ਨਿਊਜ਼ ਡੈਸਕ : ਫ਼ਰਾਂਸ ਦੇ ਐਵੀਅਨ ਸ਼ਹਿਰ ਵਿੱਚ ਜੀ-7 ਸੰਮੇਲਨ ਜਾਰੀ ਹੈ।ਇਸ ਸੰਮੇਲਨ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਜਿਹਾ ਇਸ ਲਈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਇੱਕ ਵੱਡੀ ਬੈਠਕ ਹੋਈ ਹੈ।
ਦੋਵਾਂ ਆਗੂਆਂ ਨੇ ਦੁਪੱਖੀ ਬੈਠਕ ਕੀਤੀ ਹੈ, ਜਿਸ ਵਿੱਚ ਭਾਰਤ-ਅਮਰੀਕਾ ਵਪਾਰ ਸਮਝੌਤੇ, ਹੋਰਮੁਜ਼ ਵਿੱਚ ਜਹਾਜ਼ਾਂ ‘ਤੇ ਹੋਏ ਹਮਲਿਆਂ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਦੱਸ ਦੇਈਏ ਕਿ ਪੀਐਮ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਇਹ ਗੱਲਬਾਤ 16 ਮਹੀਨਿਆਂ ਬਾਅਦ ਹੋ ਰਹੀ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਫਰਵਰੀ 2025 ਵਿੱਚ ਅਮਰੀਕਾ ਦੀ ਯਾਤਰਾ ਕੀਤੀ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਐਵੀਅਨ ‘ਚ ਪੀਐਮ ਮੋਦੀ ਨੇ ਕਿਹਾ ਕਿ ‘ਪੱਛਮੀ ਏਸ਼ੀਆ ਵਿੱਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੋ ਪ੍ਰਗਤੀ ਹੋਈ ਹੈ, ਉਸ ਵਿੱਚ ਤੁਹਾਡੀ ਲੀਡਰਸ਼ਿਪ ਦੀ ਮੈਂ ਸ਼ਲਾਘਾ ਕਰਦਾ ਹਾਂ।’ਬੈਠਕ ਦੌਰਾਨ ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ‘ਅਸੀਂ ਹਮੇਸ਼ਾ ਕਿਹਾ ਹੈ ਕਿ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਯਕੀਨੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਸ ‘ਤੇ ਜ਼ੋਰ ਵੀ ਦੇਣਾ ਚਾਹੀਦਾ ਹੈ। ਸਮੁੰਦਰੀ ਵਪਾਰ ਦੇ ਖੇਤਰ ਵਿੱਚ ਦੁਨੀਆ ਦੇ ਵੱਖ-ਵੱਖ ਸਮੁੰਦਰਾਂ ਵਿੱਚ ਲੱਖਾਂ ਭਾਰਤੀ ਨਾਵਿਕ (ਕੰਮ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਵੀ ਉੰਨੀ ਹੀ ਜ਼ਰੂਰੀ ਹੈ। ਮੈਨੂੰ ਭਰੋਸਾ ਹੈ ਕਿ ਈਰਾਨ ਨਾਲ ਡੀਲ ਵਿੱਚ ਨਾਵਿਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇਗੀ ਅਤੇ ਉਸ ਨੂੰ ਪਹਿਲ ਦਿੱਤੀ ਜਾਵੇਗੀ।
ਪੀਐਮ ਮੋਦੀ ਨਾਲ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ‘ਫ਼ਰਾਂਸ ਵਿੱਚ ਸਾਡੀਆਂ ਕੁਝ ਬਹੁਤ ਵਧੀਆ ਬੈਠਕਾਂ ਹੋਈਆਂ। ਖਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਸਾਡੀ ਬਹੁਤ ਵਧੀਆ ਗੱਲਬਾਤ ਹੋਈ। ਅਸੀਂ ਟ੍ਰੇਡ ਡੀਲ ਕਰ ਰਹੇ ਹਾਂ। ਅਮਰੀਕਾ ਅਤੇ ਭਾਰਤ ਵਿਚਾਲੇ ਬਹੁਤ ਕੁਝ ਹੋ ਰਿਹਾ ਹੈ। ਅਮਰੀਕਾ ਹੁਣ ਤੱਕ ਦੇ ਸਭ ਤੋਂ ਵਧੀਆ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਫੈਕਟਰੀਆਂ ਬਣਾ ਰਹੇ ਹਾਂ, ਅਸੀਂ ਸਭ ਕੁਝ ਬਣਾ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਵੀ ਅਮਰੀਕਾ ਵਿੱਚ ਬਹੁਤ ਕੁਝ ਬਣਾ ਰਹੇ ਹਨ। ਉਹ ਅਮਰੀਕਾ ਵਿੱਚ ਕਾਫੀ ਪੈਸਾ ਨਿਵੇਸ਼ ਕਰ ਰਹੇ ਹਨ, ਇਸ ਲਈ ਅਸੀਂ ਉਸ ਕੰਮ ਦੀ ਸ਼ਲਾਘਾ ਕਰਦੇ ਹਾਂ। ਪਰ ਮੈਂ ਬੱਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਉਹ ਲੰਬੇ ਸਮੇਂ ਤੋਂ ਮੇਰੇ ਦੋਸਤ ਰਹੇ ਹਨ, ਅਤੇ ਸਾਡੇ ਰਿਸ਼ਤੇ ਹਮੇਸ਼ਾ ਬਹੁਤ ਵਧੀਆ ਰਹੇ ਹਨ, ਅਤੇ ਤੁਹਾਡੇ ਨਾਲ ਹੋਣਾ ਬਹੁਤ ਵਧੀਆ ਲੱਗ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਅਮਰੀਕਾ ਰੱਖਿਆ ਸਬੰਧਾਂ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਸਾਡੇ ਵਿਚਕਾਰ ਕਾਫੀ ਵਧੀਆ ਰਿਸ਼ਤਾ ਹੈ। ਜੇਕਰ ਭਾਰਤ ‘ਤੇ ਹਮਲਾ ਹੁੰਦਾ ਹੈ, ਤਾਂ ਅਸੀਂ ਉਨ੍ਹਾਂ ਦੀ ਮਦਦ ਲਈ ਉੱਥੇ ਮੌਜੂਦ ਰਹਾਂਗੇ। ਜੇਕਰ ਕੋਈ ਇਸ ਵਿਅਕਤੀ (ਪੀਐਮ ਮੋਦੀ) ‘ਤੇ ਹਮਲਾ ਕਰਦਾ ਹੈ, ਤਾਂ ਅਸੀਂ ਉੱਥੇ ਮੌਜੂਦ ਰਹਾਂਗੇ। ਇੱਥੇ ਹਰ ਕੋਈ ਭਾਰਤ ਨੂੰ ਪਸੰਦ ਕਰਦਾ ਹੈ ਅਤੇ ਉਹ ਪੀਐਮ ਨਰਿੰਦਰ ਮੋਦੀ ਦਾ ਬਹੁਤ ਸਤਿਕਾਰ ਕਰਦੇ ਹਨ।

