ਚੰਡੀਗੜ੍ਹ : ਚੀਨ ਪ੍ਰਤੀ ਸਖਤ ਰੁਖ ਅਖਤਿਆਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਲ ਕੰਟਰੋਲ ਰੇਖਾ ‘ਤੇ ਕੋਈ ਝੜਪ ਤੋਂ ਪਹਿਲਾਂ ਚੀਨ ਦੀਆਂ ਕੰਪਨੀਆਂ ਪਾਸੋਂ ਪੀ.ਐਮ.ਕੇਅਰਜ਼ ਫੰਡ ਲਈ ਪ੍ਰਾਪਤ ਕੀਤੇ ਫੰਡ ਵਾਪਸ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੀ.ਐਮ.ਕੇਅਰਜ਼ ਫੰਡ ਜਿਸ ਦੀ ਸਥਾਪਨਾ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਫੰਡ ਇਕੱਤਰ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ ਲਈ 7 ਕਰੋੜ ਰੁਪਏ ਦਾ ਯੋਗਦਾਨ ਹਾਵੇੲ (8uawei) ਪਾਸੋਂ ਲਿਆ ਗਿਆ। ਇਸ ਤੋਂ ਇਲਾਵਾ ਹੋਰ ਚੀਨੀ ਕੰਪਨੀਆਂ ਜਿਵੇਂ ਟਿਕ-ਟਾੱਕ ਵੱਲੋਂ 30 ਕਰੋੜ, ਜ਼ਿਓਮੀ ਵੱਲੋਂ 10 ਕਰੋੜ ਅਤੇ ਓਪੋ ਵੱਲੋਂ ਇਕ ਕਰੋੜ ਦਾ ਫੰਡ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਫੰਡ ਤੁਰੰਤ ਵਾਪਸ ਕਰਨੇ ਚਾਹੀਦੇ ਹਨ ਕਿਉਂ ਜੋ ਭਾਰਤ ਨੂੰ ਕੋਵਿਡ-19 ਨਾਲ ਲੜਨ ਲਈ ਚੀਨੀ ਫੰਡਾਂ ਦੀ ਜ਼ਰੂਰਤ ਨਹੀਂ ਹੈ ਅਤੇ ਭਾਰਤ ਖੁਦ ਕੋਰੋਨਾ ਸੰਕਟ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਚੀਨੀ ਹਮਲੇ ‘ਤੇ ਦੁੱਖ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਚੀਨੀ ਸਾਡੇ ਸੈਨਿਕਾਂ ਨੂੰ ਮਾਰ ਰਹੇ ਸਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ‘ਚ ਯੋਗਦਾਨ ਪਾ ਰਹੇ ਸਨ ਜੋ ਅਣਉਚਿਤ ਹੈ।
ਸਰਹੱਦ ‘ਤੇ ਹੋਏ ਤਣਾਅ ਪਿਛਲੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ 1963 ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅੰਦਰ ਸ਼ਕਸਗਾਮ ਵਾਦੀ ਦੇ ਉੱਤਰੀ ਹਿੱਸੇ ਛੱਡ ਦੇਣ ਉਪਰੰਤ ਚੀਨ ਸਿਆਚਿਨ ਗਲੇਸ਼ੀਅਰ ਦੇ ਅੱਧ ਤੱਕ ਪਹੁੰਚ ਗਿਆ ਸੀ। ਇਸ ਤੋਂ ਪਰ੍ਹੇ ਇਕ ਖੇਤਰ, ਜੇਕਰ ਕਿਸੇ ਤਰ੍ਹਾਂ ਚੀਨ ਨਾਲ ਸਬੰਧਤ ਹੈ, ਉਨ੍ਹਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਗਲੇਸ਼ੀਅਰ ਤੇ ਅਕਸੀਚਿੰਨ ਖੇਤਰ ਵਿਚਕਾਰ ਥੋੜੀ ਵਿੱਥ ਹੈ, ਜਿਸ ਨੂੰ ਦੌਲਤ ਬੇਗ ਵਿੱਥ ਕਿਹਾ ਜਾਂਦਾ ਹੈ ਅਤੇ ਇਸੇ ਨੂੰ ਚੀਨ ਵੱਲੋਂ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਭਾਰਤ ਦੀ 1947 ਦੇ ਪੁਰਾਣੇ ਕਸ਼ਮੀਰ ਵੱਲ ਪਹੁੰਚ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਹੱਦ ‘ਤੇ ਤਣਓ ਨੂੰ ਘਟਾਉਣ ਲਈ ਫੌਜੀ ਤੇ ਕੂਟਨੀਤਕ ਹੱਲ ਦੀ ਲੋੜ ਤੇ ਜ਼ੋਰ ਦਿੱਤਾ।