ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ

TeamGlobalPunjab
3 Min Read

ਚੰਡੀਗੜ੍ਹ: ਫਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇੱਕ ਘਟਨਾ ਪਿੰਡ ਤਰਖਾਣ ਮਾਜਰਾ, ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 11 ਵਜੇ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਤਰਖਾਣ ਮਾਜਰਾ ਵਿਖੇ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਮਨਜੋਤ ਸਿੰਘ ਦੇ ਬਿਆਨ ‘ਤੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰ. 294 ਮਿਤੀ 12.10.2020 ਦਰਜ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੋਤ ਸਿੰਘ ਵੱਲੋਂ ਦਰਜ ਬਿਆਨ ਮੁਤਾਬਿਕ ਇੱਕ ਅਣਪਛਾਤਾ ਵਿਅਕਤੀ ਸਵੇਰੇ ਸਵਿਫਟ ਕਾਰ ਪੀ ਬੀ-34-7277 ਵਿੱਚ ਮੱਥਾ ਟੇਕਣ ਦੇ ਬਹਾਨੇ ਗੁਰੂਦੁਆਰਾ ਸਾਹਿਬ ਵਿੱਚ ਦਾਖਲ ਹੋਇਆ, ਪਰ ਦੋਸ਼ੀ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਮੌਕੇ ਤੇ ਪਹੁੰਚੇ ਮਨਜੋਤ ਸਿੰਘ ਨੇ ਆਪਣੇ ਪਿਤਾ ਦੇ ਨਾਲ ਮਿਲਕੇ ਇਸ ਦੋਸ਼ੀ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਕੁਝ ਵਸਨੀਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਹਿਜਵੀਰ ਸਿੰਘ (ਉਮਰ 19 ਸਾਲ) ਵਾਸੀ ਨਾਭਾ ਵਜੋਂ ਹੋਈ ਹੈ। ਉਸਦੀ ਨਿੱਜੀ ਤਲਾਸ਼ੀ ਲੈਣ ‘ਤੇ ਪਟਿਆਲਾ ਦੇ ਇਕ ਹਸਪਤਾਲ ਦੀ ਪਰਚੀ ਮਿਲੀ ਹੈ, ਜਿੱਥੇ ਉਹ ਪਿਛਲੇ ਇਕ ਸਾਲ ਤੋਂ ਨਸ਼ਾ ਛੁਡਾਉਣ ਲਈ ਇਲਾਜ ਕਰਵਾ ਰਿਹਾ ਸੀ। ਦੋਸ਼ੀ ਦੀ ਪਛਾਣ ਉਸਦੇ ਪਿਤਾ ਦੁਆਰਾ ਵੀ ਕੀਤੀ ਗਈ ਹੈ, ਜਿਸਨੂੰ ਉਸਦੇ ਪੁੱਤਰ ਦੀ ਘਿਨੌਣੀ ਹਰਕਤ ਬਾਰੇ ਜਾਣਕਾਰੀ ਮਿਲਣ ਉਤੇ ਮੌਕੇ ਤੇ ਸੱਦਿਆ ਗਿਆ ਸੀ।

- Advertisement -

ਬੁਲਾਰੇ ਨੇ ਕਿਹਾ ਕਿ ਮੁਢਲੀ ਤਫ਼ਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੇ ਸਵੇਰੇ ਹੀ ਨੇੜਲੇ ਪਿੰਡ ਜੱਲਾ, ਸ਼੍ਰੀ ਫਤਿਹਗੜ ਸਾਹਿਬ ਜ਼ਿਲੇ ਵਿੱਚ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈਣ ਲਈ ਏ.ਡੀ.ਜੀ.ਪੀ. ਅਮਨ ਤੇ ਕਾਨੂੰਨ ਈਸ਼ਵਰ ਸਿੰਘ, ਆਈਜੀ ਰੂਪਨਗਰ ਅਮਿਤ ਪ੍ਰਸਾਦ, ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ, ਐਸਐਸਪੀ ਫਤਿਹਗੜ ਸਾਹਿਬ ਅਮਨੀਤ ਕੌਂਡਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਦੌਰਾ ਕੀਤਾ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਸਤਕਾਰ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਪੂਰੀ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

Share this Article
Leave a comment