ਕੋਰੋਨਾ ਸੰਕਰਮਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ‘ਚ ਕੈਨੇਡਾ-ਅਮਰੀਕਾ ਸਰਹੱਦ ‘ਤੇ ਲੱਗੇ ਜਾਮ ਨੂੰ ਖੋਲ੍ਹਣ ‘ਚ ਲੱਗੀ ਪੁਲਿਸ

TeamGlobalPunjab
2 Min Read

ਵਿੰਡਸਰ- ਕੈਨੇਡਾ ਦੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਅਮਰੀਕਾ ਜਾਣ ਵਾਲੇ ਰਸਤਿਆਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਰੂਟਾਂ ’ਤੇ ਕਰੋਨਾ ਸਮੇਂ ਦੀਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ਨੇ ਪੰਜ ਦਿਨਾਂ ਤੋਂ ਕਬਜ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ’ਤੇ ਟਰੱਕ ਖੜ੍ਹੇ ਕਰਕੇ ਆਵਾਜਾਈ ਠੱਪ ਕਰ ਦਿੱਤੀ ਹੈ।

ਇਸ ਕਾਰਨ ਦੋਵਾਂ ਦੇਸ਼ਾਂ ਦੀ ਮਾਲ ਸਪਲਾਈ ਪ੍ਰਣਾਲੀ ਵਿਗੜ ਗਈ ਹੈ। ਸ਼ੁੱਕਰਵਾਰ ਨੂੰ ਅਮਰੀਕੀ ਸਰਕਾਰ ਨੇ ਕੈਨੇਡਾ ਨੂੰ ਇਨ੍ਹਾਂ ਰੂਟਾਂ ਨੂੰ ਖਾਲੀ ਕਰਨ ਦੀ ਬੇਨਤੀ ਕੀਤੀ। ਕੈਨੇਡਾ ਨੂੰ ਅਮਰੀਕਾ ਨਾਲ ਜੋੜਨ ਵਾਲਾ ਸਭ ਤੋਂ ਵਿਅਸਤ ਰਸਤਾ ਅੰਬੈਸਡਰ ਬ੍ਰਿਜ ਤੋਂ ਲੰਘਦਾ ਹੈ। ਇਹ ਪੁਲ ਸ਼ਨੀਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਿਹਾ। ਇਸ ਨੂੰ 15 ਟਰੱਕਾਂ, ਕਾਰਾਂ ਅਤੇ ਪਿਕਅੱਪ ਵੈਨਾਂ ਲਗਾ ਕੇ ਰੋਕ ਦਿੱਤਾ ਗਿਆ ਹੈ। ਇਸ ਕਾਰਨ ਦੋਵੇਂ ਪਾਸੇ ਆਵਾਜਾਈ ਬੰਦ ਹੈ।

ਇਸ ਕਾਰਨ ਅਮਰੀਕਾ ਦੇ ਡੇਟਰਾਇਟ ਦੇ ਕਾਰ ਨਿਰਮਾਤਾਵਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਅਦਾਲਤ ਦਾ ਹੁਕਮ ਮਿਲਣ ਤੋਂ ਬਾਅਦ ਪੁਲਿਸ ਨੇ ਟਵੀਟ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਨੂੰ ਕਾਨੂੰਨੀ ਅਤੇ ਸ਼ਾਂਤਮਈ ਢੰਗ ਨਾਲ ਰੱਖਣ। ਉਨ੍ਹਾਂ ਨੂੰ ਜਾਮ ਖਤਮ ਕਰਨ ਲਈ ਕਿਹਾ ਗਿਆ ਹੈ। ਸ਼ਨੀਵਾਰ ਨੂੰ ਜਾਮ ਨੂੰ ਦੂਰ ਕਰਨ ਲਈ ਪੁਲ ‘ਤੇ ਪੁਲਿਸ ਕਰਮਚਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਅਤੇ ਸਮਝਾਉਂਦੇ ਹੋਏ ਦੇਖਿਆ ਗਿਆ।

ਕੈਨੇਡਾ ਵਿੱਚ ਟਰੱਕ ਡਰਾਈਵਰ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਅਤੇ ਕੁਝ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ। ਇਹ ਲੋਕ ਪਿਛਲੇ ਤਿੰਨ ਹਫ਼ਤਿਆਂ ਤੋਂ ਆਜ਼ਾਦੀ ਕਾਫ਼ਲੇ ਦੇ ਬੈਨਰ ਹੇਠ ਅੰਦੋਲਨ ਚਲਾ ਰਹੇ ਹਨ। ਇਸ ਤੋਂ ਪਹਿਲਾਂ ਹਜ਼ਾਰਾਂ ਟਰੱਕ ਡਰਾਈਵਰ ਰਾਜਧਾਨੀ ਓਟਾਵਾ ਪੁੱਜੇ ਸਨ ਅਤੇ ਉੱਥੇ ਉਨ੍ਹਾਂ ਨੇ ਸੰਸਦ ਦੇ ਆਲੇ-ਦੁਆਲੇ ਸੜਕਾਂ ਜਾਮ ਕਰ ਦਿੱਤੀਆਂ ਸਨ। ਜਦੋਂ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਉਹ ਉੱਥੋਂ ਚਲੇ ਗਏ ਅਤੇ ਅਮਰੀਕਾ ਨੂੰ ਜਾਣ ਵਾਲੀਆਂ ਸੜਕਾਂ ਜਾਮ ਕਰ ਦਿੱਤੀਆਂ। ਇਸ ਨਾਲ ਦੋਵਾਂ ਦੇਸ਼ਾਂ ਦੇ ਵਪਾਰ ਅਤੇ ਅਰਥਚਾਰੇ ‘ਤੇ ਅਸਰ ਪੈ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment