ਕੋਲਕਾਤਾ: ਕਲਕੱਤਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਪੱਛਮੀ ਬੰਗਾਲ ਦੇ ਸੀਨੀਅਰ ਮੰਤਰੀ ਪਾਰਥਾ ਚੈਟਰਜੀ ਨੂੰ ਅਸਥਾਈ ਰਾਹਤ ਦਿੰਦੇ ਹੋਏ ਬੁੱਧਵਾਰ ਨੂੰ ਪਹਿਲਾਂ ਦੇ ਹੁਕਮ ‘ਤੇ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਹੈ। ਇਸ ਹੁਕਮ ਵਿੱਚ ਚੈਟਰਜੀ ਨੂੰ ਇੱਕ ਮਾਮਲੇ ਵਿੱਚ ਸੀਬੀਆਈ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਪਾਰਥਾ ਚੈਟਰਜੀ ‘ਤੇ ਰਾਜ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਹਾਇਕ ਅਧਿਆਪਕਾਂ ਦੀ ਨਿਯੁਕਤੀ ਵਿੱਚ ਬੇਨਿਯਮੀਆਂ ਦਾ ਦੋਸ਼ ਹੈ। ਅਦਾਲਤ ਨੇ ਇਸ ਮਾਮਲੇ ਨਾਲ ਜੁੜੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਰੋਕ ਲਗਾ ਦਿੱਤੀ ਹੈ। ਜਸਟਿਸ ਸੁਵਰਤ ਤਾਲੁਕਦਾਰ ਅਤੇ ਏ ਕੇ ਮੁਖਰਜੀ ਦੇ ਡਿਵੀਜ਼ਨ ਬੈਂਚ ਨੇ ਦੋਸ਼ਾਂ ਦੀ ਜਾਂਚ ਲਈ ਅਦਾਲਤ ਦੇ ਇੱਕ ਹੋਰ ਡਿਵੀਜ਼ਨ ਬੈਂਚ ਦੁਆਰਾ ਪਹਿਲਾਂ ਨਿਯੁਕਤ ਕੀਤੀ ਗਈ ਕਮੇਟੀ ਦੀ ਪ੍ਰਧਾਨਗੀ ਤੋਂ ਜਸਟਿਸ (ਸੇਵਾਮੁਕਤ) ਆਰ ਕੇ ਬਾਗ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ।
ਹਾਈ ਕੋਰਟ ਨੇ ਕਮੇਟੀ ਨੂੰ ਗਰੁੱਪ-ਸੀ ਸ਼੍ਰੇਣੀ ਦੇ ਸਹਾਇਕ ਅਧਿਆਪਕਾਂ ਦੀ ਭਰਤੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਕਮੇਟੀ ਗਰੁੱਪ-ਡੀ ਦੀਆਂ ਨਿਯੁਕਤੀਆਂ ਦੀ ਜਾਂਚ ਬਾਰੇ ਆਪਣੀ ਰਿਪੋਰਟ ਪਹਿਲਾਂ ਹੀ ਸੌਂਪ ਚੁੱਕੀ ਹੈ।ਹਾਈ ਕੋਰਟ ਦੇ ਬੈਂਚ ਨੇ ਬਾਗ ਕਮੇਟੀ ਨੂੰ 13 ਮਈ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 13 ਮਈ ਨੂੰ ਹੀ ਹੋਵੇਗੀ। ਪਾਰਥਾ ਚੈਟਰਜੀ ਰਾਜ ਦੇ ਸਿੱਖਿਆ ਮੰਤਰੀ ਸਨ ਜਦੋਂ ਅਧਿਆਪਕਾਂ ਦੀਆਂ ਕਥਿਤ ਨਿਯੁਕਤੀਆਂ ਹੋਈਆਂ ਸਨ।