ਯੁਵਾ ਸ਼ਕਤੀ – ਖੇਡਾਂ ਤੋਂ ਸਟਾਰਟ-ਅੱਪਸ ਤੱਕ

TeamGlobalPunjab
8 Min Read

-ਨਿਸਿਥ ਪ੍ਰਮਾਣਿਕ;

ਭਾਰਤ ’ਚ ਖੇਡਾਂ ਇੱਕ ਅਜਿਹੇ ਪ੍ਰਮੁੱਖ ਖੇਤਰ ਵਜੋਂ ਉੱਭਰੀਆਂ ਹਨ, ਜਿੱਥੇ ਦੇਸ਼ ਦੇ ਨੌਜਵਾਨ ਆਪਣੀ ਪ੍ਰਤਿਭਾ ਵਿਖਾ ਸਕਦੇ ਹਨ ਤੇ ਇਸ ਨਾਲ ਹੋਰ ਦੇਸ਼ਾਂ ’ਚ ਸਾਡੇ ਰਾਸ਼ਟਰ ਦੀ ਦ੍ਰਿਸ਼ਟਮਾਨਤਾ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਖੇਡਾਂ ਦੇ ਬੁਨਿਆਦੀ ਢਾਂਚੇ, ਪ੍ਰਬੰਧ, ਖੇਡ ਪ੍ਰਤਿਭਾ ਨੂੰ ਪ੍ਰਫ਼ੁੱਲਤ ਕਰਨ ਤੇ ਅੰਤਰਰਾਸ਼ਟਰੀ ਸ਼ਮੂਲੀਅਤ ਉੱਤੇ ਧਿਆਨ ਕੇਂਦ੍ਰਿਤ ਕਰਨ ਤੋਂ ਇਲਾਵਾ, ਹੁਣ ਭਾਰਤ ਨੇ ਕ੍ਰੌਸ–ਫ਼ੰਕਸ਼ਨਲ ਪ੍ਰੋਫੈਸ਼ਨਲਸ ਦਾ ਇੱਕ ਕਾਡਰ ਤਿਆਰ ਕਰਨ ਲਈ ਖੇਡਾਂ ਨੂੰ ਇੱਕ ਅਜਿਹੇ ਅਕਾਦਮਿਕ ਅਨੁਸ਼ਾਸਨ ਵਜੋਂ ਵੀ ਵਿਕਸਿਤ ਕੀਤਾ ਹੈ, ਜੋ ਚਿਰ–ਸਥਾਈ ਕਰੀਅਰ ਦੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ।

