ਪ੍ਰਧਾਨ ਮੰਤਰੀ ਮੋਦੀ ਦਾ ਸੁਝਾਅ ‘ਇੱਕ ਰਾਸ਼ਟਰ, ਇੱਕ ਪੁਲਿਸ ਵਰਦੀ’

Rajneet Kaur
4 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਾਂ ਦੀ ਪੁਲਿਸ ਵਿੱਚ ਇਕ ਸਮਾਨਤਾ ਲਿਆਉਣ ਲਈ, ਉਨ੍ਹਾਂ ਨੂੰ ਇੱਕ ਸਾਂਝੀ ਪਛਾਣ ਦੇਣ ਲਈ, ਅਤੇ ਭਾਰਤ ਨੂੰ ਇੱਕਜੁੱਟ ਕਰਨ ਲਈ ‘ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ’ ਦੀ ਤਰਜ਼ ‘ਤੇ ‘ਇੱਕ ਰਾਸ਼ਟਰ, ਇੱਕ ਪੁਲਿਸ ਵਰਦੀ’ ਸਕੀਮ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਚਿੰਤਨ ਸ਼ਿਵਿਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਸ ਰਫਤਾਰ ਨਾਲ ਨਵੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਸੂਬੇ ਅਤੇ ਕੇਂਦਰ ਸਰਕਾਰਾਂ ਨੂੰ ਟੀਮ ਇੰਡੀਆ ਦੀ ਭਾਵਨਾ ਨਾਲ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਅੱਗੇ ਰੱਖਦੇ ਹੋਏ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਜੇਕਰ ਅਸੀਂ ਇਕਜੁੱਟ ਹੋ ਕੇ ਸਾਰੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਾਂਗੇ ਤਾਂ ਸਾਰੀਆਂ ਚੁਣੌਤੀਆਂ ਆਸਾਨ ਹੋ ਜਾਵੇਗਾ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ ਬਣਾਈ ਰੱਖਣਾ ਚੌਵੀ ਘੰਟੇ ਦਾ ਕੰਮ ਹੈ। ਪਰ ਕਿਸੇ ਵੀ ਕੰਮ ਨੂੰ ਬਿਹਤਰ ਢੰਗ ਨਾਲ ਕਰਨ ਲਈ, ਸਾਨੂੰ ਪ੍ਰਕਿਰਿਆਵਾਂ ਵਿੱਚ ਲਗਾਤਾਰ ਸੁਧਾਰ ਕਰਨਾ ਪੈਂਦਾ ਹੈ। ਪੀਐਮ ਨੇ ਕਿਹਾ ਕਿ ਇਸ ਦੇ ਤਹਿਤ ਸਾਨੂੰ ਅੰਦਰੂਨੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਪੀਐਮ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਪੁਲਿਸ ਲਈ “ਇੱਕ ਰਾਸ਼ਟਰ, ਇੱਕ ਯੂਨੀਫਾਰਮ” ਲਿਆਉਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ‘ਚ ਸਮਾਂ ਲੱਗ ਸਕਦਾ ਹੈ, 5, 50 ਜਾਂ 100 ਸਾਲ ਲੱਗ ਸਕਦੇ ਹਨ ਪਰ ਸਾਨੂੰ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਅਤੇ ਇੱਕ ਰਾਸ਼ਟਰ ਇੱਕ ਗਰਿੱਡ ਦੀ ਪ੍ਰਣਾਲੀ ਵਾਂਗ ਵਨ ਨੇਸ਼ਨ ਵਨ ਪੁਲਿਸ ਵਰਦੀ ਦੇ ਵਿਚਾਰ ਉੱਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਪਹੁੰਚ ਅਪਣਾਉਣ ਨਾਲ ਪੂਰੇ ਦੇਸ਼ ਦੀ ਪੁਲਿਸ ਨੂੰ ਫਾਇਦਾ ਹੋਵੇਗਾ, ਇੱਕ ਤਾਂ ਆਪਣੀ ਪਛਾਣ ਯਕੀਨੀ ਹੋਵੇਗੀ, ਦੂਜਾ ਗੁਣਵੱਤਾ ਵਿੱਚ ਵਾਧਾ ਹੋਵੇਗਾ ਅਤੇ ਪੁਲਿਸ ਦੇ ਬੇੜੇ ਵਿੱਚ ਇੱਕ ਦੂਜੇ ਦੀ ਤਾਕਤ ਵਧੇਗੀ।

- Advertisement -

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਵਿਚਾਰ ਕਿਸੇ ਸੂਬੇ ‘ਤੇ ਥੋਪਣਾ ਨਹੀਂ ਚਾਹੁੰਦੇ ਪਰ ਉਹ ਚਾਹੁੰਦੇ ਹਨ ਕਿ ਸੁਝਾਅ ‘ਤੇ ਵਿਚਾਰ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਕਾਸ ਦੀ ਯਾਤਰਾ ‘ਤੇ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਜਿਹੇ ‘ਚ ਇਸ ਦੀਆਂ ਚੁਣੌਤੀਆਂ ਵੀ ਵਧਣ ਵਾਲੀਆਂ ਹਨ ਅਤੇ ਕਈ ਵਾਰ ਇਹ ਚੁਣੌਤੀਆਂ ਦੁਸ਼ਮਣੀ ‘ਚ ਵੀ ਬਦਲ ਜਾਂਦੀਆਂ ਹਨ।ਚਿੰਤਨ ਸ਼ਿਵਿਰ ਨੂੰ ਸੰਬੋਧਨ ਕਰਦੇ ਹੋਏ ਪੀਐਮ ਨੇ ਕਿਹਾ ਕਿ ਹੁਣ ਸਾਨੂੰ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਪਵੇਗੀ।

ਗ੍ਰਹਿ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੀ ਸਰਹੱਦ ਨਾਲ ਲੱਗਦੇ ਰਾਜਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਡਰੋਨ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਗ੍ਰਹਿ ਮੰਤਰੀਆਂ ਦਾ ਇਹ ਚਿੰਤਨ ਸ਼ਿਵਿਰ ਸਹਿਕਾਰੀ ਸੰਘਵਾਦ ਦਾ ਸਭ ਤੋਂ ਵਧੀਆ ਉਦਾਹਰਣ ਹੈ। ਮੋਦੀ ਨੇ ਕਿਹਾ ਕਿ ਦੇਸ਼ ਦੀ ਬਿਹਤਰੀ ਲਈ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਸੂਬੇ ਇਕ ਦੂਜੇ ਤੋਂ ਪ੍ਰੇਰਨਾ ਲੈ ਕੇ ਚੰਗੇ ਕੰਮ ਸਿੱਖ ਸਕਦੇ ਹਨ ਅਤੇ ਆਪਣੇ ਸੂਬੇ ‘ਚ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਵਿਧਾਨ ਦੀ ਭਾਵਨਾ ਹੈ ਅਤੇ ਇਹ ਸਾਡੇ ਨਾਗਰਿਕਾਂ ਪ੍ਰਤੀ ਸਾਡਾ ਫਰਜ਼ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment