ਵਿਲੱਖਣ ਸਖਸ਼ੀਅਤ ਦੇ ਮਾਲਕ ਸਨ – ਡਾ ਏ ਪੀ ਜੇ ਅਬਦੁਲ ਕਲਾਮ

TeamGlobalPunjab
5 Min Read

-ਅਵਤਾਰ ਸਿੰਘ

 

ਭਾਰਤ ਦੇ ਰਾਸ਼ਟਰਪਤੀ ਬਹੁਤ ਵੱਡੀਆਂ ਸਖਸ਼ੀਅਤਾਂ ਹੋਈਆਂ ਹਨ। ਡਾ ਰਜਿੰਦਰ ਪ੍ਰਸ਼ਾਦਿ ਨੂੰ ਸੁੰਤਤਰਤਾ ਸੰਗਰਾਮੀ ਕਿਹਾ ਜਾਂਦਾ ਸੀ। ਡਾ ਰਾਧਾ ਕ੍ਰਿਸ਼ਨ ਨੂੰ ਲੋਕ ਫਿਲਾਸਫਰ ਕਿੰਗ ਕਹਿੰਦੇ ਸਨ ਅਤੇ ਅਬਦੁਲ ਕਲਾਮ ਨੂੰ ਪੁਲਾੜ, ਮਿਜਾਈਲ ਮੈਨ, ਇੰਜਨੀਅਰ, ਐਟਮ ਦੇ ਵਿਗਿਆਨੀ, ਦੇਸ਼ ਪ੍ਰੇਮੀ ਕਰਕੇ ਜਾਣਿਆ ਜਾਂਦਾ ਹੈ।

ਡਾਕਟਰ ਅਵੁਲ ਪਾਕਿਰ ਜੈਨੁਲਾਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਵਿੱਚ ਇਕ ਗਰੀਬ ਮਲਾਹ ਦੇ ਘਰ ਹੋਇਆ। ਗਰੀਬੀ ਕਾਰਨ ਕਈ ਕੰਮ ਕਰਦਿਆਂ 1954 ਵਿੱਚ ਤਿਰੂਚਿਰਾਪੱਲੀ ਦੇ ਕਾਲਜ ਤੋਂ ਬੀ.ਐਸਸੀ ਫਿਜਿਕਸ ਕੀਤੀ। ਪੰਜਵੀ ਵਿੱਚ ਪੜਦਿਆਂ ਹੀ ਉਸਦੇ ਮਨ ਅੰਦਰ ਪੰਛੀਆਂ ਵਾਂਗ ਉਡਣ ਦਾ ਸੁਪਨਾ ਸੀ। ਉਸ ਨੇ ਸਾਥੀਆਂ ਨਾਲ ਰਲ ਕੇ ਹਵਾਈ ਜਹਾਜ਼ ਦਾ ਡਿਜ਼ਾਇਨ ਪ੍ਰਾਜੈਕਟ ਕੀਤਾ।ਪ੍ਰੋਫੈਸਰ ਨੇ ਇਸ ਨੂੰ ਰੱਦ ਕਰਕੇ ਤਿੰਨ ਦਿਨਾਂ ਅੰਦਰ ਨਵਾਂ ਡਿਜਾਇਨ ਨਾ ਬਣਾਉਣ ਤੇ ਉਸਦਾ ਵਜੀਫਾ ਬੰਦ ਕਰਨ ਦੀ ਧਮਕੀ ਦਿੱਤੀ। ਡਾ ਕਲਾਮ ਨੇ ਤਿੰਨ ਦਿਨਾਂ ਅੰਦਰ ਜਦ ਨਵਾਂ ਡਿਜਾਇਨ ਬਣਾ ਕੇ ਪੇਸ਼ ਕੀਤਾ ਤਾਂ ਪ੍ਰੋਫੈਸਰ ਨੇ ਕਿਹਾ, “ਮੈਂ ਤੇਰੀ ਪ੍ਰੀਤਭਾ ਨੂੰ ਸਿਖਰ ਤੱਕ ਵਰਤਣਾ ਚਾਹੁੰਦਾ ਸੀ।”

- Advertisement -

1957 ਵਿੱਚ ਏਅਰੋਨੌਟਿਕਸ ਦੀ ਪੜਾਈ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੰਗਲੌਰ ਵਿੱਚ ਨੌਕਰੀ ਮਿਲ ਗਈ। ਉਥੇ ਪਰੋਟੋ ਟਾਈਪ ਮਾਡਲ ਬਣਾ ਕੇ ਉਸ ਸਮੇਂ ਦੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨਾਲ ਬੈਠ ਕੇ ਆਕਾਸ਼ ਵਿੱਚ ਚੱਕਰ ਲਾਇਆ। ਫਿਰ ਉਹ ਵਿਕਰਮ ਸਾਰਾਭਾਈ ਜੋ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦਾ ਚੇਅਰਮੈਨ ਸੀ, ਕੋਲ ਜਾ ਕੇ 350 ਕਿਲੋਮੀਟਰ ਉਚਾਈ ਤਕ ਜਾਣ ਵਾਲੇ ਰਾਕੇਟ ਬਣਾ ਕੇ ਸਫਲਤਾ ਹਾਸਲ ਕੀਤੀ।

1969 ਵਿੱਚ ਈਸਰੋ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਨੂੰ ਡਾਇਰੈਕਟਰ ਬਣਾਇਆ ਗਿਆ। ਇਸ ਸੰਸਥਾ ਲਈ ਪਹਿਲਾ ਸੈਟੇਲਾਈਟ ਲਾਂਚ ਵਹੀਕਲ (ਐਸ ਐਲ ਵੀ) ਬਣਾਇਆ ਉਸਦੇ ਅਸਫਲ ਹੋਣ ‘ਤੇ 18 ਜੁਲਾਈ 1980 ਨੂੰ ਨਵਾਂ ਐਸ ਐਲ ਵੀ ਬਣਾ ਕੇ ਕਾਮਯਾਬੀ ਹਾਸਲ ਕੀਤੀ।

ਰਾਜਾ ਰਾਮਨਾਥ ਦੇ ਕਹਿਣ ‘ਤੇ ਕਲਾਮ ਨੇ ਡੀ ਆਰ ਡੀ ਓ ਵਿੱਚ ਆ ਕੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ਦੀ ਵਾਗਡੋਰ ਸੰਭਾਲੀ। 1981 ਨੂੰ ਲਾਂਚ ਵਾਹਨਾਂ ਦੇ ਕੰਮਾਂ ਲਈ ਪਦਮ ਵਿਭੂਸ਼ਨ ਦਿੱਤਾ ਗਿਆ। ਉਨ੍ਹਾਂ ਨੇ ਧਰਤੀ ਤੋਂ ਧਰਤੀ, ਧਰਤੀ ਤੋਂ ਆਕਾਸ਼, ਛੋਟੀ ਵੱਡੀ ਰੇਂਜ ਤੇ ਟੈਂਕ ਤੋੜਨ ਵਾਲੀਆਂ ਮਿਜਾਈਲਾਂ ਪ੍ਰਿਥਵੀ, ਅਕਾਸ਼, ਅਗਨੀ, ਨਾਗਰਿਕ, ਤਿਰਸ਼ੂਲ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਕੀਤੀਆਂ।

1998 ਦੇ ਪੋਖਰਨ-2 ਐਟਮੀ ਧਮਾਕਿਆਂ ਵਿੱਚ ਉਹਨਾਂ ਦਾ ਅਹਿਮ ਰੋਲ ਸੀ। 1997 ਵਿੱਚ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਿਆ। ਦਿਲ ਦੇ ਰੋਗਾਂ ਦੇ ਮਾਹਿਰ ਨਾਲ ਰਲ ਕੇ ਕਲਾਮ ਰਾਜੂ ਸਟੈਂਟ ਬਣਾਇਆ ਜੋ ਵਿਦੇਸ਼ਾਂ ਤੋਂ 75,000 ਰੁਪਏ ਦਾ ਸੀ ਤੇ ਨਵਾਂ ਤਿਆਰ ਕਰਕੇ 11,000 ਰੁਪਏ ਵਿੱਚ ਵੇਚਿਆ।ਅਗਨੀ ਮਿਜ਼ਾਈਲ ਦੇ ਕੋਨ ਵਾਸਤੇ ਵਰਤੇ ਗਏ ਪਦਾਰਥ ਤੋਂ ਲੱਤਾਂ/ਗੋਡਿਆਂ ਉਤੇ ਬੰਨਣ ਵਾਲਾ ਕਲੀਨਰ ਜੋ 3500 ਰੁਪਏ ਦਾ ਸੀ ਤੇ ਉਹ 500 ਰੁ ਵਿੱਚ ਵੇਚਿਆ।

70 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ। 2002 ਵਿੱਚ 90% ਵੋਟਾਂ ਲੈ ਕੇ 11ਵੇਂ ਰਾਸ਼ਟਰਪਤੀ ਬਣੇ। 2007 ਵਿੱਚ ਰਾਸ਼ਟਰਪਤੀ ਤੋਂ ਸੇਵਾਮੁਕਤ ਹੋਣ ਤੇ ਉਹ ਇਕ ਵਿਗਿਆਨੀ, ਬੁੱਧੀਜੀਵੀ, ਸਮਾਜ ਸੇਵੀ ਸਰਗਰਮ ਹੋਏ। ਰਾਸ਼ਟਰਪਤੀ ਭਵਨ ਵਿੱਚ ਮੈਡੀਸਨਲ ਪਲਾਂਟ ਦਾ ਬਾਗ ਲਵਾਇਆ। ਉਹ ਕਰਨਾਟਕ ਸੰਗੀਤ ਦੇ ਪ੍ਰੇਮੀ ਤੇ ਵੀਨਾਵਾਦਕ ਸੀ। ਉਨ੍ਹਾਂ ਨੇ ਸ਼ਾਦੀ ਨਹੀਂ ਕਰਾਈ ਤੇ ਕੋਈ ਗੱਡੀ, ਟੀ ਵੀ ਏ ਸੀ, ਗਹਿਣੇ, ਜ਼ਮੀਨ, ਜਾਇਦਾਦ, ਬੈਂਕ ਬੈਲੇਂਸ ਜਾਂ ਵਸੀਅਤ ਨਹੀਂ ਸੀ। ਪੈਨਸ਼ਨ ਵਿੱਚੋਂ ਗੁਜਾਰਾ ਜੋਗੇ ਪੈਸੇ ਰੱਖ ਕੇ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦਿੰਦੇ ਸਨ। ਉਨ੍ਹਾਂ ਕੋਲ 6 ਪੈਂਟਾਂ, 4 ਕਮੀਜਾਂ, 3 ਸੂਟ,16 ਡਾਕਟਰੇਟ ਤੇ 2500 ਕਿਤਾਬਾਂ ਸਨ।

- Advertisement -

27 ਜੁਲਾਈ 2015 ਨੂੰ ਸ਼ਿਲਾਂਗ ਵਿੱਚ ਭਾਸ਼ਨ ਦੇਣ ਸਮੇਂ ਅਚਾਨਕ ਹੇਠਾਂ ਡਿਗ ਪਏ ਤੇ ਸਦਾ ਲਈ ਚਲੇ ਗਏ। ਕਲਾਮ ਦੇ ਸਕੱਤਰ ਨੇ ਕਿਤਾਬ ‘ਕਲਾਮ ਇਫੈਕਟ’ ਵਿੱਚ ਲਿਖਿਆ,”ਹਰ ਰਾਸ਼ਟਰਪਤੀ ਵਾਂਗ ਕਲਾਮ ਨੂੰ ਵੀ ਦੇਸ਼ ਵਿਦੇਸ਼ ਵਿੱਚੋਂ ਤੋਹਫੇ ਮਿਲਦੇ। ਉਹ ਤੋਹਫਾ ਲੈ ਕੇ ਦਿੱਲੀ ਆ ਕੇ ਦਫਤਰੀ ਰਿਕਾਰਡ ਵਿੱਚ ਦਰਜ ਕਰਦੇ। ਅਹੁਦੇ ਦੀ ਮਿਆਦ ਖਤਮ ਹੋਣ ‘ਤੇ ਇਕ ਪੈਨਸਿਲ ਤੱਕ ਵੀ ਵੱਡੇ ਭੰਡਾਰ ਵਿੱਚੋਂ ਨਹੀਂ ਲਈ। ਇਕ ਵਾਰ ਉਨ੍ਹਾਂ ਦੇ ਜਾਣਕਾਰ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਤੇ ਉਨ੍ਹਾਂ ਦੇ ਖਾਣ ਪੀਣ ਤੇ ਦਿੱਲੀ ਦੇ ਘੁੰਮਣ ਲਈ ਬੱਸ ਦਾ ਖਰਚਾ ਉਨ੍ਹਾਂ ਆਪਣੀ ਜੇਬ ਵਿੱਚੋ ਕੀਤਾ।” ਉਨ੍ਹਾਂ ਦਾ ਇਕ ਕੰਨ ਜਮਾਂਦਰੂ ਅੱਧਾ ਸੀ ਇਸਨੂੰ ਢੱਕ ਕੇ ਰੱਖਣ ਲਈ ਉਨ੍ਹਾਂ ਵਾਲਾਂ ਦਾ ਵੱਖਰਾ ਹੀ ਸਟਾਇਲ ਬਣਾਇਆ ਹੋਇਆ ਸੀ। 30 ਜੁਲਾਈ 2015 ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ। ਅਜਿਹੀ ਵਿਲੱਖਣ ਸਖਸ਼ੀਅਤ ਨੂੰ ਸਲਾਮ।

Share this Article
Leave a comment