ਭਾਰਤ ’ਚ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਨੌਜਵਾਨਾਂ ਦੀ ਸਭ ਤੋਂ ਵੱਧ ਆਬਾਦੀ ਹੈ ਤੇ ਇਸ ਨੂੰ ਆਪਣਾ ਧਿਆਨ ਆਪਣੇ ਨੌਜਵਾਨਾਂ ਨੂੰ ਖੇਡਾਂ ਨਾਲ ਸਬੰਧਿਤ ਅਨੇਕ ਕਿਸਮ ਦੀਆ ਗਤੀਵਿਧੀਆਂ ’ਚ ਸਿੱਖਿਅਤ ਤੇ ਟ੍ਰੇਨ ਕਰਨ ਉੱਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ। ਖੋਜ ਤੇ ਅਭਿਆਸ ਨੇ ਦਿਖਾ ਦਿੱਤਾ ਹੈ ਕਿ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਨ ਦੇ ਅਨੇਕ ਹਾਂ–ਪੱਖੀ ਫ਼ਾਇਦੇ ਹਨ; ਜਿਵੇਂ ਕਿ ਸਿਹਤ ਤੇ ਸਲਾਮਤੀ ਨੂੰ ਪ੍ਰੋਤਸਾਹਨ, ਆਤਮਵਿਸ਼ਵਾਸ, ਮਾਨਸਿਕ ਸਿਹਤ, ਮੁਕਾਬਲੇਯੋਗਤਾ ਦੀ ਭਾਵਨਾ, ਟੀਮ ਭਾਵਨਾ, ਸਮੱਸਿਆ ਦਾ ਹੱਲ, ਅਨੁਸ਼ਾਸਨ, ਸਮਾਂ–ਪ੍ਰਬੰਧ, ਟੀਚਾ ਤੇ ਪ੍ਰਾਪਤੀ ਦੇ ਰੁਝਾਨ, ਦਿਆਲਤਾ ਦਾ ਪ੍ਰਗਟਾਵਾ ਤੇ ਖਿਡਾਰੀਆਂ ਦਾ ਸਨਮਾਨ, ਲੀਡਰਸ਼ਿਪ, ਸਹਿਣਸ਼ੀਲਤਾ, ਭਰੋਸਾ, ਜ਼ਿੰਮੇਵਾਰੀ ਦੇ ਅਹਿਸਾਸ ਨਾਲ ਸਬੰਧਿਤ ਅਭਿਆਸ, ਸਵੈ–ਮਾਣ, ਚਰਿੱਤਰ ਨਿਰਮਾਣ, ਵਧੇਰੇ ਜੋਖਮ ਵਾਲੇ ਵਿਵਹਾਰ ਘਟਾਉਣਾ, ਚਿੰਤਾ ਤੇ ਘੋਰ–ਨਿਰਾਸ਼ਾ (ਡਿਪ੍ਰੈਸ਼ਨ) ਦਾ ਖ਼ਤਰਾ ਘਟਾਉਣਾ ਆਦਿ।

ਨੌਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੇ ਉਂਝ ਤਾਂ ਕਈ ਸੌਖੇ ਤਰੀਕੇ ਹਨ, ਜਿਨ੍ਹਾਂ ਵਿੱਚ ਸੈਰ, ਦੌੜਨਾ, ਸਾਈਕਲ ਚਲਾਉਣਾ, ਤੈਰਾਕੀ, ਜਿਮ ਵਿੱਚ ਕਸਰਤ ਕਰਨਾ ਅਤੇ ਬਾਹਰ ਮੈਦਾਨ ’ਚ ਗੇਮ ਖੇਡਣਾ ਸ਼ਾਮਲ ਹੈ, ਜਿਸ ਦੇ ਨਤੀਜੇ ਸਾਈਕੋ-ਮੋਟਰ ਹੁਨਰ ਵਿਕਸਿਤ ਕਰਨ, ਊਰਜਾ ਨੂੰ ਸਾੜਨ ਅਤੇ ਮੋਟਾਪੇ ਦਾ ਖ਼ਤਰਾ ਘਟਾਉਣ ਅਤੇ ਸੁਸਤੀ ਵਾਲੀਆਂ ਜੀਵਨ–ਸ਼ੈਲੀਆਂ ਘਟਾਉਣ ਵਿੱਚ ਸਿੱਧ ਹੋਏ ਹਨ; ਖੇਡਾਂ ਨੂੰ ਕਰੀਅਰ ਮੰਨਣਾ ਜੀਵਨ ਭਰ ’ਚ ਕਦੀ–ਕਦਾਈਂ ਮਿਲਣ ਵਾਲੇ ਫ਼ਾਇਦਿਆਂ ਦੇ ਸਮਾਨ ਹੈ।

- Advertisement -

ਭਵਿੱਖ ਦੀ ਅਜਿਹੀ ਪੀੜ੍ਹੀ ਬਣਾਉਣ ਲਈ, ਜੋ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਫਿੱਟ ਹੈ ਅਤੇ ਆਬਾਦੀ ਦੇ ਇਸ ਵਿਸ਼ਾਲ ਹਿੱਸੇ ਵਿੱਚ ਭਲਾਈ ਨੂੰ ਉਤਸ਼ਾਹਿਤ ਕਰਨ ਲਈ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਯੁਵਾ ਨੀਤੀ ਵਿੱਚ ਦੱਸੇ ਅਨੁਸਾਰ ਕਈ ਪੁਲਾਂਘਾਂ ਪੁੱਟੀਆਂ ਹਨ। ਕੋਵਿਡ -19 ਮਹਾਮਾਰੀ ਦੀਆਂ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ, ਭਾਰਤ ਨੇ ਇਸ ਸਾਲ ਟੋਕੀਓ ਓਲੰਪਿਕਸ, 2020 ਵਿੱਚ 7 ਮੈਡਲ ਅਤੇ ਪੈਰਾਲੰਪਿਕਸ ਵਿੱਚ 19 ਮੈਡਲ ਹਾਸਲ ਕਰਕੇ ਖੇਡਾਂ ਦੇ ਪ੍ਰਦਰਸ਼ਨ ਵਿੱਚ ਵਿਸ਼ਵ ਪੱਧਰ ’ਤੇ ਪਹਿਚਾਣ ਬਣਾਈ ਹੈ। ਜਦੋਂ ਕਿ ਭਾਰਤ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਥਾਪਿਤ ਖੇਡ ਯੂਨੀਵਰਸਿਟੀਆਂ ਦੀ ਇੱਕ ਸੀਮਤ ਗਿਣਤੀ ਹੈ, ਸਿਰਫ਼ ਸਰੀਰਕ ਸਿੱਖਿਆ ਦੇ ਮਾਹਿਰ ਮੁੱਖ ਤੌਰ ’ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਿੱਚ ਲਗੇ ਹੋਏ ਹਨ।

ਉੱਘੀਆਂ ਨੌਜਵਾਨ ਖੇਡ ਸ਼ਖਸੀਅਤਾਂ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਪੇਸ਼ੇਵਰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ; ਭਾਰਤ ਸਰਕਾਰ ਸਿੱਖਿਆ, ਖੋਜ ਅਤੇ ਪ੍ਰੋਤਸਾਹਨ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਦਿੱਲੀ ਦਿਖੇ ਇੱਕ ਵਿਸ਼ੇਸ਼ ਰਾਸ਼ਟਰੀ ਖੇਡ ਵਿਗਿਆਨ ਅਤੇ ਖੋਜ ਕੇਂਦਰ (ਐੱਨਸੀਐੱਸਐੱਸਆਰ) ਸਥਾਪਿਤ ਕਰਨ ਜਾ ਰਹੀ ਹੈ, ਤਾਂ ਜੋ ਵਧੀਆ ਐਥਲੀਟਾਂ ਦੇ ਖੇਡ ਪ੍ਰਦਰਸ਼ਨ ਹੋਰ ਵਧੀਆ ਹੋ ਸਕੇ ਅਤੇ ਖੇਡ ਵਿਗਿਆਨ ਵਿੱਚ ਨਵੀਨਤਾ ਆ ਸਕੇ। ਸਪੋਰਟਸ ਸਾਇੰਸ ਅਤੇ ਮੈਡੀਸਿਨ ਨਾਲ ਜੁੜੀ ਸਮਰਥਨ ਵਿਧੀਆਂ ਪੇਸ਼ ਕਰਨ ਲਈ ਇੱਕ ਸੰਯੁਕਤ ਸੰਗਠਨ ਲਈ ਸੰਸਥਾਗਤ ਨੈੱਟਵਰਕ ਬਣਾਉਣ ਤੋਂ ਇਲਾਵਾ, ਐੱਨਸੀਐੱਸਐੱਸਆਰ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਦੇ ਰਾਸ਼ਟਰੀ ਉੱਤਮਤਾ ਕੇਂਦਰਾਂ ਅਤੇ ਉੱਚ ਕਾਰਗੁਜ਼ਾਰੀ ਕੇਂਦਰਾਂ ਨੂੰ ਖੇਡ ਵਿਗਿਆਨ ਉਪਕਰਣ ਪ੍ਰਦਾਨ ਕਰਨ ਵਿੱਚ ਧੁਰੇ ਵਜੋਂ ਵੀ ਕੰਮ ਕਰੇਗਾ। ਇਸ ਯੋਜਨਾ ਵਿੱਚ ਸਪੋਰਟਸ ਬਾਇਓ-ਕੈਮਿਸਟਰੀ, ਸਪੋਰਟਸ ਫਿਜ਼ੀਓਲੋਜੀ, ਸਪੋਰਟਸ ਬਾਇਓਮਕੈਨਿਕਸ, ਸਪੋਰਟਸ ਫਿਜ਼ੀਓਥੈਰੇਪੀ, ਟ੍ਰੇਨਿੰਗ ਵਿਧੀਆਂ ਅਤੇ ਸਪੋਰਟਸ ਪੋਸ਼ਣ, ਸਪੋਰਟਸ ਮਨੋਵਿਗਿਆਨ ਅਤੇ ਸਪੋਰਟਸ ਮੈਡੀਸਿਨ ਵਿੱਚ ਦੇਸ਼ ਭਰ ਦੀਆਂ 6 ਯੂਨੀਵਰਸਿਟੀਆਂ ਵਿੱਚ ਸਪੋਰਟਸ ਸਾਇੰਸ ਦੇ ਫੈਕਲਟੀ ਸਥਾਪਿਤ/ਮਜ਼ਬੂਤ ਕਰਨ ਦੀ ਯੋਜਨਾ ਹੈ।

