ਫਰਨੀਚਰ ਤੇ ਵਾਸ਼ਿੰਗ ਮਸ਼ੀਨ ‘ਚ ਲੁਕ ਕੇ ਅਮਰੀਕਾ ਦਾਖਲ ਹੋ ਰਹੇ 11 ਪ੍ਰਵਾਸੀ ਕਾਬੂ

TeamGlobalPunjab
2 Min Read

ਮੈਕਸੀਕੋ: ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਲਈ ਲੋਕ ਅਕਸਰ ਮੈਕਸੀਕੋ ਸਰਹੱਦ ਦਾ ਸਹਾਰਾ ਲੈਂਦੇ ਹਨ। ਕਈ ਵਾਰ ਲੋਕਾਂ ਨੂੰ ਟਰਾਂਸਪੋਰਟ ‘ਚ ਲੁਕ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ ਫੜਿਆ ਗਿਆ ਹੈ। ਕੁਝ ਚੀਨੀ ਲੋਕ ਵੀ ਮੈਕਸੀਕੋ ਦੀ ਸਰਹੱਦ ‘ਤੇ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦੇ ਸਨ। ਇਨਾਂ ਲੋਕਾਂ ਨੇ ਅਮਰੀਕਾ ਵਿੱਚ ਦਾਖਲ ਹੋਣ ਲਈ ਅਜੀਬ ਤਰੀਕੇ ਅਪਣਾਏ ਕੋਈ ਫਰਨੀਚਰ ਵਿੱਚ ਲੁੱਕਿਆ ਹੋਇਆ ਸੀ ਤਾਂ ਕੋਈ ਵਾਸ਼ਿੰਗ ਮਸ਼ੀਨ ਦੇ ਅੰਦਰ ਬੰਦ ਸੀ।

ਅਮਰੀਕਾ-ਮੈਕਸੀਕੋ ਦੀ ਸਰਹੱਦ ਤੋਂ 11 ਚੀਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਜਦੋਂ ਇੱਕ ਟਰੱਕ ਮੈਕਸੀਕੋ ਤੋਂ ਅਮਰੀਕਾ ਜਾ ਰਿਹਾ ਸੀ ਉਦੋਂ ਅਧਿਕਾਰੀਆਂ ਨੇ ਉਸ ਵਿੱਚ ਲੱਦੇ ਫਰਨੀਚਰ ਤੇ ਹੋਰ ਸਾਮਾਨ ‘ਚ ਲੁਕੇ ਚੀਨੀਆਂ ਨੂੰ ਕਾਬੂ ਕਰ ਲਿਆ। ਟਰੱਕ ਦਾ ਡਰਾਈਵਰ ਇੱਕ ਅਮਰੀਕੀ ਨਾਗਿਰਕ ਸੀ ਜਿਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕਿਹਾ ਕਿ 11 ਚੀਨੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ‘ਤੇ ਅਪਰਾਧਿਕ ਮਾਮਲਾ ਚਲਾਇਆ ਜਾ ਰਿਹਾ ਹੈ।

ਦੱਸ ਦੇਈਏ ਅਮਰੀਕਾ ਤੇ ਚੀਨ ਵਿੱਚ ਚੱਲ ਰਹੀ ਟ੍ਰੇਡ ਵਾਰ ਦੇ ਚਲਦਿਆਂ ਚੀਨ ਦੇ ਲੋਕਾਂ ਨੂੰ ਅਮਰੀਕਾ ਦਾ ਵੀਜ਼ਾ ਲੈਣ ‘ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਨੇ ਚੀਨ ‘ਚ ਮੁਸਲਮਾਨਾਂ ਨੂੰ ਕੈਦ ਕੀਤੇ ਜਾਣ ਨੂੰ ਲੈ ਕੇ ਚੀਨੀ ਅਧਿਕਾਰੀਆਂ ਨੂੰ ਵੀ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਸੀ। ਅਮਰੀਕਾ ਕਈ ਵਾਰ ਚੀਨ ਦੀਆਂ ਜੇਲ੍ਹਾਂ ਵਿੱਚ ਬੰਦ ਮੁਸਲਮਾਨਾਂ ਦਾ ਵੀ ਜ਼ਿਕਰ ਕਰ ਚੁੱਕਿਆ ਹੈ ।

Share this Article
Leave a comment