ਸੜਕ ਹਾਦਸਿਆਂ ਦੀਆਂ ਵੀਡੀਓ ਬਣਾਉਣ ਵਾਲਿਆਂ ਤੋਂ ਨਿਰਾਸ਼ ਹੈ ਬੁਲੰਦ ਹੌਸਲੇ ਵਾਲੀ ਅਨੂਪਮਾ ਗੁਪਤਾ

TeamGlobalPunjab
4 Min Read

-ਅਵਤਾਰ ਸਿੰਘ

ਬੀਤੀ 10 ਦਸੰਬਰ ਨੂੰ ਤਰਨ ਤਾਰਨ-ਅੰਮ੍ਰਿਤਸਰ ਹਾਈਵੇ ‘ਤੇ ਪਿੰਡ ਬੁੰਡਾਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਕਾਰ ਸਵਾਰ ਦੀ ਜਾਨ ਬਚਾਉਣ ਲਈ ਆਪਣੀ ਆਪਣੀਆਂ ਦੋਵੇਂ ਲੱਤਾਂ ਗੁਆਉਣ ਵਾਲੀ ਡਾ ਅਨੁਪਮ ਗੁਪਤਾ ਸੜਕਾਂ ਉਪਰ ਹਾਦਸਾਗ੍ਰਸਤ ਦੀ ਜਾਨ ਬਚਾਉਣ ਦੀ ਥਾਂ ਵੀਡੀਓ ਬਣਾਉਣ ਵਾਲੇ ਲੋਕਾਂ ਤੋਂ ਬਹੁਤ ਨਿਰਾਸ਼ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਤੜਪ ਰਹੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਜਾਂਦੇ ਹਨ। ਅਜਿਹੇ ਲੋਕਾਂ ਦੀ ਇਨਸਾਨੀਅਤ ਕਿਥੇ ਚਲੀ ਜਾਂਦੀ ਹੈ।

ਦੂਜੇ ਦੀ ਜਾਨ ਬਚਾਉਣ ਲਈ ਅਤੇ ਬਹਾਦਰੀ ਦੀ ਮਿਸਾਲ ਬਣੀ ਡਾ ਅਨੂਪਮਾ ਗੁਪਤਾ ਇਸ ਹਾਲਤ ਵਿੱਚ ਵੀ ਆਪਣੀ ਪੀਐੱਚ ਡੀ ਪੜਾਈ ਜਾਰੀ ਰੱਖਣਗੇ, ਇਹ ਪ੍ਰਣ ਉਹਨਾਂ ਨੇ ਨਵੇਂ ਸਾਲ ਦੀ ਆਮਦ ‘ਤੇ ਲਿਆ ਹੈ। ਡਾ. ਅਨੁਪਮਾ ਗੁਪਤਾ ਦਾ ਹੌਸਲਾ ਬੁਲੰਦ ਹੈ। ਅਮਨਦੀਪ ਹਸਪਤਾਲ ਵਿਚ ਜ਼ੇਰੇ ਇਲਾਜ ਡਾ ਗੁਪਤਾ ਨੂੰ ਅਗਲੇ ਕੁਝ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਡਾ. ਅਨੁਪਮਾ ਗੁਪਤਾ ਨੇ ਆਪਣੀ ਸਾਰੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਦਸ ਦਸੰਬਰ ਨੂੰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਦੋਂ ਉਹ ਫ਼ਰੀਦਕੋਟ ਦੇ ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਜ਼ ਜਾਣ ਲਈ ਆਪਣੀ ਇਕ ਸਾਥਣ ਨਾਲ ਕਾਰ ਵਿਚ ਜਾ ਰਹੀ ਸੀ ਤਾਂ ਜਦੋਂ ਉਹ ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਪਿੰਡ ਬੰਡਾਲਾ ਨੇੜੇ ਪੁੱਜੇ ਤਾਂ ਉੱਥੇ ਇਕ ਹਾਦਸਾਗ੍ਰਸਤ ਵਾਹਨ ਵਿਚ ਇਕ ਜ਼ਖ਼ਮੀ ਵਿਅਕਤੀ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਡਾ. ਗੁਪਤਾ ਨੇ ਇਨਸਾਨੀਅਤ ਵਜੋਂ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੇਖਿਆ ਉਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ ਪਰ ਕੋਈ ਵੀ ਉਸ ਦੀ ਜਾਨ ਬਚਾਉਣ ਦਾ ਉਪਰਾਲਾ ਨਹੀਂ ਕਰ ਰਿਹਾ ਸੀ। ਕੁਝ ਲੋਕ ਉਥੇ ਖੜੇ ਮੋਬਾਈਲਾਂ ਨਾਲ ਫੋਟੋਆਂ ਤੇ ਵੀਡੀਓ ਹੀ ਬਣਾਉਣ ਵਿੱਚ ਰੁਝੇ ਹੋਏ ਸਨ। ਉਸ ਦੀ ਜਾਨ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ।

- Advertisement -

ਜਦੋਂ ਡਾ ਗੁਪਤਾ ਜ਼ਖਮੀ ਨੂੰ ਕਾਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਕ ਤੇਜ਼ ਰਫਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਪਿੱਛੇ ਆ ਰਿਹਾ ਟਰਾਲਾ ਜ਼ਖ਼ਮੀ ਹੋਈ ਡਾ ਗੁਪਤਾ ਨੂੰ ਬਚਾਉਣ ਲਈ ਡਿਵਾਈਡਰ ’ਤੇ ਚੜ੍ਹ ਗਿਆ। ਇਸੇ ਤਰ੍ਹਾਂ ਉਸ ਦੇ ਪਿੱਛੇ ਕੁਝ ਹੋਰ ਗੱਡੀਆਂ ਵੀ ਟਰਾਲੇ ਨਾਲ ਆ ਕੇ ਟਕਰਾ ਗਈਆਂ। ਇਸ ਦੌਰਾਨ ਬੇਹੋਸ਼ ਹੋ ਚੁੱਕੀ ਡਾਕਟਰ ਗੁਪਤਾ ਨੂੰ ਉਸ ਦੀ ਸਾਥਣ ਤਰਨ ਤਾਰਨ ਦੇ ਇਕ ਹਸਪਤਾਲ ਵਿੱਚ ਲੈ ਗਈ। ਉਥੋਂ ਉਸ ਦੇ ਪਤੀ ਡਾ. ਰਮਨ ਗੁਪਤਾ ਨੂੰ ਵੀ ਇਤਲਾਹ ਕਰ ਦਿੱਤੀ। ਤਰਨ ਤਾਰਨ ਹਸਪਤਾਲ ਵਿਚੋਂ ਕੁਝ ਡਾਕਟਰੀ ਸਹਾਇਤਾ ਦੇਣ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ’ਚ ਭੇਜ ਦਿੱਤਾ ਗਿਆ। ਉੱਥੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ। ਹੋਸ਼ ਆਉਣ ਤੋਂ ਕਈ ਦਿਨਾਂ ਬਾਅਦ ਡਾਕਟਰ ਅਨੂਪਮਾ ਗੁਪਤਾ ਨੂੰ ਪਤਾ ਲੱਗਾ ਕੇ ਉਸ ਦੀਆਂ ਲੱਤਾਂ ਨਹੀਂ ਰਹੀਆਂ। ਇਸ ਨੂੰ ਰੱਬ ਦਾ ਭਾਣਾ ਮੰਨਦਿਆਂ ਡਾ. ਗੁਪਤਾ ਨੇ ਜ਼ਿੰਦਗੀ ਦੇ ਇਸ ਰੂਪ ਨੂੰ ਸਵੀਕਾਰ ਕਰ ਲਿਆ। ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਸੰਭਾਵਨਾ ਹੈ। ਡਾ. ਅਨੁਪਮਾ ਗੁਪਤਾ ਨੇ ਕਿਹਾ ਕਿ ਉਹ ਸਿਹਤਯਾਬ ਹੋਣ ਮਗਰੋਂ ਆਪਣੀ ਪੀ ਐੱਚਡੀ (ਡਰਮੈਟੋ ਗਲਾਈਫੈਕਸ) ਦੀ ਪੜ੍ਹਾਈ ਪੂਰੀ ਕਰੇਗੀ। ਘਰ ਪਰਤਣ ਮਗਰੋਂ ਉਹ ਵ੍ਹੀਲ ਚੇਅਰ ਦੀ ਵਰਤੋਂ ਸ਼ੁਰੂ ਕਰੇਗੀ ਅਤੇ ਨਕਲੀ ਅੰਗਾਂ ਦੀ ਮਦਦ ਨਾਲ ਤੁਰਨ ਫਿਰਨ ਦੀ ਜਾਚ ਸਿੱਖੇਗੀ। ਇੰਜ ਉਹ ਆਪਣੀ ਜ਼ਿੰਦਗੀ ਨੂੰ ਮੁੜ ਪਹਿਲਾਂ ਵਾਂਗ ਜਿਊਣ ਦਾ ਯਤਨ ਕਰੇਗੀ। ਹਸਪਤਾਲ ਦੇ ਮੁਖੀ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਲਦੀ ਘਰ ਭੇਜ ਦਿੱਤਾ ਜਾਵੇਗਾ।

Share this Article
Leave a comment