ਅੰਕ ਸਿਧਾਂਤ ਵਾਲਾ ਗਣਿਤ ਵਿਗਿਆਨੀ ਕੌਣ ਸੀ ?

TeamGlobalPunjab
3 Min Read

-ਅਵਤਾਰ ਸਿੰਘ

ਵਚਿਤਰ ਗਣਿਤ ਵਿਗਿਆਨੀ ਗਣਿਤ ਦੀ ਦੁਨੀਆਂ ਵਿਚ ਪਾਲ ਅਰਡਾਸ ਸਿਆਣਪ ਤੇ ਚੁਸਤੀ ਦਾ ਮੁਜੱਸਮਾ ਸੀ। ਉਹ ਕਹਿੰਦਾ ਸੀ ਕਿ ਗਣਿਤ ਨਾਲ ਸਚਾਈਆਂ ਲੱਭੀਆਂ ਜਾਂਦੀਆਂ ਹਨ ਨਾ ਕਿ ਬਣਾਈਆਂ ਜਾਂਦੀਆਂ।

ਖੋਜ ਪੱਤਰਾਂ ਦੀ ਗਿਣਤੀ ਪੱਖੋਂ ਪਾਲ ਅਰਡਾਸ ਦਾ ਰਿਕਾਰਡ ਹੈ। ਉਸਨੇ 1500 ਤੋਂ ਵੱਧ ਖੋਜ ਪੱਤਰ ਲਿਖੇ। ਅੰਕ ਸਿਧਾਂਤ ਵਿਚ ਉਸਦੀ ਪਹਿਲੀ ਮਹਤਵਪੂਰਨ ਦੇਣ ਇਸ ਥਿਊਰਮ ਦਾ ਪ੍ਰਮਾਣ ਸੀ ਕਿ ਇਕ ਤੋਂ ਵੱਡੇ ਹਰ ਅੰਕ ਤੇ ਉਸ ਤੋਂ ਦੁਗਣੀ ਸੰਖਿਆ ਵਿਚਕਾਰ ਘਟੋ ਘੱਟ ਇਕ ਹੋਰ ਪਰਾਈਮ ਸੰਖਿਆ (ਅਭਾਜ ਅੰਕ) ਹੁੰਦੀ ਹੈ।

ਪਰਾਈਮ ਸੰਖਿਆ ਉਹ ਸੰਖਿਆ ਹੈ ਜੋ ਆਪਣੇ ਤੋਂ ਇਲਾਵਾ ਕਿਸੇ ਹੋਰ ਅੰਕ ਨਾਲ ਵੰਡਿਆ ਨਾ ਜਾਵੇ। ਇਹ ਥਿਊਰਮ ਉਸਨੇ 21 ਸਾਲ ਦੀ ਉਮਰ ਵਿਚ ਆਪਣੇ ਤਰੀਕੇ ਨਾਲ ਹੱਲ ਕੀਤੀ। ਉਸ ਨੇ ਸਾਰੀ ਉਮਰ ਆਪਣੇ ਰਹਿਣ ਲਈ ਘਰ ਨਹੀਂ ਬਣਾਇਆ ਤੇ ਨਾ ਹੀ ਵਿਆਹ ਕਰਵਾਇਆ। ਨਿੱਜੀ ਸੁਖ ਸਹੂਲਤਾਂ ਦੀ ਉਸਨੇ ਕਦੇ ਚਿੰਤਾ ਨਾ ਕੀਤੀ।

- Advertisement -

ਉਹ ਕਹਿੰਦਾ ਸੀ, “ਸਿਆਣਾ ਇਨਸਾਨ ਉਹ ਹੈ ਜਿਸ ਕੋਲ ਅਜਿਹੀ ਚੀਜ਼ ਨਾ ਹੋਵੇ ਜਿਸਨੂੰ ਹੱਥਾਂ ਵਿਚ ਚੁਕ ਕੇ ਤੁਰ ਫਿਰ ਨਾ ਸਕੇ।” ਅਰਡਾਸ ਆਪਣੀ ਕਮਾਈ ਨੂੰ ਗਣਿਤ ਵਿਗਿਆਨੀਆਂ/ਗਣਿਤ ਪ੍ਰੇਮੀਆਂ ਤੇ ਵਿਦਿਆਰਥੀਆਂ ਵਿਚ ਵੰਡ ਦਿੰਦਾ ਸੀ।
1983 ਵਿਚ ਉਸ ਸਮੇਂ ਦਾ ਮਹਿੰਗਾ ਇਨਾਮ 50,000 ਡਾਲਰ ਦਾ ‘ਵੁਲਫ ਪੁਰਸਕਾਰ’ ਮਿਲਿਆ ਤਾਂ ਉਸ ਵਿਚੋਂ 700 ਡਾਲਰ ਰਖ ਕੇ ਬਾਕੀ ਰਕਮ ਵੰਡ ਦਿੱਤੀ।

ਅਰਡਾਸ ਦਾ ਜਨਮ 26 ਮਾਰਚ 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿਚ ਲਾਜੋਸ ਅਰਡਾਸ ਦੇ ਘਰ ਮਾਤਾ ਅੰਨਾ ਅਰਡਾਸ ਯਹੂਦੀ ਮੂਲ ਦੇ ਘਰ ਹੋਇਆ। ਦੋ ਭੈਣਾਂ ਛੋਟੀ ਉਮਰੇ ਹੀ ਬੁਖਾਰ ਨਾਲ ਚਲ ਵਸੀਆਂ, ਜਿਸ ਕਾਰਨ ਇਨ੍ਹਾਂ ਦਾ ਪਾਲਣ ਪੋਸ਼ਣ ਲਾਡ ਪਿਆਰ ਨਾਲ ਹੋਇਆ। ਉਸਦੇ ਮਾਤਾ ਪਿਤਾ ਤੇ ਜਰਮਨ ਗਵਰਨੈਂਸ ਨੇ ਕਈ ਸਾਲ ਘਰੇ ਪੜਾਇਆ। 21 ਸਾਲ ਦੀ ਉਮਰ ਵਿਚ ਡਾਕਟਰੇਟ ਡਿਗਰੀ ਕਰਕੇ ਪੋਸਟ ਡਾਕਟਰਲ ਖੋਜ ਲਈ ਇੰਗਲੈਂਡ ਚਲਾ ਗਿਆ। 1948 ਵਿਚ ਵਾਪਸ ਹੰਗਰੀ ਪਰਤਿਆ ਤਾਂ ਦੂਜੇ ਯੁੱਧ ਕਾਰਨ ਪਰਿਵਾਰ ਦੇ ਕੁਝ ਲੋਕਾਂ ਨੂੰ ਹੀ ਮਿਲਿਆ। ਉਸਨੇ ਲਗਭਗ 500 ਵਿਗਿਆਨੀਆਂ ਨਾਲ ਰਲ ਕੇ ਕੰਮ ਕੀਤਾ।

1974 ਵਿਚ ਪਹਿਲਾਂ ਕਲਕੱਤਾ ਤੇ ਫਿਰ ਬੰਬੇ ਤੇ ਮਦਰਾਸ ਵੀ ਆਇਆ। 15 ਭਾਰਤੀਆਂ ਨਾਲ ਰਲ ਕੇ 23 ਖੋਜ ਪੱਤਰ ਲਿਖੇ। ਵਾਰਸਾ ਦੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਗਏ ਦਾ 20 ਸਤੰਬਰ 1996 ਨੂੰ ਦੇਹਾਂਤ ਹੋ ਗਿਆ। ਉਸ ਮਹਾਨ ਵਿਗਿਆਨੀ ਦੀ ਮੌਤ ਬਾਰੇ ਸੰਕਲਪ ਬੜਾ ਕਮਾਲ ਦਾ ਸੀ, ਸ਼ਾਨਦਾਰ ਮੌਤ ਉਹ ਹੈ ਜੋ ਕਿਸੇ ਲੈਕਚਰ ਉਪਰੰਤ ਹੋਵੇ, ਲੈਕਚਰ ਮੁੱਕੇ। ਕੋਈ ਮੈਨੂੰ ਪੁੱਠਾ ਜਿਹਾ ਸਵਾਲ ਕਰੇ ਤਾਂ ਮੈਂ ਕਹਾਂ-ਇਸਦਾ ਉਤਰ ਅਗਲੀ ਪੀੜ੍ਹੀ ਉਤੇ ਛੱਡਦਾ ਹਾਂ ਅਤੇ ਇਹ ਕਹਿ ਕੇ ਮੈਨੂੰ ਅਗਲਾ ਸਾਹ ਨਾ ਆਏ।

Share this Article
Leave a comment