ਸੇਵਾਵਾਂ ਦੀ ਪੂਰਵ-ਨਿਰਧਾਰਿਤ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ, ਐੱਨਸੀਐੱਸਐੱਸਆਰ (NCSSR) ਖੇਡਾਂ ਦੀ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਨੂੰ ਪ੍ਰਫੁੱਲਤ ਕਰ ਕੇ, ਸੱਟ ਦੀ ਦਰ ਨੂੰ ਘਟਾ ਕੇ ਅਤੇ ਹੱਬ ਅਤੇ ਸਪੋਕ ਮਾਡਲ ਦੇ ਅਧਾਰ ’ਤੇ ਖੇਡ ਵਿਗਿਆਨ ਤੇ ਖੇਡ ਚਿਕਿਤਸਾ ਦੀਆਂ ਤਕਨੀਕਾਂ ਨੂੰ ਲਾਗੂ ਕਰਕੇ ਤੇਜ਼ੀ ਨਾਲ ਮੁੜ–ਵਸੇਬੇ ਦੇ ਮਾਡਲ ਨੂੰ ਵਿਕਸਿਤ ਕਰਨ ਦੇ ਨਾਲ ਉੱਚ–ਕੋਟੀ ਦੇ ਐਥਲੀਟਾਂ ਨੂੰ ਸਮਰੱਥ ਬਣਾਉਣ ਵਿੱਚ ਇੱਕ ਸੰਪੂਰਨ ਅਤੇ ਏਕੀਕ੍ਰਿਤ ਪਹੁੰਚ ਅਪਣਾਏਗਾ। ਇਹ ਪਹਿਲ ਉਪਰੋਕਤ ਯੂਨੀਵਰਸਿਟੀਆਂ ਵਿੱਚ ਖੇਡ ਖੋਜ ਵਿੱਚ ਸੁਧਾਰ ਦੇ ਨਾਲ-ਨਾਲ ਵਿਦੇਸ਼ੀ ਮਾਹਿਰਾਂ ‘ਤੇ ਨਿਰਭਰਤਾ ਘਟਾਉਣ ਲਈ ਖੇਡ ਵਿਗਿਆਨ ਅਤੇ ਸਪੋਰਟਸ ਮੈਡੀਸਿਨ ਦੇ ਖੇਤਰ ਵਿੱਚ ਬਹੁਤ ਨਿਪੁੰਨ ਮਨੁੱਖ ਸ਼ਕਤੀ ਦਾ ਇੱਕ ਪੂਲ ਤਿਆਰ ਕਰੇਗੀ। ਖੇਡਾਂ ਦੇ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਟੀਚੇ ਵੱਲ ਇਹ ਇੱਕ ਨਿਸ਼ਚਿਤ ਕਦਮ ਹੈ।

ਰਾਜੀਵ ਗਾਂਧੀ ਨੈਸ਼ਨਲ ਇੰਸਟੀਟਿਊਟ ਆਵ੍ ਯੂਥ ਡਿਵੈਲਪਮੈਂਟ (ਆਰਜੀਐਨਆਈਵਾਈਡੀ), ਸ਼੍ਰੀਪੇਰੰਬੂਦੁਰ, ਤਮਿਲ ਨਾਡੂ ਵਿਖੇ ਸਥਿਤ ਹੈ, ਜੋ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ ਰਾਸ਼ਟਰੀ ਮਹੱਤਤਾ ਵਾਲੀ ਸੰਸਥਾ, ਖੇਡ ਵਿਗਿਆਨ ਵਿੱਚ ਦੋ ਸਾਲਾਂ ਦਾ ਵਿਸ਼ੇਸ਼ ਮਾਸਟਰ ਡਿਗਰੀ ਪ੍ਰੋਗਰਾਮ ਪੇਸ਼ ਕਰੇਗਾ। ਇਸ ਵਿੱਚ ਸਪੋਰਟਸ ਮਨੋਵਿਗਿਆਨ, ਸਪੋਰਟਸ ਫਿਜ਼ੀਓਲੋਜੀ, ਸਪੋਰਟਸ ਮੈਡੀਸਿਨ ਅਤੇ ਸਪੋਰਟਸ ਮੈਨੇਜਮੈਂਟ ਦੇ ਵਿਸ਼ੇਸ਼ ਕੋਰਸ ਸ਼ਾਮਲ ਹੋਣਗੇ, ਜੋ ਆਉਣ ਵਾਲੇ ਅਕਾਦਮਿਕ ਸਾਲ (2022) ਤੋਂ ਖੇਡ ਉਦਯੋਗ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਭਿਆਸ ਮੁਹੱਈਆ ਕਰਵਾਏਗਾ।

- Advertisement -

ਅੱਜ, ਹਜ਼ਾਰਾਂ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਕਿਸੇ ਸਮੇਂ ਸ਼ੌਕ ਸਮਝੇ ਜਾਂਦੇ ਖੇਡਾਂ ਵਿੱਚ ਸ਼ਾਮਲ ਹੋ ਕੇ ਆਪਣੇ–ਆਪ ਨੂੰ ਕਰੋੜਪਤੀ ਬਣਾ ਲਿਆ ਹੈ। ਖੇਡ ਉਦਯੋਗ ਤੋਂ ਲਾਭਦਾਇਕ ਕਰੀਅਰ ਵਿਕਲਪ ਪੇਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜਿਵੇਂ ਕਿ ਟੀਮ ਮੈਨੇਜਰ, ਰਣਨੀਤੀਕਾਰ, ਤੰਦਰੁਸਤੀ ਮਾਹਿਰ, ਖੁਰਾਕ ਸਲਾਹਕਾਰ, ਪਰਸਨਲ ਟ੍ਰੇਨਰਸ, ਰੈਫਰੀ, ਅੰਪਾਇਰ, ਮਨੋਵਿਗਿਆਨੀ, ਥੈਰਾਪਿਸਟ, ਸਰੀਰ ਵਿਗਿਆਨ, ਸਪੋਰਟਸ ਡਾਕਟਰ, ਸਪੋਰਟਸ ਮੀਡੀਆ ਅਤੇ ਹੋਰ ਅਧਿਕਾਰੀ ਜੋ ਖੇਡ ਸਮਾਰੋਹਾਂ ਦੇ ਪ੍ਰਬੰਧ ਵਿੱਚ ਲਗੇ ਹੋਏ ਹਨ।

ਖੇਡਾਂ ਦਾ ਖੇਤਰ ਨੌਜਵਾਨਾਂ ਲਈ ਵੱਡਾ ਰੋਜ਼ਗਾਰ ਅਤੇ ਖੇਡਾਂ ਦੇ ਵਾਤਾਵਰਣ ਨਾਲ ਸਬੰਧਿਤ ਵੱਖ-ਵੱਖ ਵਪਾਰਕ ਗਤੀਵਿਧੀਆਂ ਪ੍ਰਦਾਨ ਕਰਕੇ ਭਾਰਤ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਲਗਭਗ 500 ਅਰਬ ਡਾਲਰ ਦੇ ਵਿਸ਼ਵਵਿਆਪੀ ਮੁੱਲ ਨਾਲ, ਖੇਡਾਂ ਦੇ ਖੇਤਰ ਵਿੱਚ ਅਣਗਿਣਤ ਉੱਦਮੀ ਮੌਕਿਆਂ ਦੀ ਪੇਸ਼ਕਸ਼ ਕਰਕੇ ਖੇਡ ਉਦਯੋਗ ਨਿਰੰਤਰ ਵਿਕਾਸ ਕਰ ਰਿਹਾ ਹੈ। ਐੱਨਸੀਐੱਸਐੱਸਆਰ (NCSSR) ਅਤੇ ਆਰਜੀਐੱਨਆਈਵਾਈਡੀ (RGNIYD) ਦੁਆਰਾ ਪ੍ਰੋਗਰਾਮਾਂ ਦੀ ਪੜ੍ਹਾਈ ਕਰਨ ਵਾਲੇ ਉਨ੍ਹਾਂ ਦੀ ਖੇਡਾਂ ਦੇ ਖੇਤਰ ਵਿੱਚ ਮੰਗ ਵਧਣ ਦੇ ਨਾਲ-ਨਾਲ ਸਟਾਰਟ-ਅਪਸ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਖੁੱਲ੍ਹੇ ਰੋਜ਼ਗਾਰ ਬਜ਼ਾਰ ਵਿੱਚ ਵੱਖ-ਵੱਖ ਪੇਸ਼ੇਵਰ ਭੂਮਿਕਾਵਾਂ ਦੀ ਵੀ ਪੇਸ਼ਕਸ਼ ਕਰਦਾ ਹੈ। ਖੇਡ ਉਦਯੋਗ ਨਾਲ ਜੁੜੇ ਕੁਝ ਸੰਭਾਵੀ ਸਟਾਰਟ-ਅਪਸ ਵਿੱਚ ਸ਼ਾਮਲ ਹਨ: ਹੋਰਨਾਂ ਤੋਂ ਇਲਾਵਾ ਫੋਟੋਗ੍ਰਾਫੀ, ਮੀਡੀਆ ਪ੍ਰਬੰਧਨ, ਪ੍ਰਚੂਨ ਸਟੋਰ, ਸਪੋਰਟਸ ਰਾਈਟਿੰਗ, ਸਪੋਰਟਸ ਕਲੱਬ, ਜਿਮਨੇਜ਼ੀਅਮ, ਸਪੋਰਟਸ ਰੇਡੀਓ, ਪੀਆਰ ਏਜੰਸੀ, ਮੁਕਾਬਲੇ ਆਯੋਜਕ, ਸਪੋਰਟਸ ਕੋਚਿੰਗ, ਅਤੇ ਨਿਜੀ ਟ੍ਰੇਨਰ, ਫਿਟਨਸ ਮਾਹਿਰ, ਡਾਇਟੀਸ਼ੀਅਨ, ਕੋਚਿੰਗ ਅਕੈਡਮੀਆਂ, ਖੇਡ ਸਿਖਲਾਈ ਕੇਂਦਰ, ਮਾਰਸ਼ਲ ਆਰਟਸ, ਖੇਡ ਸਕੂਲ, ਖੇਡ ਬੁਨਿਆਦੀ ਢਾਂਚਾ ਕੰਪਨੀਆਂ, ਖੇਡ ਉਪਕਰਣ ਨਿਰਮਾਣ, ਖੇਡਾਂ ਦੇ ਥੀਮਡ ਰੈਸਟੋਰੈਂਟ, ਖੇਡ ਸੁਵਿਧਾਵਾਂ ਸਥਾਪਿਤ ਕਰਨ ਲਈ ਸਲਾਹ, ਖੇਡ ਕੈਂਪ, ਖੇਡ ਮੁਕਾਬਲੇ/ਲੀਗ ਆਯੋਜਕ, ਦੌੜ ਆਯੋਜਕ, ਸਮਰ ਕੈਂਪ, ਸਵੀਮਿੰਗ ਪੂਲ ਸੁਵਿਧਾਵਾਂ, ਸਪੋਰਟਸ ਬਲੌਗਰਸ, ਸਪੋਰਟਸ ਐਪ ਡਿਵੈਲਪਰ, ਸਪੋਰਟਸ ਮੈਗਜ਼ੀਨ ਪ੍ਰਕਾਸ਼ਕ, ਸਪੋਰਟਸ ਵੈਬਸਾਈਟ ਡਿਵੈਲਪਰ, ਯੂ–ਟਿਊਬ ਟ੍ਰੇਨਰ, ਸਪੋਰਟਸ ਗਾਰਮੈਂਟਸ ਅਤੇ ਐਕਸੈਸਰੀਜ਼ ਨਿਰਮਾਤਾ, ਸਪੋਰਟਸ ਵੀਡੀਓ ਗੇਮਜ਼ ਡਿਵੈਲਪਰ, ਸਪੋਰਟਸ ਥੈਰਾਪਿਸਟ, ਸਪੋਰਟਸ ਈਵੈਂਟਸ ਮੈਨੇਜਮੈਂਟ, ਕਰਮਚਾਰੀ ਇਨਗੇਜਮੈਂਟ ਵਜੋਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਾਰਪੋਰੇਟ ਅਦਾਰਿਆਂ ਨਾਲ ਭਾਈਵਾਲੀ।

ਇਹ ਕੋਸ਼ਿਸ਼ਾਂ ਅਜਿਹੇ ਨੌਜਵਾਨਾਂ ਨੂੰ ਸ਼ਾਨਦਾਰ ਮੌਕੇ ਮੁਹੱਈਆ ਕਰਵਾਉਣਗੀਆਂ, ਜੋ ਖਿਡਾਰੀ ਬਣਨਾ ਚਾਹੁੰਦੇ ਹਨ ਜਾਂ ਖੇਡਾਂ ਦੇ ਖੇਤਰ ਵਿੱਚ ਕੋਈ ਕਰੀਅਰ ਬਣਾਉਣਾ ਚਾਹੁੰਦੇ ਹਨ ਅਤੇ ਇਨ੍ਹਾਂ ਪਹਿਲਾਂ ਦੇ ਤਹਿਤ ਖ਼ੁਦ ਨੂੰ ਸਿੱਖਿਅਤ ਤੇ ਟ੍ਰੇਨ ਕਰ ਸਕਦੇ ਹਨ।

(ਇਸ ਲੇਖ ਦੇ ਲੇਖਕ ਨਿਸਿਥ ਪ੍ਰਮਾਣਿਕ, ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਅਤੇ ਗ੍ਰਹਿ ਰਾਜ ਮੰਤਰੀ ਹਨ।)

Share this Article
Leave a comment