ਧਨ ਦੌਲਤ ਦੇ ਨਾਲ ਨਾਲ, ਸੁਖਾਵੇਂ ਸਮਾਜਿਕ ਸੰਬੰਧ ਜ਼ਰੂਰੀ !

TeamGlobalPunjab
7 Min Read

-ਸੁਬੇਗ ਸਿੰਘ;

ਸੰਸਾਰ ਦਾ ਕੋਈ ਵੀ ਜੀਵ ਜੰਤੂ, ਪਸ਼ੂ ਪੰਛੀ, ਜਾਨਵਰ ਤੇ ਮਨੁੱਖ, ਜਦੋਂ ਵੀ ਜਨਮ ਲੈਂਦਾ ਹੈ, ਤਾਂ ਉਸਦੇ ਜਨਮ ਲੈਣ ਸਾਰ ਹੀ ਕੁੱਝ ਰਿਸ਼ਤੇ ਮੱਲੋਮੱਲੀ ਬਣ ਜਾਂਦੇ ਹਨ। ਇਹ ਰਿਸ਼ਤੇ ਕੁੱਝ ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਵੀ ਹੁੰਦੇ ਹਨ। ਭਾਵੇਂ ਜੀਵ ਜੰਤੂਆਂ ਤੇ ਪਸ਼ੂ ਪੰਛੀਆਂ ਦੇ ਅਜਿਹੇ ਸਿਰਫ ਪਰਿਵਾਰਕ ਤੇ ਕੁੱਝ ਹੱਦ ਤੱਕ ਸਮਾਜਿਕ ਰਿਸ਼ਤੇ ਹੀ ਹੁੰਦੇ ਹਨ। ਪਰ ਮਨੁੱਖ ਦੀ ਇੰਨ੍ਹਾਂ ਰਿਸ਼ਤਿਆਂ ‘ਚ ਹਮੇਸ਼ਾ ਹੀ ਸਰਦਾਰੀ ਰਹੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ, ਮਨੁੱਖ ਇੱਕ ਸਮਾਜਿਕ ਪਸ਼ੂ ਹੈ।

ਅਗਰ ਮਨੁੱਖ ਦੀ ਹਰ ਪ੍ਰਕਾਰ ਦੇ ਰਿਸ਼ਤਿਆਂ ਚ ਹਮੇਸ਼ਾ ਝੰਡੀ ਹੀ ਰਹੀ ਹੈ, ਤਾਂ ਇਨ੍ਹਾਂ ਨੂੰ ਸੁਚੱਜੇ ਰੂਪ ‘ਚ ਨਿਭਾਉਣਾ ਵੀ ਮਨੁੱਖ ਦੀ ਆਪਣੀ ਜਿੰਮੇਵਾਰੀ ਹੀ ਬਣਦੀ ਹੈ। ਇਹਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਤੋਂ ਇਲਾਵਾ, ਦੁਨੀਆਂ ਦਾ ਹਰ ਜੀਵ ਜੰਤੂ ਆਪਣੀ ਜਿੰਦਗੀ ਨੂੰ ਬੜੇ ਸਾਦ ਮੁਰਾਦੇ ਤਰੀਕੇ ਨਾਲ ਗੁਜਾਰਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਨਾ ਹੀ ਜਿਆਦਾ ਅਡੰਬਰ ਕਰਨੇ ਪੈਂਦੇ ਹਨ ਅਤੇ ਨਾ ਹੀ ਜਿਆਦਾ ਰਿਸ਼ਤਿਆਂ ਦੀ ਹੀ ਲੋੜ ਪੈਂਦੀ ਹੈ। ਪਰ ਕੱਝ ਕੁ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਤਾਂ ਇਨ੍ਹਾਂ ਜੀਵ ਜੰਤੂਆਂ ਨੂੰ ਵੀ ਨਿਭਾਉਣਾ ਹੀ ਪੈਂਦਾ ਹੈ। ਇਕੱਲਾ ਤਾਂ ਵਣਾਂ ‘ਚ ਰੁੱਖ ਵੀ ਚੰਗਾ ਨਹੀਂ ਲੱਗਦਾ। ਇਸੇ ਲਈ ਤਾਂ, ਪੰਜਾਬੀ ਦੀ
ਇੱਕ ਬੜੀ ਹੀ ਮਸ਼ਹੂਰ ਕਹਾਵਤ ਹੈ ਕਿ ‘ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਕਿਸੇ ਦਾ। ਸੋ ਇਹ ਕਹਾਵਤ, ਇਕੱਲੇਪਣ ਦੇ ਦੁਖਾਂਤ ਨੂੰ ਉਜਾਗਰ ਕਰਦੀ ਹੈ।

