ਗੁਰਬਾਣੀ ਦੀ ਸਰਬਉੱਚਤਾ ਤੇ ਸਤਿਕਾਰ ਦੇ ਇਵਜ ਲਈ ਆਪਣੇ ਪੁੱਤਰ ਨੂੰ ਹੀ ਸਿੱਖ ਪੰਥ ਵਿਚੋਂ ਛੇਕ ਦਿੱਤਾ

TeamGlobalPunjab
8 Min Read

ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਗੁਰਬਾਣੀ ਦੀ ਸਰਬਉੱਚਤਾ ਤੇ ਸਤਿਕਾਰ ਦੇ ਇਵਜ ਲਈ ਆਪਣੇ ਪੁੱਤਰ ਨੂੰ ਹੀ

ਸਿੱਖ ਪੰਥ ਵਿਚੋਂ ਛੇਕ ਦਿੱਤਾ

ਸ਼ਾਹਨ ਸ਼ਹਿ ਹਕ ਨਸਕ ਗੁਰੂ ਕਰਤਾ ਹਰ ਰਾਇ। ਫਰਮਾਂ ਦੇਹ ਨੋਹ ਤਥਕ ਗੁਰੂ ਕਰਤਾ ਹਰ ਰਾਇ। ਗਰਦਨ ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰ ਰਾਇ। ਯਾਰਿ ਮੁਤਜ਼ਰ ਆਂ ਗੁਰੂ ਕਰਤਾ ਹਰ ਰਾਇ।  ਇਹ ਸਤਰਾਂ ਭਾਈ ਨੰਦ ਲਾਲ ਗੋਯਾ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਲਈ ਉਚਾਰੀਆਂ ਜਿਨ੍ਹਾਂ ਦੇ ਭਾਵ ਅਰਥ ਹਨ ਕਿ ਗੁਰੂ ਹਰਿਰਾਇ ਸਾਹਿਬ  ਅਕਾਲ ਪੁਰਖ ਦੀ ਸੋਝੀ ਦੇਣ ਵਾਲੇ ਸ਼ਹਿਨਸ਼ਾਹ, ਨੌਂ ਅਕਾਸ਼ਾਂ ਦੇ ਮਾਲਕ, ਨਿੰਦਕਾਂ ਦੇ ਨਾਸ਼ਕ ਅਤੇ ਨਿਮਾਣੇ ਸੇਵਕਾਂ ਦੀ ਮਦਦ ਕਰਨ ਵਾਲੇ ਹਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ 26 ਫਰਵਰੀ 1630 ਈਸਵੀ ਨੂੰ ਮਾਤਾ ਨਿਹਾਲ ਕੌਰ ਜੀ ਕੁੱਖੋਂ  ਬਾਬਾ ਗੁਰਦਿੱਤਾ ਜੀ ਦੇ ਗ੍ਰਹਿ, ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਵਿਖੇ ਹੋਇਆ ਜਿੱਥੇ ਅੱਜਕੱਲ ਇੱਕ ਸੁੰਦਰ ਗੁਰਦੁਆਰਾ ਸ਼ੀਸ਼ ਮਹਿਲ ਸੁਸ਼ੋਭਿਤ ਹੈ। ਕਈ ਇਤਿਹਾਸਕਾਰ ਆਪ ਦਾ ਜਨਮ 13 ਜਨਵਰੀ, 1630 ਵੀ ਮੰਨਦੇ ਹਨ।  ਆਪ ਦੀ ਧਾਰਮਿਕ ਅਤੇ ਸ਼ਸ਼ਤਰ ਵਿਦਿਆ ਦੀ ਸਿੱਖਲਾਈ ਦਾਦਾ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਿਗਰਾਨੀ ਵਿੱਚ ਹੋਈ। ਆਪ ਦਇਆ, ਪ੍ਰੇਮ ਤੇ ਕੋਮਲਤਾ ਦੇ ਮੁਜੱਸਮੇ ਸਨ।  ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਇੱਕ ਬਾਗ ਲਗਾਇਆ ਸੀ ਜਿਸ ਨੂੰ ‘ਨੌ ਲੱਖਾ ਬਾਗ ‘ਕਿਹਾ ਜਾਂਦਾ ਸੀ ਜਿਸ ਵਿੱਚ ਵਿਭਿੰਨ ਪ੍ਰਕਾਰ ਦੇ ਬੇਸ਼ਕੀਮਤੀ ਫੁੱਲ, ਪੋਦੇ ਤੇ ਜੜੀ ਬੂਟੀਆਂ ਦੀ ਭਰਮਾਰ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ  ਬਾਗ ਵਿੱਚ ਟਹਿਲਦਿਆਂ ਗੁਰੂ ਹਰਿ ਰਾਏ ਸਾਹਿਬ ਦੇ ਅੰਗ ਰੱਖੇ ਨਾਲ ਅੜ ਕੇ ਫੁੱਲ ਡਾਲੀ ਨਾਲੋਂ ਟੁੱਟ ਗਿਆ ਆਪ ਦਾ ਕੋਮਲ ਹਿਰਦਾ ਇਹ ਦੇਖ ਦ੍ਰਵਿਤ ਹੋ ਗਿਆ। ਦਾਦਾ ਗੁਰੂ ਦੇ ਸਮਝਾਉਣ ਤੇ ਆਪ ਸ਼ਾਤ ਹੋਏ। 20 ਆਪ ਨੇ ਵੀ ਇਸ ਬਾਗ ਦੀ ਸੰਭਾਲ ਬਹੁਤ ਪਿਆਰ ਕੀਤੀ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਪੰਛੀ ਤੇ ਜੰਗਲੀ ਜਾਨਵਾਰਾਂ ਨੂੰ ਵੀ ਸ਼ਾਮਿਲ ਕੀਤਾ। ਆਪ ਜੀ ਨੇ 1640 ਈਸਵੀ ਵਿੱਚ ਅਨੂਪ ਸ਼ਹਿਰ ਜਿਲ੍ਹਾ ਬਲੰਦ ਸ਼ਹਿਰ ਨਿਵਾਸੀ ਕੋਟ ਕਲਿਆਣੀ ਤੇ ਕ੍ਰਿਸ਼ਨ ਕੌਰ ਜੀ ਨਾਲ ਗ੍ਰਿਹਸਤ ਜੀਵਨ ਸ਼ੁਰੂ ਕੀਤਾ। ਆਪ ਜੀ ਦੇ ਦੋ ਸਪੁੱਤਰ ਬਾਬਾ ਰਾਮਰਾਇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿਛੋਂ 1644 ਈ: ਵਿੱਚ  ਆਪ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ। ਆਪ ਜੀ ਨਾਲ ਉੱਚ-ਕੋਟੀ ਦੇ ੨੨੦੦ ਬਹਾਦਰ ਸਿੱਖ ਸੂਰਮੇ ਹਮੇਸ਼ਾਂ ਆਪ ਨਾਲ ਰਹਿੰਦੇ ਸਨ ਜੋ ਸਿੱਖ ਪੰਥ ਦਾ ਜੁਝਾਰੂ ਰੂਪ ਦੇ ਪ੍ਰਤੀਕ ਵੀ ਸਨ, ਗੁਰੂ ਸਾਹਿਬ ਨੂੰ ਕਿਸੇ ਨਾਲ ਜੰਗ ਕਰਨ ਦੀ ਜ਼ਰੂਰਤ ਨਹੀਂ ਪਈ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਪਰ ਹਮਲਾਵਰ ਦਾ ਮੁੰਹ ਤੋੜ ਜਵਾਬ ਜ਼ਰੂਰ ਦਿੱਤਾ ਹੈ।

ਗੁਰੂ ਹਰਿ ਰਾਇ ਸਾਹਿਬ ਜੀ ਬਹੁਤ ਦਿਆਲੂ ਵੀ ਸਨ ਆਪ ਕਿਸੇ ਸਵਾਲੀ ਜਾਂ ਸ਼ਰਣ ਆਏ ਨੂੰ ਕਦੇ ਜਵਾਬ ਨਹੀਂ ਸੀ ਦਿੰਦੇ। ਗੁਰੂ ਸਾਹਿਬ ਨੇ ਦੀਨ ਦੁਖੀਆਂ, ਬਿਮਾਰਾਂ ਤੇ ਨਿਆਸਰਿਆਂ ਲਈ ਕੀਰਤਪੁਰ ਸਾਹਿਬ ਵਿਖੇ ਇੱਕ ਦਵਾਖਾਨਾ ਵੀ ਖੋਲਿਆ ਜਿਸ ਵਿਚ ਵਿੱਚ ਬਹੁਕੀਮਤੀ ਅਤੇ ਜੀਵਨਦਾਇਕ  ਔਸ਼ਧੀਆਂ ਹਰ ਸਮੇਂ ਉਪਲੱਬਧ ਰਹਿੰਦੀਆਂ ਸਨ। ਜਦੋਂ ਇੱਕ ਵਾਰ ਬਾਦਸ਼ਾਹ, ਸ਼ਾਹ ਜਹਾਨ ਦਾ ਬੇਟਾ ਦਾਰਾਸ਼ਿਕੋਹ ਬਹੁਤ ਬਿਮਾਰ ਹੋਇਆ ਤਾਂ ਹਕੀਮਾਂ ਨੇ ਬਾਦਸ਼ਾਹ ਤੋਂ ਵਿਸ਼ੇਸ਼ ਦਵਾਈ ਬਣਾਉਣ ਹਿਤ ਦਸ ਤੋਲੇ ਦੀ ਹਰੜ ਅਤੇ ਨੌ ਮਾਸੇ ਦੇ ਲੋਂਗ ਆਦਿ ਵਸਤੂਆਂ ਦੀ ਮੰਗ ਕੀਤੀ ਪ੍ਰੰਤੂ ਇਹ ਚੀਜਾਂ ਕਿਤੋਂ ਨਾ ਮਿਲੀਆਂ। ਫਿਰ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਇਹ ਅਲੱਭ ਬੇਸ਼ਕਿਮਤੀ ਵਸਤੂਆਂ ਗੁਰੂ ਹਰਿ ਰਾਇ ਸਾਹਿਬ ਕੋਲੋਂ ਮਿਲ ਸਕਦੀਆਂ ਹਨ। ਬਾਦਸ਼ਾਹ ਨੇ ਆਪਣੇ ਵਜੀਰਾਂ ਨੂੰ ਇਹ ਅਮੋਲਕ ਵਸਤਾਂ ਲੈਣ ਲਈ ਕੀਰਤਪੁਰ ਸਾਹਿਬ ਭੇਜਿਆ ਜਿਨ੍ਹਾਂ ਨੇ ਗੁਰੂ ਜੀ ਨੂੰ ਉਨ੍ਹਾਂ ਵਸਤੂਆਂ ਨਮਿਤ ਬੇਨਤੀ ਕੀਤੀ, ਭਾਵੇਂ  ਮੁਗਲਾਂ ਨਾਲ ਗੁਰੂ ਘਰ ਦੇ ਸਬੰਧ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਸਹਿਜ ਚੱਲ ਰਹੇ ਸਨ। ਇੱਥੋਂ ਤਕ ਕੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਤਾਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਤਕ ਕੀਤਾ ਸੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਕੀਤਾ ਸੀ ਪਰ ਫਿਰ ਵੀ ਗੁਰੂ ਹਰਿ ਰਾਇ ਸਾਹਿਬ ਨੇ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ। ਦਾ ਅਨੁਸਰਣ ਕਰਦਿਆਂ ਗੁਰੂ ਜੀ ਨੇ ਇਹ ਅਲੱਭ ਤੇ ਬੇਸ਼ਕੀਮਤੀ ਵਸਤੂਆਂ ਸ਼ਰਣ ਆਇਆਂ ਦੀ ਝੋਲੀ ਪਾਈਆਂ। ਜਦੋਂ ਬਿਮਾਰ ਦਾਰਾ ਸ਼ਿਕੋਹ ਤੰਦਰੁਸਤ ਹੋਇਆ ਤਾਂ ਉਹ ਵਿਸ਼ੇਸ਼ ਰੂਪ ਵਿੱਚ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਆਇਆ। ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੱਕ ਵਾਰ ਕੁਠਾੜ ਵਾਲਾ ਰਾਣਾ ਗੁਰੂ ਸਾਹਿਬ ਦੀ ਸ਼ਰਣ ਨਿਡਾਲ ਅਵਸਥਾ ਵਿੱਚ ਆਇਆ। ਉਹ ਇੱਕ ਝੋਲੇ ਨਾਮ ਦੀ ਬਿਮਾਰੀ ਤੋਂ ਗ੍ਰਸਤ ਸੀ। ਗੁਰੂ ਜੀ ਦੀ ਰਹਿਮਤ ਸਦਕਾ ਉਹ ਘੋੜੇ ’ਤੇ ਸਵਾਰ ਹੋ ਕੇ ਵਾਪਸ ਗਿਆ।

- Advertisement -

ਗੁਰੂ ਹਰਿਰਾਇ ਸਾਹਿਬ ਜਿੱਥੇ ਨਰਮ ਅਤੇ ਕੋਮਲ ਸੁਭਾਅ ਦੇ ਮਾਲਕ ਸਨ ਉੱਥੇ ਗੁਰਮਤਿ ਸਿਧਾਂਤਾਂ ਦੀ ਪਾਲਣਾ ਵੀ ਦ੍ਰਿੜਤਾ ਨਾਲ ਕਰਦੇ ਸਨ। ਜਦੋਂ ਗੂਰੁ ਸਾਹਿਬ ਨੂੰ ਆਪਣੇ ਪੁੱਤਰ 40 ਬਾਬਾ ਰਾਮ ਰਾਏ ਦੀ ਉਸ ਘਟਨਾ ਦਾ ਪਤਾ ਲੱਗਿਆ ਕਿ ਉਸ ਨੇ ਔਰੰਗਜੇਬ ਦੇ ਦਰਬਾਰ ਵਿੱਚ ਵਿਭਿੰਨ ਕਰਾਮਾਂਤਾ ਦੇ ਨਾਲ ਨਾਲ ਇਲਾਹੀ ਬਾਣੀ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ  ਨੂੰ ਬਦਲ ਕੇ ਮਿਟੀ ਬਈਮਾਨ ਕੀ ਪੇੜੈ ਪਈ ਕੁਮਿਆਰ ਕਰ ਕੇ ਉਚਾਰਿਆ ਹੈ ਤਾਂ ਸ੍ਰੀ ਗੁਰੂ ਹਰਿ ਰਾਇ ਜੀ ਰੋਹ ’ਚ ਆਏ ਤੇ ਹੁਕਮ ਕੀਤਾ ਕਿ ਰਾਮ ਰਾਇ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਬਦਲੇ ਹਨ ਇਸ ਲਈ ਉਹ ਹੁਣ ਸਾਡਾ ਕੁਝ ਨਹੀਂ ਲੱਗਦਾ, ਉਹ ਸਾਨੂੰ ਆਪਣੀ ਸ਼ਕਲ ਨਾ ਦਿਖਾਏ। ਇੱਥੋਂ ਤਕ ਗੁਰੂ ਸਾਹਿਬ ਵਲੋਂ  ਸਿੱਖ ਸੰਗਤਾਂ ਨੂੰ ਇਸ ਸਬੰਧੀ ਹੁਕਮਨਾਮੇ ਜਾਰੀ ਕੀਤੇ ਗਏ ਕਿ ਕੋਈ ਵੀ ਸਿੱਖ ਸੰਗਤ, ਰਾਮ ਰਾਇ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਜੋਲ ਨਾ ਰੱਖੇ।

ਗੁਰੂ ਨਾਨਕ ਦੀ ਇਸੇ ਜੋਤ ਨੇ ਪਹਿਲੇ ਜਾਮੇ ਵਿੱਚ ਪੁੱਤਰ ਮੋਹ ਤੋਂ ਉਪਰ ਉਠਦਿਆਂ ਗੁਰਗੱਦੀ ਲਹਿਣੇ ਨੂੰ ਦਿੱਤੀ ਤੇ ਸੱਤਵੇਂ ਜਾਮੇ ਵਿੱਚ ਵੀ ਪੁੱਤਰ ਮੋਹ ਨਾਲੋਂ ਪਰਮੇਸਰ ਦੇ ਇਲਾਹੀ ਬਾਣੀ ਨੂੰ ਪ੍ਰਮੁੱਖਤਾ ਦਿੱਤੀ ਜੋ ਸਾਡੇ ਲਈ ਇੱਕ ਮਿਸਾਲ ਵੀ ਹੈ ਤੇ ਪਹਿਲੀ ਤੇ ਸੱਤਵੀਂ ਜੋਤ ਦੀ ਇੱਕਰੂਪਤਾ ਦੀ ਪ੍ਰਤੱਖ ਉਦਾਹਰਣ ਵੀ । ਆਪ ਨੇ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉੱਤੇ ਬਿਠਾਉਣ ਦੀ ਰਸਮ ਅਦਾ ਕੀਤੀ। 1661 ਈਸਵੀ ਨੂੰ ਆਪ ਪੰਜ ਭੌਤਿਕ ਸਰੀਰ ਛੱਡ, ਅਕਾਲ ਜੋਤ ਵਿੱਚ ਲੀਨ ਹੋ ਗਏ।

ਨਾਨਕਸ਼ਾਹੀ ਕਲੰਡਰ ਅਨੁਸਾਰ ਅੱਜ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਜੋ ਕਿ ਸਮੂਹ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਸਾਡੇ ਪ੍ਰਕਾਸ਼ ਦਿਹਾੜੇ ਮਨਾਉਂਣੇ  ਤਾਂ ਹੀ ਸਫਲ  ਹੋਣਗੇ  ਜੇਕਰ ਅਸੀਂ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਆਪਣੀ ਜੀਵਨ ਜਾਂਚ ਦਾ ਅੰਗ ਬਣਾਵਾਂਗੇ। ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ’ਤੇ ਜਿੱਥੇ ਸਾਨੂੰ ਉਨ੍ਹਾਂ ਦੀਆਂ ਹੋਰ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਉਥੇ ਗੁਰਮਤਿ ਸਿਧਾਂਤ ’ਤੇ ਪਹਿਰਾ ਦੇਣ ਵਾਲੀ ਮਿਸਾਲ ਤੋਂ ਵੀ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ।

Share this Article
Leave a comment