ਕੌਮਾਂਤਰੀ ਮਨੁੱਖੀ ਤਸਕਰੀ ਵਿਰੋਧੀ ਦਿਵਸ : ਮਾਨਵਤਾ ਦੇ ਮੱਥੇ ਦਾ ਕਲੰਕ ਹੈ ਮਨੁੱਖੀ ਤਸਕਰੀ

TeamGlobalPunjab
6 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

 

ਕੋਈ ਵੇਲਾ ਸੀ ਜਦੋਂ ਭਾਰਤ ਹੀ ਨਹੀਂ ਸਗੋਂ ਦੂਜੇ ਮੁਲਕਾਂ ਵਿੱਚ ਪਸ਼ੂਆਂ ਦੇ ਨਾਲ ਨਾਲ ਮਨੁੱਖਾਂ ਦੀ ਵੀ ਮੰਡੀ ਲੱਗਦੀ ਹੁੰਦੀ ਸੀ। ਜਵਾਨ ਔਰਤਾਂ ਤੇ ਮਰਦਾਂ ਅਤੇ ਬੱਚਿਆਂ ਤੱਕ ਦੀ ਬੋਲੀ ਲਗਾਈ ਜਾਂਦੀ ਸੀ ਤੇ ਖ਼ਰੀਦ ਕੇ ਲੈ ਜਾਣ ਤੋਂ ਬਾਅਦ ਮਾਲਕ ਵੱਲੋਂ ਉਨ੍ਹਾ ਨੂੰ ਬਿਨਾ ਕੋਈ ਪੈਸਾ ਜਾਂ ਮਜ਼ਦੂਰੀ ਅਦਾ ਕੀਤਿਆਂ ਉਨ੍ਹਾ ਤੋਂ ਗ਼ੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਔਰਤਾਂ ਤੇ ਬੱਚੀਆਂ ਦਾ ਤਾਂ ਸ਼ਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਗ਼ੁਲਾਮ ਪ੍ਰਥਾ ਖ਼ਿਲਾਫ਼ ਦੁਨੀਆ ਭਰ ਵਿੱਚ ਉੱਠੇ ਵੱਖ ਵੱਖ ਅੰਦੋਲਨਾਂ ਕਰਕੇ ਇਹ ਪ੍ਰਥਾ ਕਾਫੀ ਹੱਦ ਤੱਕ ਖ਼ਤਮ ਹੋ ਗਈ ਮੰਨੀ ਜਾਣ ਲੱਗ ਪਈ ਸੀ ਪਰ ਕੁਝ ਇੱਕ ਸਮਾਜ ਵਿਗਿਆਨੀਆਂ ਦਾ ਮਤ ਹੈ ਕਿ ਸਮਾਂ ਬਦਲਣ ਨਾਲ ਮਨੁੱਖੀ ਖ਼ਰੀਦੋ-ਫ਼ਰੋਖ਼ਤ ਦਾ ਸਰੁਪ ਬਦਲ ਗਿਆ ਪਰ ਇਹ ਪ੍ਰਥਾ ਖ਼ਤਮ ਨਹੀਂ ਹੋਈ। ਅੱਜ ਵੀ ਦੁਨੀਆਂ ਭਰ ਵਿੱਚੋਂ ਔਰਤਾਂ,ਲੜਕੀਆਂ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਫਿਰ ਉਨ੍ਹਾ ਤੋਂ ਸ਼ਰੀਰਕ ਮਿਹਨਤ ਜਾਂ ਬੰਧੂਆ ਮਜ਼ਦੂਰੀ ਵਾਲੇ ਕੰਮ ਕਰਵਾਏ ਜਾਂਦੇ ਹਨ ਜਾਂ ਭੀਖ ਮੰਗਣ ਦੇ ‘ਕਾਲੇ ਕਾਰੋਬਾਰ’ ਵਿੱਚ ਲਗਾ ਦਿੱਤਾ ਜਾਂਦਾ ਹੈ ਤੇ ਲੜਕੀਆਂ ਨੂੰ ਵੇਸ਼ਵਾਗਮਨੀ ਦੇ ਧੰਦੇ ਵਿੱਚ ਧਕੇਲ ਕੇ ਉਨ੍ਹਾ ਦੀ ਜੀਵਨ ਨਾਸ ਕਰ ਦਿੱਤਾ ਜਾਂਦਾ ਹੈ।

ਅੱਜ 30 ਜੁਲਾਈ ਦਾ ਦਿਨ ਉਪਰੋਕਤ ਕਸ਼ਟਾਂ ਨਾਲ ਵਾਬਸਤਾ ਲੋਕਾਂ ਨੂੰ ਸਮਰਪਿਤ ਹੈ ਤੇ ਪੂਰੇ ਵਿਸ਼ਵ ਵਿੱਚ ਇਹ ਦਿਨ ‘ ਇੰਟਰਨੈਸ਼ਨਲ ਡੇਅ ਅਗੇਨਸਟ ਟਰੈਫਿਕਿੰਗ ਇਨ ਹਿਊਮਨਜ਼ ’ ਭਾਵ ‘ਕੌਮਾਂਤਰੀ ਮਨੁੱਖੀ ਤਸਕਰੀ ਵਿਰੋਧੀ ਦਿਵਸ ’ਦੇ ਸਿਰਲੇਖ ਹੇਠ ਹਰ ਸਾਲ ਮਨਾਇਆ ਜਾਂਦਾ ਹੈ। ਸੰਨ 2013 ਵਿੱਚ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਭਾਵ ਆਮ ਸਭਾ ਵਿੱਚ ਇਸ ਦਿਵਸ ਨੂੰ ਮਨਾਉਣ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਮਨੁੱਖੀ ਸਮਗÇਲੰਗ ਅਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਸਮਰਪਿਤ ਕਰਕੇ ਇੱਕ ਅਜਿਹਾ ਦਿਨ ਮਨਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਜਿਸ ਵਿੱਚ ਪੀੜਤ ਲੋਕਾਂ ਦੇ ਹੱਕਾਂ ਸਬੰਧੀ ਜਾਗਰੁੂਕਤਾ ਫੈਲਾਈ ਜਾਵੇ ਤੇ ਪੀੜਤਾਂ ਨੂੰ ਨਰਕ ਕੁੰਭ ‘ਚੋਂ ਕੱਢ ਕੇ ਇੱਕ ਚੰਗਾ ਜੀਵਨ ਜਿਊਣ ਦੇ ਕਾਬਿਲ ਬਣਾਇਆ ਜਾਵੇ। ਸੰਨ 2003 ਵਿੱਚ ਸੰਯੁਕਤ ਰਾਸ਼ਟਰ ਦੇ ‘ ਡਰੱਗ ਐਂਡ ¬ਕ੍ਰਾਈਮ ਵਿਭਾਗ ’ ਨੇ ਉਕਤ ਸਮੱਸਿਆ ਨਾਲ ਪੀੜਤ ਸਵਾ ਦੋ ਲੱਖ ਦੇ ਕਰੀਬ ਵਿਅਕਤੀਆਂ ਦੀ ਪਛਾਣ ਕੀਤੀ ਸੀ ਤੇ ਉਪਰੰਤ ਸਮੂਹ ਮੁਲਕਾਂ ਨੇ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾ ਨੂੰ ਮੁਕਤੀ ਦੁਆਉਣ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਮਨੁੱਖੀ ਸਮਗÇਲੰਗ ਜਾਂ ਟਰੈਫਿਕਿੰਗ ਦੀਆਂ ਸ਼ਿਕਾਰ ਔਰਤਾਂ ਜਾਂ ਲੜਕੀਆਂ ਵਿੱਚੋਂ 65 ਫ਼ੀਸਦੀ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਤੇ 35 ਫ਼ੀਸਦੀ ਕੋਲੋਂ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈ।

- Advertisement -

ਸੰਯੁਕਤ ਰਾਸ਼ਟਰ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਗੋਰਖਧੰਦੇ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਸ਼ਾਤਿਰ ਦਿਮਾਗ ਅਪਰਾਧੀਆਂ ਨੇ ਨੌਕਰੀ ਜਾਂ ਪੈਸਿਆਂ ਦਾ ਲਾਲਚ ਦੇ ਕੇ ਫਸਾਇਆ ਹੁੰਦਾ ਹੈ। ਨਿੱਕੇ ਬੱਚਿਆਂ ਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਫਿਰ ਗ਼ਰੀਬ ਮਾਪਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚੇ ਉਨ੍ਹਾ ਤੋਂ ਲੈ ਲਏ ਜਾਂਦੇ ਹਨ ਤੇ ਫਿਰ ਇਸ ਕਾਲੇ ਕਾਰੋਬਾਰ ਵਿੱਚ ਧੱਕ ਦਿੱਤੇ ਜਾਂਦੇ ਹਨ। ਇਸ ਧੰਦੇ ਦੇ ਮਾਹਿਰ ਲੋਕ ਸਮਾਜ ਵਿੱਚ ਗ਼ਰੀਬ,ਇਕੱਲੇ,ਬੇਰੁਜ਼ਗਾਰ,ਅਨਪੜ੍ਹ ਲੋਕਾਂ ਨੂੰ ਤਲਾਸ਼ਦੇ ਰਹਿੰਦੇ ਹਨ ਤੇ ਹੋਰ ਤਾਂ ਹੋਰ ਕਿਸੇ ਮੁਲਕ ਵਿੱਚ ਜੰਗ ਜਾਂ ਕੁਦਰਤੀ ਆਫ਼ਤ ਦੇ ਸ਼ਿਕਾਰ ਔਰਤਾਂ ਤੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਬਾਜ਼ ਨਹੀਂ ਆਉਂਦੇ ਹਨ। ਅਨੇਕਾਂ ਬੱਚਿਆਂ ਤੇ ਔਰਤਾਂ ਨੂੰ ਤਾਂ ਅਜਿਹੇ ਅਣਜਾਣੇ ਮੁਲਕਾਂ ਵਿੱਚ ਲਿਜਾਇਆ ਜਾਂਦਾ ਹੈ ਜਿੱਥੋਂ ਦੀ ਭਾਸ਼ਾ ਵੀ ਉਨ੍ਹਾ ਨੂੰ ਸਮਝ ਨਹੀਂ ਆਉਂਦੀ ਹੈ। ਉਨ੍ਹਾ ਮੁਲਕਾਂ ਵਿੱਚ ਇਨ੍ਹਾ ਵਿਚਾਰਿਆਂ ਦੀ ਮਦਦ ਲਈ ਕੋਈ ਨਹੀਂ ਬਹੁੜਦਾ ਹੈ ਤੇ ਫਿਰ ਕਈ ਸਾਲ ਦੀ ਤਸ਼ਦੱਦ ਭਰੀ ਜ਼ਿੰਦਗੀ ਕੱਟਣ ਪਿੱਛੋਂ ਉਹ ਕਿਹੜੇ ਖੂਹ-ਖਾਤੇ ਪੈ ਜਾਂਦੇ ਹਨ ਇਹ ਕੋਈ ਨਹੀਂ ਜਾਣਦਾ ਹੈ।

ਭਾਰਤ ਵਿੱਚ ਸੰਨ 2016 ਵਿੱਚ 2 ਲੱਖ 90 ਹਜ਼ਾਰ,439 ਲੋਕਾਂ ਦੇ ਗੁੰਮ ਹੋਣ ਸਬੰਧੀ ਰਿਪੋਰਟਾਂ ਦਰਜ ਹੋਈਆਂ ਸਨ ਜੋ ਕਿ ਸੰਨ 2018 ਵਿੱਚ ਵਧ ਕੇ 3 ਲੱਖ,47 ਹਜ਼ਾਰ,524 ਹੋ ਗਈਆਂ ਸਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 40 ਹਜ਼ਾਰ ਬੱਚੇ ਹਰ ਸਾਲ ਅਗਵਾ ਕੀਤੇ ਜਾਂਦੇ ਹਨ। ਇੱਕ ਹੋਰ ਰਿਪੋਰਟ ਅਨੁਸਾਰ 60 ਹਜ਼ਾਰ ਬੱਚੇ ਇੱਥੇ ਹਰ ਸਾਲ ਗੁੰਮਸ਼ੁਦਾ ਐਲਾਨੇ ਜਾਂਦੇ ਹਨ ਜਿਨ੍ਹਾ ਵਿੱਚੋਂ 11 ਹਜ਼ਾਰ ਦਾ ਤਾਂ ਕੋਈ ਅਤਾ-ਪਤਾ ਨਹੀਂ ਲੱਗਦਾ ਹੈ। 12 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਔਰਤਾਂ ਤੇ ਬੱਚੇ ਹਰ ਸਾਲ ਗੁਆਂਢੀ ਮੁਲਕਾਂ ਤੋਂ ਲਿਆ ਕੇ ਭਾਰਤ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਧਕੇਲ ਦਿੱਤੇ ਜਾਂਦੇ ਹਨ। ਯੂਨੀਸੈਫ਼ ਦੀ ਰਿਪੋਰਟ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਤਿੰਨ ਲੱਖ ਤੋਂ ਵੱਧ ਬੱਚਿਆਂ ਨੂੰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਚੱਲ ਰਹੇ ਹਥਿਆਰਬੰਦ ਵਿਦਰੋਹਾਂ ਵਿੱਚ ਵਰਤਿਆ ਜਾ ਰਿਹਾ ਹੈ।

