ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪੰਜ ਦੇਸ਼ਾਂ ਦੀ ਯਾਤਰਾ ਦੇ ਤਹਿਤ ਯੂ.ਏ.ਈ. ਤੋਂ ਨੀਦਰਲੈਂਡ ਪਹੁੰਚ ਗਏ ਹਨ। 9 ਸਾਲਾਂ ਬਾਅਦ ਨੀਦਰਲੈਂਡ ਦੇ ਦੌਰੇ ‘ਤੇ ਪੁੱਜੇ ਪੀ.ਐਮ. ਮੋਦੀ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ।
ਭਾਰਤੀ ਭਾਈਚਾਰੇ ਨੇ ਦ ਹੇਗ ਵਿੱਚ ਹੋਟਲ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਭਾਰਤੀ ਸੰਗੀਤ ਅਤੇ ਸੰਸਕ੍ਰਿਤੀ ਦੀ ਝਲਕ ਸਾਫ਼ ਦਿਖਾਈ ਦਿੱਤੀ, ਜਿਸ ਨਾਲ ਪੂਰਾ ਮਾਹੌਲ ਖੁਸ਼ਗਵਾਰ ਹੋ ਗਿਆ।
ਇਹ ਦੌਰਾ ਭਾਰਤ ਅਤੇ ਨੀਦਰਲੈਂਡ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਬਹੁਤ ਅਹਿਮ ਹੈ। ਇਸ ਯਾਤਰਾ ਦੌਰਾਨ ਵਪਾਰ, ਟੈਕਨਾਲੋਜੀ, ਸੈਮੀਕੰਡਕਟਰ, ਵਾਟਰ ਮੈਨੇਜਮੈਂਟ, ਗ੍ਰੀਨ ਐਨਰਜੀ ਅਤੇ ਰੱਖਿਆ ਸਹਿਯੋਗ ਵਰਗੇ ਕਈ ਵੱਡੇ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ 17 ਮਈ ਤੱਕ ਨੀਦਰਲੈਂਡ ‘ਚ ਰਹਿਣਗੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਡਿਕ ਸ਼ੂਫ਼ ਨਾਲ ਹੋਵੇਗੀ। ਦੋਵੇਂ ਆਗੂ ਕਈ ਅਹਿਮ ਸਮਝੌਤਿਆਂ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਨੀਦਰਲੈਂਡ ਦੇ ਰਾਜਾ ਵਿਲੇਮ ਅਲੈਗਜ਼ੈਂਡਰ ਅਤੇ ਰਾਣੀ ਮੈਕਸੀਮਾ ਵੀ ਪੀ.ਐਮ. ਮੋਦੀ ਨਾਲ ਮੁਲਾਕਾਤ ਕਰਨਗੇ। ਰਿਪੋਰਟਾਂ ਅਨੁਸਾਰ, ਪੀ.ਐਮ. ਮੋਦੀ ਦੇ ਸਨਮਾਨ ਵਿੱਚ ਅਧਿਕਾਰਤ ਪ੍ਰੋਗਰਾਮ ਅਤੇ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਜਾਵੇਗਾ।
ਇਸ ਦੌਰੇ ਦਾ ਸਭ ਤੋਂ ਵੱਡਾ ਫੋਕਸ ਸੈਮੀਕੰਡਕਟਰ ਅਤੇ ਹਾਈ-ਟੈਕ ਇੰਡਸਟਰੀ ਨੂੰ ਮੰਨਿਆ ਜਾ ਰਿਹਾ ਹੈ। ਭਾਰਤ ਇਸ ਸਮੇਂ ਆਪਣੀ ਚਿੱਪ ਮੈਨੂਫੈਕਚਰਿੰਗ ਸਮਰੱਥਾ ਵਧਾਉਣ ‘ਤੇ ਕੰਮ ਕਰ ਰਿਹਾ ਹੈ। ਇਸੇ ਕਾਰਨ ਭਾਰਤ ਦੀ ਨਜ਼ਰ ਡੱਚ ਟੈਕਨਾਲੋਜੀ ਕੰਪਨੀਆਂ ਨਾਲ ਭਾਈਵਾਲੀ ‘ਤੇ ਹੈ।
ਨੀਦਰਲੈਂਡ ਦੀ ਕੰਪਨੀ ASML ਦੁਨੀਆ ਦੀਆਂ ਸਭ ਤੋਂ ਵੱਡੀਆਂ ਚਿੱਪ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਗਿਣੀ ਜਾਂਦੀ ਹੈ। ਭਾਰਤ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਚਿੱਪ ਨਿਰਮਾਣ ਅਤੇ ਤਕਨੀਕੀ ਸਹਿਯੋਗ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਮਜ਼ਬੂਤ ਹੋਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

