ਕੈਨੇਡਾ ‘ਚ ਸਿਖਰ ’ਤੇ ਪੁੱਜੀਆਂ ਹਿੰਸਕ ਵਾਰਦਾਤਾਂ, ਦੇਖੋ ਅੰਕੜੇ

Prabhjot Kaur
3 Min Read

ਟੋਰਾਂਟੋ: ਕੈਨੇਡਾ ‘ਚ ਜੁਰਮ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹਿੰਸਕ ਵਾਰਦਾਤਾਂ ਦੀ ਗਿਣਤੀ ਪਿਛਲੇ 15 ਸਾਲ ਦੇ ਸਿਖਰ ‘ਤੇ ਪੁੱਜ ਗਈ ਹੈ। ਵੀਰਵਾਰ ਨੂੰ ਸਾਹਮਣੇ ਆਈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ 2022 ਵਿਚ 874 ਕਤਲ ਹੋਏ ਅਤੇ ਇਹ ਅੰਕੜਾ 2021 ‘ਚ ਹੋਏ ਕਤਲਾਂ ਤੋਂ 78 ਵੱਧ ਬਣਦਾ ਹੈ। ਦੂਜੇ ਪਾਸੇ ਲੁੱਟ-ਖੋਹ ਅਤੇ ਜਬਰੀ ਵਸੂਲੀ ਦੀਆਂ ਵਾਰਦਾਤਾਂ ‘ਚ 15 ਫੀਸਦੀ ਅਤੇ 39 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਕਤਲ ਦੀਆਂ 82 ਫ਼ੀ ਸਦੀ ਵਾਰਦਾਤਾਂ ਨੂੰ ਪਸਤੌਲ ਜਾਂ ਬੰਦੂਕ ਨਾਲ ਅੰਜਾਮ ਦਿੱਤਾ ਗਿਆ ਜਦਕਿ ਬਾਕੀ ਵਾਰਦਾਤਾਂ ਵਿਚ ਤੇਜ਼ਧਾਰ ਹਥਿਆਰ ਅਤੇ ਹੋਰ ਤਰੀਕੇ ਸ਼ਾਮਲ ਰਹੇ।

ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵਾਰਨ ਸਿਲਵਰ ਨੇ ਕਿਹਾ ਕਿ ਅਪਰਾਧਕ ਘਟਨਾਵਾਂ ਵਧਣ ਦਾ ਰੁਝਾਨ ਦਰਸਾਉਂਦਾ ਹੈ ਕਿ ਅਸੀਂ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਦਾਖਲ ਹੋ ਰਹੇ ਹਨ। ਮਹਾਂਮਾਰੀ ਦੌਰਾਨ ਲੋਕਡਾਊਨ ਅਤੇ ਹੋਰ ਬੰਦਿਸ਼ਾਂ ਕਾਰਨ ਹਿੰਸਕ ਵਾਰਦਾਤਾਂ ਵਿਚ ਕਮੀ ਆਈ ਅਤੇ ਜ਼ਿਆਦਾਤਰ ਗ਼ੈਰਹਿੰਸਕ ਅਪਰਾਧ ਹੀ ਸਾਹਮਣੇ ਆ ਰਹੇ ਸਨ। ਰਾਜਾਂ ਦੇ ਆਧਾਰ ‘ਤੇ ਦੇਖਿਆ ਜਾਵੇ ਤਾਂ ਮੈਨੀਟੋਬਾ ‘ਚ ਹਿੰਸਕ ਵਾਰਦਾਤਾਂ 14 ਫੀਸਦੀ ਦੀ ਰਫਤਾਰ ਨਾਲ ਵਧੀਆਂ ਜਦਕਿ ਨਿਊਫਾਊਂਡਲੈਂਡ ਐਂਡ ਲੈਬਰਾਡੋਰ, ਕਿਊਬੈਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ ਛੇ ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ।

2022 ਵਿਚ ਇੱਕ ਲੱਖ ਦੀ ਆਬਾਦੀ ਪਿੱਛੋਂ 2.25 ਕਤਲ ਹੋਏ ਅਤੇ ਇਹ ਅੰਕੜਾ 1992 ਤੋਂ ਬਾਅਦ ਸਭ ਤੋਂ ਉੱਚਾ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਕਤਲ ਕੀਤੇ 874 ਜਣਿਆਂ ਵਿਚੋਂ 265 ਸਾਊਥ ਏਸ਼ੀਅਨ, ਚਾਇਨੀਜ਼, ਕਾਲੇ, ਫਿਲੀਪਣੋਂ, ਲੈਟਿਨ ਅਮੈਰਿਕਨ, ਅਰਬ, ਵੈਸਟ ਏਸ਼ੀਅਨ ਜਾਂ ਸਾਊਥ ਈਸਟ ਏਸ਼ੀਅਨ ਸਨ। ਇਸ ਤੋਂ ਇਲਾਵਾ ਕੈਨੇਡਾ ਦੇ ਮੂਲ ਬਾਸ਼ਿੰਦਿਆਂ ਨਾਲ ਸਬੰਧਤ 225 ਜਣਿਆਂ ਨੇ ਆਪਣੀ ਜਾਨ ਗਵਾਈ। ਟੋਰਾਂਟੋ ਦੀ ਯੂਨੀਵਰਸਿਟੀ ਆਫ ਗੁਐਲਫ ਹੰਬਰ ‘ਚ ਜਸਟਿਸ ਸਟੱਡੀਜ਼ ਦੀ ਸਹਾਇਕ ਪ੍ਰੋਫੈਸਰ ਲੌਰਾ ਮੈਕਡੀਅਰਡ ਨੇ ਕਿਹਾ ਕਿ ਨਸਲਵਾਦ ਬਾਦਸਤੂਰ ਜਾਰੀ ਹੈ ਅਤੇ ਕਿਸੇ ਵੱਲੋਂ ਬਸਤੀਵਾਦ ਦਾ ਹਿੱਸਾ ਰਹੇ ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਹੁਣ ਵੀ ਭੁਗਤਣਾ ਪੈ ਰਿਹਾ ਹੈ। ਪਿਛਲੇ ਸਾਲ ਨਸਲੀ ਨਫਰਤ ਦੇ ਮਾਮਲਿਆਂ ਵਿਚ ਸਤ ਫੀਸਦੀ ਵਾਧਾ ਹੋਇਆ ਜਦਕਿ 2019 ਤੋਂ 2021 ਦਰਮਿਆਨ 72 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਸਿਰਫ ਹਿਸਕ ਅਪਰਾਧ ਹੀ ਨਹੀਂ ਵਧ ਰਹੇ ਸਗੋਂ ਠੱਗੀ ਅਤੇ ਸ਼ਨਾਖਤ ਦੀ ਚੋਰੀ ਵਰਗੇ ਅਪਰਾਧਾਂ ਵਿਚ 10 ਸਾਲ ਪਹਿਲਾਂ ਦੇ ਮੁਕਾਬਲੇ 78 ਫੀ ਸਦੀ ਵਾਧਾ ਹੋ ਚੁੱਕਾ ਹੈ।

Share this Article
Leave a comment