ਬਦਕਿਸਮਤੀ ਨਾਲ ਸਾਢੇ ਬਾਰ੍ਹਾਂ ਲੱਖ ਬੱਚਿਆਂ ਨੂੰ ਬੇਹੱਦ ਖ਼ਤਰਨਾਕ ਕੰਮ-ਧੰਦਿਆਂ ਵਿੱਚ ਲਗਾਇਆ ਗਿਆ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ‘ ਚਾਈਲਡ ਪੋਰਨ ਇੰਡਸਟਰੀ’ ਵਿੱਚ ਵਰਤਿਆ ਜਾਂਦਾ ਹੈ। ਭਾਰਤ ਵਿੱਚ ਨਕਸਲਵਾਦੀਆਂ ਨੇ ਤਾਂ ‘ ਬਾਲ ਦਸਤੇ ’ ਵੀ ਕਾਇਮ ਕੀਤੇ ਹੋਏ ਹਨ। ਇੱਥੇ ਤਿੰਨ ਲੱਖ ਦੇ ਕਰੀਬ ਭੀਖ ਮੰਗਦੇ ਹਨ ਤੇ 44 ਹਜ਼ਾਰ ਬੱਚੇ ਵੱਖ ਵੱਖ ਅਪਰਾਧੀ ਗਿਰੋਹਾਂ ਲਈ ਕੰਮ ਕਰਦੇ ਹਨ। ਭਾਰਤੀ ਪੁਲੀਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਲੱਖ ਔਰਤਾਂ ਤੇ ਬੱਚੇ ਰੈੱਡਲਾਈਟ ਖੇਤਰਾਂ ਵਿੱਚ ਸਰਗਰਮ ਹਨ। ਦੇਹ ਵਪਾਰ ਦੇ ਧੰਦੇ ਨਾਲ ਜੁੜੇ ਲੋਕਾਂ ਵਿੱਚ 40 ਫ਼ੀਸਦੀ ਬੱਚੇ ਹਨ। ਇਹ ਅੰਕੜੇ ਬੜੇ ਹੀ ਤਕਲੀਫ਼ਦੇਹ ਹਨ ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਤੋਨੀਓ ਗੁਤਰੇਸ ਨੇ ਕਿਹਾ ਸੀ – ‘‘ ਅੱਜ ਦੇ ਦਿਨ ਆਓ ਉਸ ਪ੍ਰਣ ਨੂੰ ਦੁਹਰਾਈਏ ਕਿ ਅਸੀਂ ਉਨ੍ਹਾ ਸਾਰੇ ਅਪਰਾਧੀਆਂ ਨੂੂੰ ਨੱਥ ਪਾਵਾਂਗੇ ਜੋ ਆਪਣੇ ਫ਼ਾਇਦੇ ਲਈ ਬੜੀ ਬੇਦਰਦੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹਨ ਤੇ ਨਾਲ ਹੀ ਇਹ ਪ੍ਰਣ ਵੀ ਦੁਹਰਾਈਏ ਕਿ ਪੀੜਤ ਲੋਕਾਂ ਨੂੰ ਅਸੀਂ ਉਨ੍ਹਾ ਦੇ ਮਨੁੱਖੀ ਅਧਿਕਾਰ ਵਾਪਿਸ ਦਿਵਾ ਕੇ ਉਨ੍ਹਾ ਨੂੰ ਇੱਕ ਚੰਗਾ ਜੀਵਨ ਜਿਊਣ ਲਈ ਦੇਈਏ। ’’

Share this Article
Leave a comment