ਫਰੀਦਕੋਟ : ਮਹਿਲਾਵਾਂ ਨਾਲ ਵਾਪਰਨ ਵਾਲੀਆਂ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ‘ਚ ਇੱਥੋਂ ਦੇ ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਮਹਿਲਾ ਡਾਕਟਰ ਨੂੰ ਤਿੰਨ ਮਹੀਨੇ ਬਾਅਦ ਵੀ ਇਨਸਾਫ ਨਾ ਮਿਲਦਾ ਦੇਖ ਅੱਜ ਪ੍ਰਦਰਸ਼ਨਕਾਰੀਆਂ ਵੱਲੋਂ ਧਰਨੇ ਦੌਰਾਨ ਡੀ ਸੀ ਦਫਤਰ ਨੂੰ ਘੇਰਨ ਲਈ ਕੂਚ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਜਦੋਂ ਡੀਸੀ ਦਫਤਰ ਵੱਲ ਵੱਧ ਰਹੇ ਸਨ ਤਾਂ ਪੁਲਿਸ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਦੇ ਨਾਲ ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।
ਦੱਸ ਦੇਈਏ ਕਿ ਕਰੀਬ ਤਿੰਨ ਮਹੀਨੇ ਪਹਿਲਾ ਪੀੜਤ ਮਹਿਲਾ ਡਾਕਟਰ ਨੇ ਆਪਣੇ ਹੀ ਵਿਭਾਗ ਦੇ ਮੁੱਖੀ ਖਿਲਾਫ ਉਸ ਨਾਲ ਜਿਣਸੀ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ ਪਰ ਹਾਲੇ ਤੱਕ ਵੀ ਪ੍ਰਸ਼ਾਸ਼ਨ ਵੱਲੋਂ ਵਿਭਾਗ ਦੇ ਮੁੱਖੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋ ਬਾਅਦ ਲਗਾਏ ਗਏ ਧਰਨੇ ਦੌਰਾਨ ਅੱਜ ਮਹਿਲਾ ਡਾਕਟਰ ਦੇ ਹੱਕ ਵਿੱਚ ਜੁੱਟੇ ਲੋਕਾਂ ਅਤੇ ਵਿਦਿਆਰਥੀਆਂ ਵੱਲੋ ਡੀ ਸੀ ਦਫਤਰ ਵੱਲ ਕੂਚ ਕੀਤਾ ਗਿਆ ਤਾ ਰਸਤੇ ਵਿੱਚ ਹੀ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਿਆ ਗਿਆ । ਬੈਰੀਕੇਡ ਤੋੜਕੇ ਅੱਗੇ ਵੱਧ ਰਹੇ ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਅਤੇ ਲਾਠੀਚਾਰਜ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ।