌਤ; ਈਰਾਨ ਨੇ ਕੀਤੀ ਪੁਸ਼ਟੀ

Global Team
2 Min Read

ਤੇਹਰਾਨ : ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਦੀ ਇਜ਼ਰਾਈਲੀ ਹਮਲੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦਾ ਐਲਾਨ ਇਜ਼ਰਾਈਲੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕੀਤਾ ਸੀ, ਹਾਲਾਂਕਿ ਦੇਰ ਰਾਤ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਇਸ ਦੀ ਪੁਸ਼ਟੀ ਕੀਤੀ ।

ਉਨ੍ਹਾਂ ਦੀ ਮੌਤ ਈਰਾਨ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਜੰਗ ਦੀ ਸ਼ੁਰੂਆਤ ਤੋਂ ਮਰਨ ਵਾਲੇ ਅਧਿਕਾਰੀਆਂ ਵਿੱਚ ਲਾਰੀਜਾਨੀ ਨੂੰ ਸੁਪਰੀਮ ਲੀਡਰ ਤੋਂ ਬਾਅਦ ਦੂਜੇ ਨੰਬਰ ‘ਤੇ ਸਭ ਤੋਂ ਵੱਡਾ ਲੀਡਰ ਮੰਨਿਆ ਜਾ ਰਿਹਾ ਸੀ। ਦੇਸ਼ ਦੀਆਂ ਫੌਜਾਂ ਦੇ ਆਪ੍ਰੇਸ਼ਨਲ ਫੈਸਲਿਆਂ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।

ਦੱਸ ਦੇਈਏ ਕਿ ਪਿਛਲੇ ਮਹੀਨੇ ਅਮਰੀਕੀ-ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਵੀ ਮਾਰੇ ਗਏ ਸਨ ਅਤੇ ਉਨ੍ਹਾਂ ਦੇ ਬੇਟੇ ਮੋਜਤਬਾ ਨੂੰ ਨਵਾਂ ਨੇਤਾ ਚੁਣਿਆ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਲਾਰੀਜਾਨੀ IRGC ਅਤੇ ਈਰਾਨੀ ਸੈਨਾ ਦੇ ਜਵਾਬੀ ਹਮਲਿਆਂ ਦੀ ਕਮਾਨ ਸੰਭਾਲ ਰਹੇ ਸਨ। ਅਲੀ ਲਾਰੀਜਾਨੀ ਨੂੰ ਇਸਲਾਮਿਕ ਰਿਪਬਲਿਕ ਦੇ ਢਾਂਚੇ ਦੀ ਡੂੰਘੀ ਸਮਝ ਸੀ ਕਿਉਂਕਿ ਉਹ ਦੇਸ਼ ਦੇ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਸਨ।

ਇਜ਼ਰਾਈਲ ਨੇ ਲਾਰੀਜਾਨੀ ਦੀ ਮੌਤ ਨੂੰ ਇੱਕ ਵੱਡੀ ਫੌਜੀ ਸਫਲਤਾ ਦੱਸਿਆ। ਇਜ਼ਰਾਈਲ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਸ ਨੇ ਤੇਹਰਾਨ ਦੇ ਨੇੜੇ ਰਾਤ ਭਰ ਚੱਲੇ ਹਵਾਈ ਹਮਲੇ ਵਿੱਚ ਲਾਰੀਜਾਨੀ ਨੂੰ ਮਾਰ ਮੁਕਾਇਆ ਹੈ। ਈਰਾਨ ਨੇ ਸ਼ੁਰੂ ਵਿੱਚ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ, ਪਰ ਬਾਅਦ ਵਿੱਚ ਈਰਾਨੀ ਸਰਕਾਰੀ ਮੀਡੀਆ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਰਿਪੋਰਟਾਂ ਅਨੁਸਾਰ, ਇਸ ਹਮਲੇ ਵਿੱਚ ਲਾਰੀਜਾਨੀ ਦਾ ਬੇਟਾ ਅਤੇ ਉਨ੍ਹਾਂ ਦੇ ਕੁਝ ਸੁਰੱਖਿਆ ਕਰਮੀ ਵੀ ਮਾਰੇ ਗਏ ਹਨ। ਲਾਰੀਜਾਨੀ ਅਯਾਤੁੱਲਾ ਅਲੀ ਖਾਮੇਨੇਈ ਦੇ ਸਲਾਹਕਾਰ ਰਹਿ ਚੁੱਕੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment