ਜਗਤਾਰ ਸਿੰਘ ਸਿੱਧੂ;
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਦਾ ਮੁੱਦਾ ਰਾਜਸੀ ਹਲਕਿਆਂ ਵਿੱਚ ਤਕੜਾ ਗਰਮਾਇਆ ਹੋਇਆ ।ਮਜੀਠੀਆ ਦਾ ਕਹਿਣਾ ਹੈ ਕਿ ਰਾਜਸੀ ਬਦਲੇ ਦੀ ਭਾਵਨਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨਾਂ ਦੀ ਸੁਰੱਖਿਆ ਛਤਰੀ ਘਟਾਈ ਹੈ। ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਮਜੀਠੀਆ ਆਪ ਵਿਰੁੱਧ ਡੱਟ ਕੇ ਬੋਲਦਾ ਹੈ ਜਿਸ ਕਰਕੇ ਉਸ ਦੀ ਸਕਿਉਰਿਟੀ ਵਾਪਸ ਲਈ ਗਈ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇਕਰ ਸਕਿਉਰਿਟੀ ਘਟਾਉਣ ਨਾਲ ਕੋਈ ਮਾੜੀ ਘਟਨਾ ਵਾਪਰ ਗਈ ਤ ਸਿੱਧੇ ਤੌਰ ਆਪ ਦੀ ਲੀਡਰਸ਼ਿਪ ਅਤੇ ਪੁਲੀਸ ਅਧਿਕਾਰੀ ਜਿੰਮੇਵਾਰ ਹੋਣਗੇ।
ਇਸ ਦੇ ਜਵਾਬ ਵਿੱਚ ਸਕਿਉਰਿਟੀ ਮਾਮਲਿਆਂ ਨੂੰ ਵੇਖ ਰਹੇ ਸੀਨੀਅਰ ਪੁਲਿਸ ਅਧਿਕਾਰੀ ਅਰਪਿਤ ਸ਼ੁਕਲਾ ਦਾ ਦਾਅਵਾ ਹੈ ਕਿ ਮਜੀਠੀਆ ਦੀ ਸਕਿਉਰਿਟੀ ਵਾਪਸ ਨਹੀਂ ਲਈ ਗਈ ਸਗੋਂ ਰਵਿਊ ਕਰਕੇ ਘਟਾਈ ਗਈ ਹੈ । ਅਜੇ ਵੀ ਮਜੀਠੀਆ ਨਾਲ ਸਕਿਉਰਿਟੀ ਲੱਗੀ ਹੋਈ ਹੈ ਅਤੇ ਗੱਡੀ ਵੀ ਮਿਲੀ ਹੋਈ ਹੈ।
ਬਿਕਰਮ ਮਜੀਠੀਆ ਦਾ ਦਾਅਵਾ ਹੈ ਕਿ ਬਹੁਤ ਕਾਹਲ ਨਾਲ ਉਸ ਦੀ ਸਕਿਉਰਿਟੀ ਨੂੰ ਹਟਾਇਆ ਗਿਆ ਹੈ ਅਤੇ ਸਕਿਉਰਿਟੀ ਇੰਚਾਰਜ ਨੂੰ ਪੁੱਛਿਆ ਤੱਕ ਨਹੀਂ ਗਿਆ ।ਇਹ ਵੀ ਦੋਸ਼ ਹੈ ਕਿ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਹੈ ਕਿ ਡਰਗ ਮਾਮਲੇ ਦੇ ਦੋਸ਼ੀ ਨੂੰ ਕਿਵੇਂ ਸੁਰੱਖਿਆ ਮਿਲ ਸਕਦੀ ਹੈ? ਮਜੀਠੀਆ ਦਾ ਨਿਸ਼ਾਨਾ ਹੈ ਕਿ ਆਪ ਦੇ ਸਾਰੇ ਸੀਨੀਅਰ ਆਗੂਆਂ ਉਪਰ ਦੋਸ਼ ਹਨ ਤਾਂ ਫਿਰ ਆਪ ਦੇ ਆਗੂਆਂ ਨੂੰ ਸਕਿਉਰਿਟੀ ਕਿਵੇਂ ਮਿਲੀ ਹੋਈ ਹੈ?
ਮਾਮਲਾ ਦੂਜੀਆਂ ਧਿਰਾਂ ਤੱਕ ਪੁੱਜ ਗਿਆ ਹੈ । ਸੁਭਾਵਿਕ ਹੈ ਕਿ ਆਪ ਦੀਆਂ ਵਿਰੋਧੀ ਪਾਰਟੀਆਂ ਨੂੰ ਮੁੱਦਾ ਮਿਲ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਮਜੀਠੀਆ ਦੀ ਸਕਿਉਰਿਟੀ ਵਾਪਸ ਲੈਣ ਦੇ ਮੁੱਦੇ ਉੱਤੇ ਆਪ ਸਰਕਾਰ ਨੂੰ ਘੇਰਿਆ ਗਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਹਟਾਈ ਗਈ ਤਾਂ ਐਨਾ ਵੱਡਾ ਭਾਣਾ ਵਾਪਰਿਆ। ਸੁਖਬੀਰ ਸਿੰਘ ਬਾਦਲ ਵਲੋਂ ਅੱਜ ਆਪਣੇ ਆਗੂਆਂ ਸਮੇਤ ਮਜੀਠੀਆ ਨਾਲ ਚੰਡੀਗੜ ਮਜੀਠੀਆ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਗਈ। ਪਿਛਲੇ ਦਿਨੀ ਇਹ ਚਰਚਾ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਚਕਾਰ ਸਬੰਧ ਸੁਖਾਵੇਂ ਨਹੀ। ਪਰ ਅੱਜ ਦੀਆਂ ਘਟਨਾਵਾਂ ਨੇ ਦੋਹਾਂ ਪਰਿਵਾਰਾਂ ਦੀ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਹੈ।
ਅਸਲ ਵਿੱਚ ਰਾਜਸੀ ਧਿਰਾਂ ਦੇ ਆਗੂਆਂ ਨੂੰ ਸਕਿਉਰਿਟੀ ਦੇਣ ਦੇ ਮਾਮਲੇ ਰਾਜਨੀਤੀ ਦੀ ਖੇਡ ਬਣਦੇ ਨਜ਼ਰ ਆ ਰਹੇ ਹਨ। ਇਸ ਹਮਾਮ ਵਿੱਚ ਸਾਰੇ ਨੰਗੇ ਹਨ ਕਿਉਂਕਿ ਇਸ ਮੁੱਦੇ ਬਾਰੇ ਨਜ਼ਰੀਆ ਇਕ ਸਰਕਾਰ ਤੋਂ ਦੂਜੇ ਸਰਕਾਰ ਦਾ ਬਦਲਦਾ ਰਹਿੰਦਾ ਹੈ। ਜੇਕਰ ਕਿਸੇ ਵੀ ਧਿਰ ਦੇ ਆਗੂ ਦੀ ਜ਼ਿੰਦਗੀ ਲਈ ਖ਼ਤਰਾ ਹੈ ਤਾਂ ਸਕਿਉਰਿਟੀ ਦੇਣ ਦਾ ਮਾਮਲਾ ਸਬੰਧਤ ਅਧਿਕਾਰੀਆਂ ਨਾਲ ਹੈ। ਫਿਰ ਰਾਜਨੀਤੀ ਕਿਉ? ਕੀ ਸਾਡੇ ਹੁਕਮਰਾਨ ਜਿੰਦਗੀਆਂ ਨੂੰ ਬਚਾਉਣ ਜਾਂ ਖਤਰੇ ਵਿੱਚ ਪਾਉਣ ਦੀ ਘਟੀਆ ਰਾਜਸੀ ਖੇਡ ਖੇਡਦੇ ਹਨ? ਫਿਰ ਆਮ ਆਦਮੀ ਦੀ ਜਿੰਦਗੀ ਤਾਂ ਹੋਰ ਵੀ ਹੁਕਮਰਾਨਾਂ ਲਈ ਰਾਜਸੀ ਖੇਡ ਹੈ? ਇਸ ਦਾ ਜਵਾਬ ਵੀ ਆਮ ਆਦਮੀ ਨੂੰ ਹੀ ਲੱਭਣਾ ਹੋਵੇਗਾ।
ਸੰਪਰਕ 9814002186