ਸਖੀ ਨਾਲੋਂ ਸੂਮ ਭਲਾ, ਜਿਹੜਾ ਤੁਰਤ ਦੇਵੇ ਜਵਾਬ!

TeamGlobalPunjab
6 Min Read

ਪੰਜਾਬ ਵਿਚ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਹੈ। ਹਰੇਕ ਨੂੰ ਸਿਆਸੀ ਰੰਗ ਚੜ੍ਹਿਆ ਹੋਇਆ ਹੈ। ਲੋਕਾਈ ਦੀਆਂ ਵੋਟਾਂ ਬਟੋਰਨ ਲਈ ਹਰ ਆਗੂ ਤਰਲੋਮੱਛੀ ਹੋਇਆ ਪਿਆ ਹੈ। ਐਲਾਨ ‘ਤੇ ਐਲਾਨ ਕੀਤੇ ਜਾ ਰਹੇ ਹਨ। ਲੋਕਾਂ ਨੂੰ ਲਾਰਿਆਂ ਉਪਰ ਲਾਰੇ ਦਿੱਤੇ ਜਾ ਰਹੇ ਹਨ। ਇਕ ਤੋਂ ਵੱਧ ਕੇ ਇਕ ਲਾਰੇ ਲਾਏ ਜਾ ਰਹੇ ਹਨ। ਇਸ ਮੌਕੇ ਜੋ ਮਰਜ਼ੀ ਮਨਵਾ ਲਓ ਪਰ ਸਰਕਾਰ ਬਣਦਿਆਂ ਹੀ ਕਿਸੇ ਨੇ ਕਿਸੇ ਦੀ ਬਾਤ ਨਹੀਂ ਪੁੱਛਣੀ। ਇਨ੍ਹਾਂ ਲਾਰਿਆਂ ‘ਤੇ ਝਾਤ ਪੁਆਉਂਦਾ ਪੇਸ਼ ਹੈ ਇਕ ਲੇਖ:

ਮਨੁੱਖ ਜਦੋਂ ਜਨਮ ਲੈਂਦਾ ਹੈ ਤਾਂ ਉਸ ਨੂੰ ਆਪਣੀ ਜਿੰਦਗੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਤਾਂ ਕਰਨਾ ਹੀ ਪੈਂਦਾ ਹੈ।ਕਿਉਂਕਿ ਆਪਣਾ ਪੇਟ ਭਰਨ ਅਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਮਨੁੱਖ ਨੂੰ ਦੂਸਰਿਆਂ ਤੇ ਨਿਰਭਰ ਵੀ ਹੋਣਾ ਪੈਂਦਾ ਹੈ।ਵੈਸੇ ਵੀ, ਅਜੋਕੇ ਦੌਰ ਦੇ ਮਨੁੱਖ ਨੇ ਆਪਣੀ ਸਾਦ ਮੁਰਾਦੀ ਜਿੰਦਗੀ ਨੂੰ ਛੱਡ ਕੇ ਦਿਖਾਵੇ ਦੀ ਜਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੈ। ਜਿਸਦੀ ਬਦੌਲਤ, ਮਨੁੱਖ ਦੀ ਇੱਕ ਦੂਜੇ ‘ਤੇ ਨਿਰਭਰਤਾ ਕੁੱਝ ਜਿਆਦਾ ਹੀ ਵੱਧ ਗਈ ਹੈ।

ਮਨੁੱਖ ਨੂੰ ਆਪਣੀਆਂ ਲੋੜਾਂ ਅਤੇ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਦੇ ਲਈ ਕਈ ਤਰ੍ਹਾਂ ਦੇ ਸੱਚੇ ਤੇ ਝੂਠੇ ਰਿਸ਼ਤੇ ਵੀ ਉਸਾਰਨੇ ਪੈਂਦੇ ਹਨ, ਜਿਨ੍ਹਾਂ ਦੇ ਸਿਰ ‘ਤੇ ਮਨੁੱਖ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਇੱਕ ਦੂਸਰੇ ਦਾ ਸਹਾਰਾ ਲੱਭਦਾ ਹੈ। ਵੈਸੇ ਵੀ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੀ ਤਾਂ ਹੈ। ਇਹੋ ਕਾਰਨ ਹੈ ਕਿ ਮਨੁੱਖ ਇੱਕ ਦੂਜੇ ਦੇ ਸਹਾਰੇ ਆਪਣੀ ਹਰ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।ਪਰ ਇਹ ਗੱਲ ਵੱਖਰੀ ਗੱਲ ਹੈ ਕਿ ਮਨੁੱਖ ਦੇ ਸਮਾਜਿਕ ਰਿਸ਼ਤਿਆਂ ਚੋਂ ਉਹਦੀਆਂ ਕਿੰਨੀਆਂ ਕੁ ਇਛਾਵਾਂ ਪੂਰੀਆਂ ਹੁੰਦੀਆਂ ਹਨ।

