ਮਜੀਠੀਆ ਦੀ ਗ੍ਰਿਫ਼ਤਾਰੀ ਦਾ ਘਮਸਾਨ!

Global Team
3 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਜੀਠੀਆ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਅਕਾਲੀ ਆਗੂ ਦੇ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਲੈਕੇ ਰਾਜਸੀ ਘਮਸਾਨ ਮੱਚ ਗਿਆ ਹੈ। ਹਾਕਮ ਧਿਰ ਆਪ ਦੇ ਆਗੂਆਂ ਅਤੇ ਮੰਤਰੀਆਂ ਵਲੋਂ ਮਜੀਠੀਆ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਦੂਜੇ ਪਾਸੇ ਅਕਾਲੀ ਦਲ ਵਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਰਾਜਸੀ ਬਦਲਾਖੋਰੀ ਦੀ ਕਾਰਵਾਈ ਕਿਹਾ ਜਾ ਰਿਹਾ ਹੈ।

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ ਤਾਂ ਇਸ ਵਿੱਚ ਬਦਲਾਖੋਰੀ ਦੀ ਭਾਵਨਾ ਕਿਵੇਂ ਹੋਈ ? ਮੰਤਰੀ ਮੰਡਲ ਦੇ ਮੈਂਬਰਾਂ ਅਤੇ ਆਗੂਆਂ ਨੇ ਆਮਦਨ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਹਨ। ਮੀਡੀਆ ਵਿੱਚ ਐਫ ਆਈ ਆਰ ਦੀ ਆਈ ਕਾਪੀ ਵਿੱਚ ਕਿਹਾ ਗਿਆ ਹੈ ਕਿ ਮਜੀਠੀਆ ਦੇ ਪਹਿਲੀਵਾਰ ਵਿਧਾਇਕ ਬਣਨ ਤੋਂ ਲੈ ਕੇ ਸਾਲ 2010 ਤੱਕ ਕੰਪਨੀਆਂ ਅਤੇ ਹੋਰ ਸਾਧਨਾਂ ਦੀ ਜਾਇਦਾਦ ਦੇ ਵੇਰਵੇ ਨਹੀਂ ਹਨ ਕਿ ਕਿਵੇਂ ਜਾਇਦਾਦ ਬਣਾਈ ਗਈ । ਉਸ ਵੇਲੇ ਪੰਜਾਬ ਵਿੱਚ ਅਕਾਲੀ ਦਲ- ਭਾਜਪਾ ਗੱਠਜੋੜ ਦੀ ਸਰਕਾਰ ਸੀ।

ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰਾਂ ਨੇ ਮਜੀਠੀਆ ਵਿਰੁੱਧ ਕਾਰਵਾਈ ਨੂੰ ਲੈਕੇ ਸਰਕਾਰ ਨੂੰ ਸਵਾਲ ਚੁੱਕੇ ਹਨ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਡੱਟ ਕੇ ਬਿਕਰਮ ਮਜੀਠੀਆ ਦੇ ਨਾਲ ਖੜ੍ਹਾ ਹੈ ਅਤੇ ਡਰਨ ਵਾਲਾ ਨਹੀਂ ਹੈ । ਅਕਾਲੀ ਦਲ ਦੇ ਹੋਰਾਂ ਨੇਤਾਵਾਂ ਨੇ ਵੀ ਸਰਕਾਰ ਦੀ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਦਲੇਖੇਰੀ ਦੀ ਕਾਰਵਾਈ ਕਿਹਾ ਹੈ।

ਮੌਜੂਦਾ ਸਥਿਤੀ ਵਿੱਚ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਅਤੇ ਆਪ ਆਹਮੋ ਸਾਹਮਣੇ ਆ ਗਏ ਹਨ। ਮਜੀਠੀਆ ਦੇ ਮੁੱਦੇ ਉੱਤੇ ਆਪ ਵਲੋਂ ਨਸ਼ੇ ਦੇ ਮਾਮਲੇ ਦੀ ਗੱਲ ਵੀ ਕੀਤੀ ਜਾ ਰਹੀ ਹੈ ।ਮਿਸਾਲ ਵਜੋਂ ਆਪ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ, ਚਾਹੇ ਕੋਈ ਕਿੰਨਾ ਵੱਡਾ ਨੇਤਾ ਹੋਵੇ। ਇਹ ਵੀ ਕਿਹਾ ਗਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਦੇ ਸਾਬਕਾ ਮੰਤਰੀ ਸਰਕਾਰੀ ਕਾਰਾਂ ਵਿੱਚ ਨਸ਼ਾ ਤਸਕਰੀ ਕਰਦੇ ਸਨ। ਇਸ ਤਰ੍ਹਾਂ ਅਕਾਲੀ ਦਲ ਇਕਵਾਰ ਮੁੜ ਮੁਸ਼ਕਲਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ।

ਸੰਪਰਕ 9814002186

Share This Article
Leave a Comment