ਜਿਉਂ ਜਿਓਂ ਵਿਗਿਆਨ ਤਰੱਕੀ ਕਰ ਰਿਹਾ ਹੈ। ਮਨੁੱਖ ਦੀਆਂ ਲੋੜਾਂ ‘ਚ ਵੀ, ਬੇਸ਼ੁਮਾਰ ਵਾਧਾ ਹੋਇਆ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ, ਹਰ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਭਾਵ,ਮਨੁੱਖ ਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਕੋਈ ਨਾ ਕੋਈ ਕੰਮ ਧੰਦਾ ਵੀ ਕਰਨਾ ਪੈਂਦਾ ਹੈ। ਜਿਸਦੇ ਕਾਰਨ, ਉਸਨੂੰ ਆਪਣੇ ਪਰਿਵਾਰ ਜਾਂ ਸਮਾਜ ਤੋਂ ਦੂਰ ਰਹਿਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ। ਇਹਦੇ ਨਾਲ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਤੇ ਹਰ ਕੋਈ ਆਪੋ ਧਾਪੀ ਅਤੇ ਪੈਸੇ ਦੀ ਦੌੜ ਚ ਲੱਗਿਆ ਹੋਇਆ ਹੈ।

- Advertisement -

ਭਾਵੇਂ ਆਪਣੇ ਘਰ ਤੋਂ ਦੂਰ ਰਹਿਣ ਦੀਆਂ ਮਨੁੱਖ ਦੀਆਂ ਕੁੱਝ ਮਜਬੂਰੀਆਂ ਵੀ ਹਨ।ਪਰ ਮਨੁੱਖ ਦੇ ਸੁਆਰਥੀਪਣ ਅਤੇ ਪੈਸੇ ਦੀ ਹੋੜ ਨੇ ਮਨੁੱਖ ਨੂੰ ਲੋੜ ਤੋਂ ਜਿਆਦਾ ਹੀ ਲਾਲਚੀ ਬਣਾ ਦਿੱਤਾ ਹੈ। ਜਿਸ ਕਾਰਨ ਮਨੁੱਖ ਜਿੱਥੇ ਆਪਣੇ ਪਰਿਵਾਰ ਤੇ ਸਕੇ ਸਬੰਧੀਆਂ ਨਾਲੋਂ ਤਾਂ ਆਪਣੇ ਰਿਸ਼ਤੇ ਨਾਤੇ ਤੋੜ ਹੀ ਰਿਹਾ ਹੈ, ਸਗੋਂ ਪੈਸੇ ਦੀ ਬਹੁਲਤਾ ਦੇ ਕਾਰਨ ਸਮਾਜਿਕ ਰਿਸ਼ਤਿਆਂ ਦੀ ਵੀ ਉੱਕਾ ਹੀ ਪ੍ਰਵਾਹ ਨਹੀਂ ਕਰਦਾ। ਅੱਜ ਸਮਾਂ ਇਹ ਹੈ ਕਿ ਗਰੀਬ ਬੰਦੇ ਨਾਲ, ਨਾ ਹੀ ਕੋਈ ਦੋਸਤੀ ਗੰਢਦਾ ਹੈ ਅਤੇ ਨਾ ਹੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਹੀ ਪਾਉਣ ਨੂੰ ਤਿਆਰ ਹੁੰਦਾ ਹੈ। ਪੈਸੇ ਦੀ ਬਹੁਲਤਾ ਨੇ ਬੰਦੇ ਦੀ ਮੱਤ ਜੋ ਮਾਰ ਰੱਖੀ ਹੈ।