ਜਦੋਂ ਮਨੁੱਖ ਕਿਸੇ ਦੂਸਰੇ ਮਨੁੱਖ ਤੋਂ ਕਿਸੇ ਕਿਸਮ ਦੀ ਕੋਈ ਮੰਗ ਜਾਂ ਆਸ ਕਰਦਾ ਹੈ ਤਾਂ ਸਾਹਮਣੇ ਵਾਲਾ ਮਨੁੱਖ ਉਸਨੂੰ ਕਈ ਤਰ੍ਹਾਂ ਦੇ ਸੱਚੇ ਤੇ ਝੂਠੇ ਵਿਸ਼ਵਾਸ ਦਿਵਾਉਂਦਾ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਦੇ ਉਸ ਵਿਸਵਾਸ਼ ਤੇ ਕਿੰਨੇ ਕੁ ਲੋਕ ਖਰੇ ਉੱਤਰਦੇ ਹਨ, ਕਿਉਂਕਿ ਕੋਈ ਵੀ ਮਨੁੱਖ ਆਪਣੇ ਰਿਸ਼ਤਿਆਂ ਨੂੰ ਨਾ ਹੀ ਖੋਹਣਾ ਚਾਹੁੰਦਾ ਹੈ ਅਤੇ ਨਾ ਹੀ ਆਪਸੀ ਸਵੰਧਾਂ ਨੂੰ ਹੀ ਖਤਮ ਕਰਨਾ ਚਾਹੁੰਦਾ ਹੈ। ਇਹੋ ਕਾਰਨ ਹੈ ਕਿ ਹਰ ਮਨੁੱਖ ਦੂਸਰੇ ਦੀ ਮੰਗ ਨੂੰ ਇੱਕਦਮ ਇਨਕਾਰ ਕਰਨ ਦੀ ਵਜਾਏ ਲਾਰੇ ਲੱਪਿਆਂ ਦੀ ਨੀਤੀ ਅਪਣਾਅ ਲੈਂਦਾ ਹੈ।

- Advertisement -

ਜਿੱਥੋਂ ਤੱਕ,ਕਿਸੇ ਮਨੁੱਖ ਦੀ ਮੰਗ ਦਾ ਜਾਇਜ ਸਵੰਧ ਹੈ,ਉੱਥੋਂ ਤੱਕ ਤਾਂ ਠੀਕ ਹੈ। ਕਿਉਂਕਿ ਔਖੇ ਵੇਲੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਦੀ ਮੱਦਦ ਕਰਨਾ ਹਰ ਇੱਕ ਦਾ ਫਰਜ ਹੁੰਦਾ ਹੈ।ਪਰ ਜਦੋਂ, ਕਿਸੇ ਦੀ ਮੰਗ ਨਜਾਇਜ਼ ਹੋਵੇ ਜਾਂ ਫਿਰ ਦੂਸਰਾ ਵਿਅਕਤੀ ਸਿਰਫ ਆਪਣੀ ਸ਼ਾਨੋਸ਼ੌਕਤ ਲਈ ਹੀ ਦੂਸਰੇ ਅੱਗੇ ਆਪਣੀ ਮੰਗ ਰੱਖ ਦੇਵੇ, ਤਾਂ ਅਜਿਹੇ ਮਨੁੱਖ ਨੂੰ ਤੁਰਤ ਜਵਾਬ ਦੇ ਦੇਣਾ ਹੀ ਚੰਗੀ ਗੱਲ ਹੁੰਦੀ ਹੈ ਜਾਂ ਫਿਰ ਇਉਂ ਕਹਿ ਲਵੋ, ਕਿ ਜਿਸਦਾ ਵਿਵਵਹਾਰ ਚੰਗਾ ਨਾ ਹੋਵੇ, ਉਸਨੂੰ ਤੁਰਤ ਜਵਾਬ ਅਤੇ ਚੰਗੇ ਮਨੁੱਖ ਦੀ ਕਿਸੇ ਲੋੜ ਨੂੰ ਪੂਰਾ ਵੀ ਕਰ ਦੇਣਾ ਚਾਹੀਦਾ ਹੈ।

ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਕਿਸੇ ਮਨੁੱਖ ਦਾ ਲੈਣ ਦੇਣ ਦਾ ਵਿਵਹਾਰ ਵੀ ਚੰਗਾ ਹੋਵੇ ਅਤੇ ਉਸਨੂੰ ਸਾਹਮਣੇ ਵਾਲੇ ਵੱਲੋਂ ਕੋਈ ਚੀਜ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੋਵੇ। ਇਸ ਤੋਂ ਇਲਾਵਾ, ਸਾਹਮਣੇ ਵਾਲਾ ਦੇਣ ਵਾਲੇ ਤੇ ਪੂਰਾ ਭਰੋਸਾ ਵੀ ਕਰ ਬੈਠਾ ਹੋਵੇ ਅਤੇ ਨਿਸਚਿੰਤ ਹੋ ਜਾਵੇ, ਕਿ ਸਾਹਮਣੇ ਵਾਲਾ ਮੇਰਾ ਕੰਮ ਕਰ ਦੇਵੇਗਾ। ਪਰ ਉਸ ਵਕਤ ਬੜੀ ਮੁਸ਼ਕਲ ਆ ਜਾਂਦੀ ਹੈ, ਜਦੋਂ ਕੋਈ ਐਨ ਮੌਕੇ ਤੇ ਆ ਕੇ ਜੁਆਬ ਦੇ ਦੇਵੇ। ਇਹਦੇ ਨਾਲ ਭਰੋਸਾ ਕਰਨ ਵਾਲੇ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ, ਸਗੋਂ ਆਪਸੀ ਸਬੰਧਾਂ ਚ ਵੀ ਵਿਗਾੜ ਆਉਂਦਾ ਹੈ। ਜਿਸਦੇ ਡਰੋਂ, ਸਾਹਮਣੇ ਵਾਲਾ ਮਨੁੱਖ ਲਾਰੇ ਲੱਪੇ ਦੀ ਨੀਤੀ ਵਰਤਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਜਦੋਂ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕਿਸੇ ਵੀ ਕਿਸਮ ਦਾ ਕੋਈ ਸੁਆਲ ਪਾਉਂਦਾ ਹੈ ਜਾਂ ਫਿਰ ਕਿਸੇ ਚੀਜ ਦੀ ਮੰਗ ਕਰਦਾ ਹੈ,ਤਾਂ ਅਗਰ ਕੋਈ ਉਹਦੀ ਮੰਗ ਪੂਰੀ ਨਹੀਂ ਕਰ ਸਕਦਾ, ਤਾਂ ਸਾਹਮਣੇ ਵਾਲੇ ਨੂੰ ਤੁਰਤ ਜਵਾਬ ਦੇ ਦੇਣਾ ਚਾਹੀਦਾ ਹੈ।ਅਗਰ ਕਿਸੇ ਨੂੰ ਕੋਈ ਚੀਜ ਦੇਣ ਦਾ ਭਰੋਸਾ ਦੇ ਦਿੱਤਾ ਜਾਵੇ,ਤਾਂ ਉਸਨੂੰ ਹਰ ਹਾਲ ਚ ਪੂਰਾ ਕਰਨਾ ਹੀ ਚਾਹੀਦਾ ਹੈ ਜਾਂ ਫਿਰ ਸਮਾਂ ਰਹਿੰਦਿਆਂ ਹੀ ਦੂਸਰੇ ਮਨੁੱਖ ਨੂੰ ਆਪਣੇ ਹਾਲਾਤਾਂ ਤੋਂ ਜਾਣੂ ਕਰਵਾ ਦੇਣਾ ਚਾਹੀਦਾ ਹੈ।ਪਰ ਦੂਸਰੇ ਨੂੰ ਕਿਸੇ ਕਿਸਮ ਦਾ ਵਿਸ਼ਵਾਸ ਦਿਵਾ ਕੇ, ਐਨ ਮੌਕੇ ਤੇ ਮੁਕਰ ਜਾਣਾ ਨਾ ਹੀ ਕੋਈ ਸਿਆਣਪ ਹੁੰਦੀ ਹੈ ਅਤੇ ਨਾ ਹੀ ਇਹ ਗੱਲ, ਇਨਸਾਨੀਅਤ ਦੇ ਦਾਇਰੇ ਵਿੱਚ ਹੀ ਆਉਂਦੀ ਹੈ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ, ਸਖੀ ਨਾਲੋਂ ਸੂਮ ਭਲਾ, ਜਿਹੜਾ ਤੁਰਤ ਦੇਵੇ ਜਵਾਬ!

ਕਹਿਣ ਤੋਂ ਭਾਵ ਇਹ ਹੈ ਕਿ ਮਨੁੱਖ ਨੂੰ ਲਾਰੇ ਲੱਪੇ ਵਾਲੀ ਨੀਤੀ ਨੂੰ ਤਿਆਗ ਕੇ,ਸਿੱਧਾ ਤੇ ਸ਼ਪੱਸ਼ਟ ਹੋ ਕੇ ਕੋਰਾ ਜਵਾਬ ਦੇ ਦੇਣਾ ਚਾਹੀਦਾ ਹੈ,ਤਾਂ ਕਿ ਉਹ ਕੋਈ ਹੋਰ ਇੰਤਜਾਮ ਕਰ ਸਕੇ।ਕਿਉਂਕਿ ਆਪਣੀ ਲੋੜ ਨੂੰ ਪੂਰਾ ਕਰਨਾ ਉਹਦੀ ਆਪਣੀ ਜਿੰਮੇਵਾਰੀ ਹੁੰਦੀ ਹੈ,ਨਾ ਕਿ ਸਾਹਮਣੇ ਵਾਲੇ ਦੀ ਕੋਈ ਜਿੰਮੇਵਾਰੀ ਬਣਦੀ ਹੈ।

-ਸੁਬੇਗ ਸਿੰਘ, ਸੰਗਰੂਰ
ਸੰਪਰਕ: 93169 10402

- Advertisement -
Share this Article
Leave a comment