ਨਵੀ ਦਿੱਲੀ : ਬੰਗਲਾਦੇਸ਼ ਚੋਣਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਚੇਅਰਮੈਨ ਤਾਰਿਕ ਰਹਿਮਾਨ ਨੂੰ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ: “ਮੈਂ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ਸੰਸਦੀ ਚੋਣਾਂ ਵਿੱਚ ਬੀਐਨਪੀ ਨੂੰ ਫੈਸਲਾਕੁੰਨ ਜਿੱਤ ਵੱਲ ਲੈ ਜਾਣ ਲਈ ਦਿਲੋਂ ਵਧਾਈਆਂ ਦਿੰਦਾ ਹਾਂ। ਇਹ ਜਿੱਤ ਬੰਗਲਾਦੇਸ਼ ਦੇ ਲੋਕਾਂ ਦੁਆਰਾ ਤੁਹਾਡੀ ਅਗਵਾਈ ਵਿੱਚ ਰੱਖੇ ਗਏ ਡੂੰਘੇ ਵਿਸ਼ਵਾਸ ਨੂੰ ਦਰਸਾਉਂਦੀ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ ਕਿ ਭਾਰਤ ਇੱਕ ਲੋਕਤੰਤਰੀ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਬੰਗਲਾਦੇਸ਼ ਦੇ ਸਮਰਥਨ ਵਿੱਚ ਖੜ੍ਹਾ ਰਹੇਗਾ। ਮੈਂ ਤੁਹਾਡੇ ਨਾਲ ਸਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਾਂਝੇ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ ਵੀਰਵਾਰ ਨੂੰ ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ। BNP ਨੇ 299 ਸੀਟਾਂ ਵਿੱਚੋਂ 209 ਸੀਟਾਂ ਹਾਸਲ ਕੀਤੀਆਂ, ਜੋ ਕਿ ਬਹੁਮਤ ਲਈ ਲੋੜੀਂਦੀਆਂ 150 ਸੀਟਾਂ ਨੂੰ ਪਾਰ ਕਰ ਗਈਆਂ। ਹੁਣ ਤੱਕ 286 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਜਿੱਤ ਦੇ ਨਾਲ, ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਅਤੇ ਬੀਐਨਪੀ ਚੇਅਰਮੈਨ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਤਾਰਿਕ ਨੇ ਦੋ ਸੀਟਾਂ ‘ਤੇ ਚੋਣ ਲੜੀ ਅਤੇ ਦੋਵੇਂ ਜਿੱਤੀਆਂ। ਉਹ 17 ਸਾਲ ਦੀ ਜਲਾਵਤਨੀ ਤੋਂ ਬਾਅਦ ਪਿਛਲੇ ਦਸੰਬਰ ਵਿੱਚ ਦੇਸ਼ ਵਾਪਸ ਪਰਤਿਆ ਸੀ।
ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਪੋਸਟ ਤੋਂ ਬਾਅਦ ਭਾਰਤ-ਬੰਗਲਾਦੇਸ਼ ਸਬੰਧਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬਿਮਾਰੀ ਦੌਰਾਨ ਉਨ੍ਹਾਂ ਦੀ ਸਿਹਤ ਲਈ ਡੂੰਘੀ ਚਿੰਤਾ ਪ੍ਰਗਟ ਕੀਤੀ ਸੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਇਸ ਨੂੰ ਬੰਗਲਾਦੇਸ਼ ਨਾਲ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਲਈ ਇੱਕ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹੁਣ ਬੀਐਨਪੀ ਨੂੰ ਉਸਦੀ ਇਤਿਹਾਸਕ ਜਿੱਤ ਅਤੇ ਤਾਰਿਕ ਰਹਿਮਾਨ ਨੂੰ ਉਸਦੀ ਅਗਵਾਈ ‘ਤੇ ਵਧਾਈ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਅਗਸਤ 2024 ਤੱਕ ਭਾਰਤ-ਬੰਗਲਾਦੇਸ਼ ਸਬੰਧ ਸਭ ਤੋਂ ਮਜ਼ਬੂਤ ਸਨ। ਜੁਲਾਈ-ਅਗਸਤ ਵਿੱਚ ਇੱਕ ਵਿਦਿਆਰਥੀ ਅੰਦੋਲਨ ਨੇ 5 ਅਗਸਤ 2024 ਨੂੰ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਲੈਣੀ ਪਈ।