ਭਾਵੇਂ ਪੈਸਾ ਤੇ ਧਨ ਦੌਲਤ ਬੰਦੇ ਲਈ ਬੜਾ ਜਰੂਰੀ ਹੈ।ਪਰ ਜਿੰਦਗੀ ‘ਚ ਪੈਸਾ ਅਤੇ ਧਨ ਦੌਲਤ ਐਨਾ ਵੀ ਜਰੂਰੀ ਨਹੀਂ ਹੁੰਦਾ, ਕਿ ਇਹਦੇ ਪਿੱਛੇ ਆਪਣੇ ਸਕੇ ਸੋਧਰਿਆਂ ਤੇ ਸਮਾਜ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਜਾਵੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਤੋਂ ਬਿਨਾਂ,ਇਕੱਲਾ ਮਨੁੱਖ ਕੁੱਝ ਵੀ ਨਹੀਂ ਕਰ ਸਕਦਾ। ਇਸੇ ਲਈ ਤਾਂ ਅੰਗਰੇਜ਼ਾਂ ਦੇ ਵਕਤ, ਦੋਸ਼ੀਆਂ ਨੂੰ ਕਾਲੇ ਪਾਣੀਆਂ ਦੀ ਸ਼ਜਾ ਦੇ ਕੇ ਆਪਣੇ ਅਤੇ ਆਪਣੇ ਸਮਾਜ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਸੀ। ਇਹ ਇੱਕ ਕਿਸਮ ਦੀ ਸਮਾਜਿਕ ਸ਼ਜਾ ਹੀ ਤਾਂ ਸੀ। ਸਮਾਜ ਚ ਰਹਿਣਾ ਮਨੁੱਖ ਦੀ ਮੁੱਢਲੀ ਲੋੜ ਹੈ।ਅਜੋਕੇ ਦੌਰ ‘ਚ ਵੀ, ਕੋਈ ਅਪਰਾਧ ਕਰਨ ਦੇ ਬਦਲੇ ਪਿੰਡ ਦੀ ਪੰਚਾਇਤ ਜਾਂ ਸਮਾਜ ਅਪਰਾਧੀ ਦਾ ਸਮਾਜਿਕ ਬਾਈਕਾਟ ਕਰ ਦਿੰਦਾ ਹੈ। ਇਹ ਵੀ ਇੱਕ ਕਿਸਮ ਦੀ ਸਮਾਜਿਕ ਸ਼ਜਾ ਹੀ ਤਾਂ ਹੈ।ਫਿਰ ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਮਨੁੱਖ ਨੂੰ ਸਮਾਜ ਦੀ ਜਰੂਰਤ ਹੀ ਨਹੀਂ ਹੁੰਦੀ।

ਹਰ ਮਨੁੱਖ ਦੇ ਜਨਮ ਤੋਂ ਲੈ ਕੇ ਵਿਆਹ ਸਾਦੀ ਤੇ ਹਰ ਖੁਸ਼ੀ ਗਮੀ ਤੇ ਇੱਥੋਂ ਤੱਕ ਕਿ ਮਰਨ ਤੱਕ ਕੁੱਝ ਨਾ ਕੁੱਝ ਸਮਾਜਿਕ ਤੇ ਧਾਰਮਿਕ ਰੀਤੀ ਰਿਵਾਜ ਹੁੰਦੇ ਹਨ।ਜਿੰਨ੍ਹਾਂ ਨੂੰ ਨਿਭਾਉਣਾ ਇਕੱਲੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੁੰਦੀ।ਇਹਦੇ ਲਈ ਸਮਾਜਿਕ ਰਿਸ਼ਤਿਆਂ ਦਾ ਹੋਣਾ ਬੜਾ ਜਰੂਰੀ ਹੁੰਦਾ ਹੈ। ਸਮਾਜ ਤੋਂ ਬਿਨਾਂ ਤਾਂ ਇਕੱਲਾ ਮਨੁੱਖ,ਵੈਸੇ ਵੀ ਪਾਗਲ ਹੋ ਜਾਂਦਾ ਹੈ।ਅਜੋਕੇ ਦੌਰ ਚ,ਸਮਾਜ ਨਾਲੋਂ ਟੁੱਟਣ ਦੇ ਕਾਰਨ ਹੀ ਹਰ ਸੁੱਖ ਸਹੂਲਤ ਹੋਣ ਦੇ ਬਾਵਜੂਦ ਵੀ, ਹਰ ਕੋਈ ਪ੍ਰੇਸ਼ਾਨ ਦਿਖਾਈ ਦਿੰਦਾ ਹੈ ਅਤੇ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜ੍ਹਤ ਹੈ।ਭਾਵੇਂ ਇਹਦੇ ਵਿੱਚ ਮਨੁੱਖ ਦੀ ਲੋੜੋਂ ਵੱਧ ਭੱਜ ਨੱਠ,ਖਾਧ ਖੁਰਾਕ ਦਾ ਸਹੀ ਨਾ ਹੋਣਾ ਵੀ ਮੰਨਿਆ ਜਾਂਦਾ ਹੈ।ਪਰ ਇਹਦੇ ਵਿੱਚ ਸਭ ਤੋਂ ਜਿਆਦਾ ਤੇ ਮਹੱਤਵਪੂਰਨ ਰੋਲ,ਮਨੁੱਖ ਦਾ ਸਮਾਜ ਤੇ ਆਪਣੇ ਰਿਸ਼ਤੇ ਨਾਤਿਆਂ ਨਾਲੋਂ ਟੁੱਟਣਾ ਵੀ ਹੈ।ਕਿਉਂਕਿ ਸਮਾਜਿਕ ਰਿਸ਼ਤੇ ਰੂਹ ਦੀ ਖੁਰਾਕ ਹੁੰਦੇ ਹਨ,ਜੋ ਕਿ ਮਨੁੱਖ ਦੇ ਖੁਸ਼ ਅਤੇ ਤੰਦਰੁਸਤ ਰਹਿਣ ਚ ਬੇਹੱਦ ਸਹਾਈ ਹੁੰਦੇ ਹਨ।

ਅਜੋਕੇ ਦੌਰ ਦੇ ਹਾਲਾਤ ਅਤੇ ਜਿੰਦਗੀ ਦੀ ਸਚਾਈ ਨੂੰ ਸਮਝਦਿਆਂ, ਮਨੁੱਖ ਨੂੰ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਕਿ ਮਨੁੱਖ ਸਮਾਜ ਚ ਰਹਿਕੇ ਆਪਣੀ ਹਰ ਖੁਸ਼ੀ ਤੇ ਗਮੀ ਨੂੰ ਆਪਣਿਆਂ ਅਤੇ ਆਪਣੇ ਸਮਾਜ ਦੇ ਲੋਕਾਂ ਨਾਲ ਸਾਂਝੀ ਕਰ ਸਕੇ।ਇਕੱਲਾ ਪੈਸਾ ਅਤੇ ਧਨ ਦੌਲਤ ਮਨੁੱਖ ਨੂੰ ਜਿੰਦਗੀ ਦਾ ਸਕੂਨ ਨਹੀਂ ਦੇ ਸਕਦੇ। ਇਸੇ ਲਈ ਤਾਂ ਮਨੁੱਖ ਨੂੰ ਸਮਾਜਿਕ ਪ੍ਰਾਣੀ ਵੀ ਕਿਹਾ ਗਿਆ ਹੈ।

ਇਕੱਲਾ ਮਨੁੱਖ ਭਾਵੇਂ ਜਿੰਨਾ ਮਰਜੀ,ਪੜ੍ਹ ਲਿਖ ਕੇ ਵਿਦਵਾਨ ਬਣ ਜਾਵੇ ਜਾਂ ਫਿਰ ਧਨ ਦੌਲਤ ਕਮਾ ਕੇ ਅਮੀਰ ਬਣ ਜਾਵੇ। ਪਰ ਫੇਰ ਵੀ ਹਰ ਮਨੁੱਖ, ਸਮਾਜ ਬਿਨਾਂ ਅਧੂਰਾ ਹੀ ਹੁੰਦਾ ਹੈ। ਅਜੋਕੇ ਦੌਰ ਚ, ਇਸ ਸਮਾਜਿਕ ਜਰੂਰਤ ਨੂੰ ਜਿੰਨਾ ਛੇਤੀ ਮਨੁੱਖ ਸਮਝ ਲਵੇਗਾ, ਉਤਨਾ ਹੀ ਸੁਖੀ ਵੀ ਰਹੇਗਾ ਅਤੇ ਖੁਸ਼ ਵੀ ਰਹੇਗਾ। ਦੁਨੀਆਂ ਦੀ ਇਕੱਠੀ ਕੀਤੀ ਹੋਈ, ਸਾਰੀ ਧਨ ਦੌਲਤ ਆਖਰ ਨੂੰ ਇੱਥੇ ਹੀ ਤਾਂ ਰਹਿ ਜਾਣੀ ਹੈ। ਫਿਰ ਕਿਉਂ ਨਾ ਜਿੰਦਗੀ ਦੇ ਚਾਰ ਦਿਨ ਹੱਸ ਕੇ ਗੁਜਾਰ ਲਏ ਜਾਣ।ਇਹਦੇ ਵਿੱਚ ਹੀ ਮਨੁੱਖ ਦੀ ਬਿਹਤਰੀ ਹੈ।

- Advertisement -

ਸੰਪਰਕ: 93169 10402

Share this Article
Leave a comment