ਪੰਜਾਬੀਆਂ ਦੇ ਹੱਕ ‘ਚ ਆਏ Pierre Poilievre , ਕੈਨੇਡਾ-ਅੰਮ੍ਰਿਤਸਰ ਲਈ ਸਿੱਧੀ ਉਡਾਣ ‘ਤੇ ਦਿੱਤਾ ਜ਼ੋਰ

Rajneet Kaur
3 Min Read

ਬਰੈਂਪਟਨ:  ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਵੱਲੋਂ ਵਿੱਢੀ ਗਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸਵਾਗਤ ਕੀਤਾ ਹੈ। ਬਰੈਂਪਟਨ ਵਿੱਚ ਆਪਣੀ ਪਾਰਟੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਕੰਜ਼ਰਵੇਟਿਵ ਆਗੂ ਨੇ ਕੈਨੇਡਾ ਦੀ ਮੌਜੂਦਾ ਸਰਕਾਰ  ਨੂੰ ਨਿਸ਼ਾਨੇ ‘ਤੇ ਲਿਆ । ਉਨ੍ਹਾਂ ਨੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਈਚਾਰਾ ਲੰਮੇ ਸਮੇਂ ਤੋਂ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਰਿਹਾ ਹੈ ਪਰ ਕਈ ਸਾਲਾਂ ਬਾਅਦ ਵੀ, ਲਿਬਰਲ ਸਰਕਾਰ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਦਸ ਦਈਏ ਕਿ ਇਸ ਸਮਾਗਮ ‘ਚ  ਮੌਜੂਦ ਸਮਰਥਕਾਂ ਨੇ ਬੈਨਰ ਫੜੇ ਹੋਏ ਸਨ ਜਿਸ ‘ਤੇ ਲਿਖਿਆ ਸੀ  ‘ਡਾਇਰੈਕਟ ਫਲਾਈਟਸ ਟੂ ਅੰਮ੍ਰਿਤਸਰ ਨਾਓ’ ਅਤੇ ‘ਓਪਨ ਦ ਸਕਾਈਜ਼ ਟੂ ਅੰਮ੍ਰਿਤਸਰ’। 

ਸੰਬੋਧਨ ਕਰਦਿਆਂ ਪੋਇਲੀਵਰ ਨੇ ਕਿਹਾ ਕਿ ਸਾਲ 2022 ਵਿੱਚ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਭਾਰਤ ਨਾਲ ਓਪਨ ਸਕਾਈਜ਼ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।ਪਰ ਇਸ ਦੌਰਾਨ  ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਅੰਮ੍ਰਿਤਸਰ ਜਾਣ ਲਈ ਯਾਤਰੀਆਂ ਨੂੰ ਭਾਰਤ ਪਹੁੰਚਣ ‘ਤੇ ਅਕਸਰ ਹਵਾਈ ਅੱਡੇ ਤੇ ਅੰਮ੍ਰਿਤਸਰ ਵਾਸਤੇ ਅਗਲੀ ਉਡਾਣ ਲਈ ਕਈ ਘੰਟੇ ਦਾ ਵਾਧੂ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਪੰਜਾਬ ਨੂੰ ਸੜਕ ਰਾਹੀਂ ਪਹੁੰਚਣ ਲਈ 8 ਤੋਂ 10 ਘੰਟੇ ਦਾ ਵਾਧੂ ਸਮਾਂ ਲੱਗਦਾ ਹੈ।

ਉਨ੍ਹਾਂ ਅੱਗੇ ਕਿਹਾ, “ਮੈਂ ਆਪਣੇ ਡਿਪਟੀ ਲੀਡਰ ਟਿਮ ਉੱਪਲ, ਸ਼ੈਡੋ ਮੰਤਰੀ ਜਸਰਾਜ ਸਿੰਘ ਹੱਲਨ ਤੇ ਹੋਰਨਾਂ ਪਾਰਟੀ ਮੈਂਬਰਾਂ ਨਾਲ ਰਲ ਕੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਤਾਂ ਜੋ ਲੱਖਾਂ ਕੈਨੇਡੀਅਨ ਜੋ ਕਿ ਪੰਜਾਬ ਨਾਲ ਸਬੰਧ ਰੱਖਦੇ ਹਨ, ਸਿੱਧੀ ਹਵਾਈ ਯਾਤਰਾ ਕਰ ਸਕਣ। ਇਸ ਦੌਰਾਨ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ, “ਸਿੱਧੀ ਉਡਾਣਾਂ ਨਾ ਸਿਰਫ਼ ਪੰਜਾਬੀ ਭਾਈਚਾਰੇ ਨੂੰ ਲਾਭ ਪਹੁੰਚਾਉਣਗੀਆਂ ਬਲਕਿ ਕੈਨੇਡੀਅਨਾਂ ਨੂੰ ਸਿੱਖਾਂ ਲਈ ਸਭ ਤੋਂ ਪਵਿੱਤਰ ਸਥਾਨ ‘ਸ੍ਰੀ ਹਰਿਮੰਦਰ ਸਾਹਿਬ’ ਸਮੇਤ ਇਸ ਖੇਤਰ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਵੀ ਪ੍ਰਦਾਨ ਕਰਣਗੀਆਂ। 

ਕੈਨੇਡਾ ਅਧਾਰਿਤ ਐਨਆਰਆਈ ਕਾਰਕੁੰਨ ਮੋਹਿਤ ਧੰਜੂ ਅਤੇ ਅਨੰਤ ਸਿੰਘ ਢਿੱਲੋਂ ਨੇ ਵੀ  ਪੋਲੀਵਰ ਅਤੇ ਸੰਸਦ ਮੈਂਬਰ ਟਿਮ ਉੱਪਲ ਦਾ ਧੰਨਵਾਦ ਕੀਤਾ ਹੈ ਤੇ ਕੰਜ਼ਰਵੇਟਿਵ ਲੀਡਰਸ਼ਿਪ ਨੂੰ ਕੈਨੇਡਾ ਅਤੇ ਏਅਰ ਇੰਡੀਆ ਸਮੇਤ ਹੋਰਨਾਂ ਭਾਰਤੀ ਏਅਰਲਾਈਨ ਤੱਕ ਵੀ ਯਤਨ ਜਾਰੀ ਰੱਖਣ ਲਈ ਅਪੀਲ ਕੀਤੀ ਤਾਂ ਜੋ ਭਾਈਚਾਰੇ ਦੇ ਇਸ ਸੁਪਨੇ ਨੂੰ ਜਲਦ ਹਕੀਕਤ ਵਿੱਚ ਬਦਲਿਆਂ ਜਾ ਸਕੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment